ਕਲੀਸਿਆ ਦੇ ਧਰਮ ਸਿਧਾਂਤ ਅਤੇ ਅਭਿਆਸ
ਕਲੀਸਿਆ ਦੇ ਧਰਮ ਸਿਧਾਂਤ ਅਤੇ ਅਭਿਆਸ
Audio Course Purchase

Search Course

Type at least 3 characters to search

Search through all lessons and sections in this course

Searching...

No results found

No matches for ""

Try different keywords or check your spelling

results found

Lesson 10: ਬਪਤਿਸਮਾ

1 min read

by Stephen Gibson


ਬਪਤਿਸਮੇ ਦੀ ਰੀਤ ਦੀ ਸ਼ੁਰੂਆਤ

► ਇੱਕ ਵਿਦਿਆਰਥੀ ਨੂੰ ਸਮੂਹ ਦੇ ਲਈ ਮੱਤੀ 3:1-12 ਪੜਣਾ ਚਾਹੀਦਾ ਹੈ।

ਨਵੇਂ ਨੇਮ ਦੇ ਵਿੱਚ ਯੂਹੰਨਾ ਬਪਤਿਸਮਾ ਦੇਣ ਵਾਲਾ ਬਪਤਿਸਮੇ ਦੀ ਧਾਰਨਾ ਦੇ ਨਾਲ ਸਾਡੀ ਜਾਣ-ਪਛਾਣ ਕਰਾਉਂਦਾ ਹੈ। ਪਰ ਫਿਰ ਵੀ, ਬਪਤਿਸਮੇ ਦੀ ਧਾਰਨਾ ਨੂੰ ਯੂਹੰਨਾ ਨੇ ਸ਼ੁਰੂ ਨਹੀਂ ਕੀਤਾ ਸੀ। ਫ਼ਰੀਸੀ ਲੋਕ ਪਰਾਈਆਂ ਕੌਮਾਂ ਤੋਂ ਯਹੂਦੀਅਤ ਦੇ ਨਾਲ ਜੁੜਣ ਵਾਲੇ ਲੋਕਾਂ ਨੂੰ ਬਪਤਿਸਮਾ ਦਿੰਦੇ ਸਨ। ਫ਼ਰੀਸੀ ਯਹੂਦੀਆਂ ਨੂੰ ਬਪਤਿਸਮਾ ਨਹੀਂ ਦਿੰਦੇ ਸਨ ਕਿਉਂਕਿ ਉਹ ਮੰਨਦੇ ਸਨ ਕਿ ਯਹੂਦੀ ਪਹਿਲਾਂ ਤੋਂ ਹੀ ਪਰਮੇਸ਼ੁਰ ਦੇ ਲੋਕ ਹਨ। ਯੂਹੰਨਾ ਦੀ ਰੀਤ ਅਲੱਗ ਸੀ ਕਿਉਂਕਿ ਉਹ ਯਹੂਦੀਆਂ ਨੂੰ ਬਪਤਿਸਮਾ ਦਿੰਦਾ ਸੀ।

► ਯੂਹੰਨਾ ਨੇ ਕਿੰਨਾਂ ਲੋਕਾਂ ਨੂੰ ਬਪਤਿਸਮਾ ਦੇਣ ਤੋਂ ਇਨਕਾਰ ਕੀਤਾ? ਅਤੇ ਕਿਉਂ? ਇਸ ਤੋਂ ਸਾਨੂੰ ਬਪਤਿਸਮੇ ਦੀਆਂ ਮੰਗਾਂ ਦੇ ਬਾਰੇ ਕੀ ਪਤਾ ਲੱਗਦਾ ਹੈ?

ਕੁਝ ਫ਼ਰੀਸੀ ਯੂਹੰਨਾ ਦੇ ਕੋਲ ਬਪਤਿਸਮਾ ਲੈਣ ਦੇ ਲਈ ਆਏ, ਪਰ ਯੂਹੰਨਾ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਨ੍ਹਾਂ ਦੇ ਤੌਬਾ ਨਹੀਂ ਕੀਤੀ ਸੀ।

ਫ਼ਰੀਸੀਆਂ ਨੇ ਸੋਚਿਆ ਕਿ ਉਨ੍ਹਾਂ ਨੂੰ ਤੌਬਾ ਕਰਨ ਅਤੇ ਮਾਫ਼ ਕੀਤੇ ਜਾਣ ਦੀ ਲੋੜ ਨਹੀਂ ਹੈ ਕਿਉਂਕਿ ਉਹ ਯਹੂਦੀ ਸਨ। ਯੂਹੰਨਾ ਚਾਹੁੰਦਾ ਸੀ ਕਿ ਉਹ ਸਮਝਣ ਕਿ ਪਰਮੇਸ਼ੁਰ ਦੇ ਅਸਲੀ ਲੋਕ ਉਹ ਹਨ ਜੋ ਉਸ ਨੂੰ ਪਿਆਰ ਕਰਦੇ ਹਨ ਅਤੇ ਉਸਦੀ ਸੇਵਾ ਕਰਦੇ ਹਨ। ਜਿਹੜੇ ਲੋਕ ਯਹੂਦੀ ਵਜੋਂ ਜਨਮ ਲੈਣ ਕਰਕੇ ਪਰਮੇਸ਼ੁਰ ਦੇ ਲੋਕ ਹੋਣ ਦਾ ਦਾਅਵਾ ਕਰਦੇ ਹਨ ਉਹ ਅਜਿਹੇ ਰੁੱਖਾਂ ਵਰਗੇ ਹਨ ਜੋ ਫਲ ਨਹੀਂ ਦਿੰਦੇ। ਪਰਮੇਸ਼ੁਰ ਉਨ੍ਹਾਂ ਨੂੰ ਰੱਦ ਕਰ ਦਿੰਦਾ ਹੈ।

► ਇੱਕ ਵਿਦਿਆਰਥੀ ਨੂੰ ਸਮੂਹ ਦੇ ਲਈ ਯੂਹੰਨਾ 3:22-23 ਅਤੇ ਯੂਹੰਨਾ 4:1-2 ਪੜਣਾ ਚਾਹੀਦਾ ਹੈ।

ਜ਼ਾਹਿਰ ਤੌਰ ਤੇ ਯਿਸੂ ਨੇ ਆਪਣੀ ਸੇਵਕਾਈ ਦੇ ਵਿੱਚ ਬਪਤਿਸਮੇ ਦੇ ਖਾਸ ਜ਼ੋਰ ਦਿੱਤਾ। ਯਿਸੂ ਆਪ ਬਪਤਿਸਮਾ ਨਹੀਂ ਦਿੰਦਾ ਸੀ, ਪਰ ਉਸਨੇ ਇਹ ਜਿੰਮੇਵਾਰੀ ਚੇਲ੍ਹਿਆਂ ਨੂੰ ਦਿੱਤੀ ਸੀ। ਉਨ੍ਹਾਂ ਨੇ ਯੂਹੰਨਾ ਨਾਲੋਂ ਵੀ ਜਿਆਦਾ ਲੋਕਾਂ ਨੂੰ ਬਪਤਿਸਮੇ ਦਿੱਤੇ।

► ਇੱਕ ਵਿਦਿਆਰਥੀ ਨੂੰ ਸਮੂਹ ਦੇ ਲਈ ਮੱਤੀ 28:18-20 ਪੜਣਾ ਚਾਹੀਦਾ ਹੈ।

ਯਿਸੂ ਨੇ ਆਪਣੀ ਧਰਤੀ ਤੇ ਸੇਵਕਾਈ ਦੇ ਅੰਤ ਦੇ ਸਮੇਂ, ਆਪਣੇ ਚੇਲ੍ਹਿਆਂ ਨੂੰ ਕਿਹਾ ਕਿ ਉਹ ਸੰਸਾਰ ਦੇ ਹਰੇਕ ਸਥਾਨ ਤੇ ਜਾ ਕੇ ਚੇਲ੍ਹੇ ਬਣਾਉਣ। ਉਸਨੇ ਉਨ੍ਹਾਂ ਨੂੰ ਬਪਤਿਸਮਾ ਦੇਣ ਦੇ ਲਈ ਕਿਹਾ।

ਅਸੀਂ ਜਾਣਦੇ ਹਾਂ ਕਿ ਇਹ ਹੁਕਮ ਸਿਰਫ਼ ਰਸੂਲਾਂ ਦੇ ਲਈ ਹੀ ਨਹੀਂ ਸੀ, ਕਿਉਂਕਿ ਇਸ ਮਿਸ਼ਨ ਨੂੰ ਪੂਰਾ ਕਰਨ ਦੇ ਵਿੱਚ ਕਈ ਸਦੀਆਂ ਲੱਗਣੀਆਂ ਸਨ। ਯਿਸੂ ਨੇ ਉਨ੍ਹਾਂ ਦੇ ਨਾਲ ਵਾਇਦਾ ਕੀਤਾ ਉਹ “ਅੰਤ ਤੱਕ” ਉਨ੍ਹਾਂ ਦੇ ਨਾਲ ਹੋਵੇਗਾ, ਜੋ ਇਸ ਗੱਲ ਨੂੰ ਵਿਖਾਉਂਦਾ ਹੈ ਕਿ ਇਹ ਹੁਕਮ ਅਤੇ ਵਾਇਦਾ ਆਉਣ ਵਾਲੀਆਂ ਪੀੜ੍ਹੀਆਂ ਦੀ ਕਲੀਸਿਆ ਦੇ ਲਈ ਸਨ।

ਅਸੀਂ ਨਵੇਂ ਨੇਮ ਦੀਆਂ ਪੱਤ੍ਰੀਆਂ ਤੋਂ ਵੇਖਦੇ ਹਾਂ ਕਿ ਪਹਿਲੀ ਸਦੀ ਦੀ ਕਲਿਸਿਆ ਨੇ ਇਸ ਹੁਕਮ ਦੀ ਬਾਅਦ ਦੇ ਵਿੱਚ ਵੀ ਸ਼ਾਬਦਿਕ ਤੌਰ ਤੇ ਪਾਲਣਾ ਕੀਤੀ (ਰਸੂਲਾਂ ਦੇ ਕਰਤੱਬ 2:38, ਰਸੂਲਾਂ ਦੇ ਕਰਤੱਬ 8:38)।

► ਇੱਕ ਵਿਦਿਆਰਥੀ ਨੂੰ ਸਮੂਹ ਦੇ ਲਈ ੧ ਕੁਰਿੰਥੀਆਂ ਨੂੰ 1:12-17 ਪੜਣਾ ਚਾਹੀਦਾ ਹੈ। ਪੌਲੁਸ ਇਸ ਗੱਲ ਦੇ ਪ੍ਰਤੀ ਖੁਸ਼ ਕਿਉਂ ਸੀ ਕਿ ਉਸਨੇ ਕੁਰਿੰਥੁਸ ਦੇ ਵਿੱਚ ਨਿੱਜੀ ਤੌਰ ਤੇ ਜਿਆਦਾ ਲੋਕਾਂ ਨੂੰ ਬਪਤਿਸਮਾ ਨਹੀਂ ਦਿੱਤਾ?

ਬਪਤਿਸਮਾ ਕਲੀਸਿਆ ਦੇ ਵਿੱਚ ਦਾਖਿਲ ਹੋਣ ਦਾ ਚਿੰਨ੍ਹ ਸੀ। ਕੁਰਿੰਥੁਸ ਦੀ ਕਲੀਸਿਆ ਦੇ ਵਿੱਚ ਫੁੱਟ ਪੈ ਚੁੱਕੀ ਸੀ ਅਤੇ ਮੈਂ ਅਲੱਗ-ਅਲੱਗ ਆਗੂਆਂ ਦੇ ਪਿੱਛੇ ਚੱਲ ਰਹੇ ਸਨ। ਪੌਲੁਸ ਨੇ ਉਨ੍ਹਾਂ ਨੂੰ ਯਾਦ ਦਿਵਾਇਆ ਕਿ ਬਪਤਿਸਮੇ ਦਾ ਅਰਥ ਕਿਸੇ ਆਮ ਵਿਅਕਤੀ ਦਾ ਪੈਰੋਕਾਰ ਬਣਨਾ ਨਹੀਂ ਹੈ; ਇਸਦਾ ਅਰਥ ਹੈ ਕਿ ਉਹ ਯਿਸੂ ਦੇ ਪੈਰੋਕਾਰ ਬਣਦੇ ਹਨ। ਉਹ ਇਸ ਗੱਲ ਤੋਂ ਖੁਸ਼ ਸੀ ਕਿ ਉਸਨੇ ਨਿੱਜੀ ਤੌਰ ਤੇ ਉਨ੍ਹਾਂ ਦੇ ਵਿੱਚੋਂ ਜਿਆਦਾਤਰ ਲੋਕਾਂ ਨੂੰ ਬਪਤਿਸਮਾ ਨਹੀਂ ਦਿੱਤਾ ਸੀ, ਤਾਂ ਜੋ ਕੋਈ ਇਹ ਨਾ ਸੋਚੇ ਕਿ ਉਹ ਚਾਹੁੰਦਾ ਹੈ ਕਿ ਉਹ ਉਸਦੇ ਨਿੱਜੀ ਪੈਰੋਕਾਰ ਬਣ ਜਾਣ। ਪੌਲੁਸ ਦੀ ਪ੍ਰਾਥਮਿਕਤਾ ਸ਼ੁਭਸਮਾਚਾਰ ਦਾ ਪ੍ਰਚਾਰ ਕਰਨਾ ਸੀ।

► ਵਚਨ ਦਾ ਇਹ ਭਾਗ ਅਰੰਭਿਕ ਕਲੀਸਿਆ ਦੇ ਵਿੱਚ ਬਪਤਿਸਮੇ ਦੇ ਆਮ ਅਭਿਆਸ ਦੇ ਬਾਰੇ ਕੀ ਜਾਣਕਾਰੀ ਦਿੰਦਾ ਹੈ?

[1]ਵਚਨ ਦਾ ਇਹ ਭਾਗ ਸਾਨੂੰ ਦੱਸਦਾ ਹੈ ਕਿ ਅਰੰਭਿਕ ਕਲੀਸਿਆ ਦੇ ਵਿਸ਼ਵਾਸੀਆਂ ਨੂੰ ਹਰੇਕ ਸਥਾਨ ਤੇ ਬਪਤਿਸਮਾ ਦਿੰਤਾ ਜਾਂਦਾ ਸੀ। ਉਹ ਯਿਸੂ ਦੇ ਹੁਕਮ ਦੀ ਪਾਲਣਾ ਕਰ ਰਹੇ ਸਨ। ਬਪਤਿਸਮਾ ਸਿਰਫ਼ ਇਸਰਾਏਲ ਦੇ ਲੋਕਾਂ ਲਈ ਹੀ ਨਹੀਂ ਸੀ। ਇਹ ਕੋਈ ਅਸਥਾਈ ਰਸਮ ਨਹੀਂ ਸੀ। ਇਸਦੇ ਬਜਾਏ ਜਿੱਥੇ ਕਿਤੇ ਸ਼ੁਭਸਮਾਚਾਰ ਗਿਆ ਉੱਥੇ ਇਹ ਧਾਰਮਿਕ ਰੀਤ ਵੀ ਪੂਰੀ ਕੀਤੀ ਗਈ।

ਸ਼ੁਰੂਆਤ ਤੋਂ ਹੀ ਕਲੀਸਿਆ ਨੇ ਬਪਤਿਸਮੇ ਦਾ ਕਿਸੇ ਪਾਪੀ ਦੁਆਰਾ ਤੋਬਾ ਕਰਨ ਅਤੇ ਵਿਸ਼ਵਾਸੀਆਂ ਦੀ ਸੰਗਤੀ ਦੇ ਵਿੱਚ ਸ਼ਾਮਿਲ ਹੋਣ ਦੀ ਗਵਾਹੀ ਵੱਜੋਂ ਅਭਿਆਸ ਕੀਤਾ ਹੈ।

ਜਿਆਦਾਤਰ ਲੋਕਾਂ ਦੇ ਲਈ ਬਪਤਿਸਮਾ ਉਹ ਪਲ ਨਹੀਂ ਹੁੰਦਾ ਜਦੋਂ ਉਹ ਮਸੀਹੀ ਬਣਦੇ ਹਨ। ਇੱਕ ਤੋਬਾ ਕਰਨ ਵਾਲਾ ਪਾਪੀ ਮਸੀਹ ਦੇ ਵਿੱਚ ਵਿਸ਼ਵਾਸ ਕਰਦੇ ਹੀ ਬਚਾਇਆ ਜਾਂਦਾ ਹੈ। ਬਚਾਏ ਜਾਣ ਤੋਂ ਬਾਅਦ, ਉਸਨੂੰ ਯਿਸੂ ਨੂੰ ਪ੍ਰਭੂ ਵਜੋਂ ਮੰਨਣ ਦੇ ਆਪਣੇ ਨਵੇਂ ਜੀਵਨ ਦੇ ਪ੍ਰਦਰਸ਼ਨ ਵਜੋਂ ਬਪਤਿਸਮਾ ਲੈਣ ਦੇ ਹੁਕਮ ਦੀ ਪਾਲਣਾ ਕਰਨੀ ਚਾਹੀਦੀ ਹੈ। ਕੁਝ ਲੋਕ ਅਜਿਹੇ ਹਨ ਜੋ ਅਪਵਾਦ ਹਨ, ਕਿਉਂਕਿ ਬਪਤਿਸਮੇ ਦੇ ਸਮੇਂ ਉਨ੍ਹਾਂ ਨੇ ਮਸੀਹ ਵਿੱਚ ਵਿਸ਼ਵਾਸ ਕੀਤਾ ਅਤੇ ਮਨ ਪਰਿਵਰਤਨ ਦਾ ਅਨੁਭਵ ਕੀਤਾ। ਪਰ ਆਮ ਤੌਰ ਤੇ, ਬਪਤਿਸਮਾ ਇਸ ਗੱਲ ਦੀ ਗਵਾਹੀ ਹੈ ਕਿ ਮੁਕਤੀ ਪਹਿਲਾਂ ਹੀ ਹੋ ਚੁੱਕੀ ਹੈ।

► ਤੁਸੀਂ ਕਿਸੇ ਅਜਿਹੇ ਵਿਅਕਤੀ ਦੇ ਬਾਰੇ ਕੀ ਕਹੋਗੇ ਜੋ ਕਹਿੰਦਾ ਹੈ ਕਿ ਉਹ ਬਪਤਿਸਮਾ ਲੈਣ ਦੇ ਸਮੇਂ ਮਸੀਹੀ ਬਣ ਗਿਆ ਸੀ?


[1]

“ਮਸੀਹੀ ਬਪਤਿਸਮਾ ਇੱਕ ਅਜਿਹੀ ਧਾਰਮਿਕ ਰੀਤ ਹੈ ਜੋ ਮਸੀਹ ਦੁਆਰਾ ਲਿਆਂਦੇ ਲਾਭਾਂ ਨੂੰ ਦਰਸਾਉਂਦਾ ਹੈ, ਅਤੇ ਇਹ ਪੂਰਨ ਉਦੇਸ਼ ਦੀ ਪਵਿੱਤਰਤਾਈ ਦੇ ਵਿੱਚ ਆਗਿਆਕਾਰੀ ਅਤੇ ਧਾਰਮਿਕਤਾ ਦਾ ਸਮਰਪਣ ਹੈ।

- ਵਿਲੇ ਅਤੇ ਕਲਬਰਟਸਨ,
ਇੰਟ੍ਰੋਡਕਸ਼ਨ ਟੂ ਕ੍ਰਿਸਚਨ ਥਿਓਲੋਜੀ

ਇੱਕ ਗ਼ਲਤੀ ਤੋਂ ਬਚਾਅ ਕਰਨਾ: ਬਪਤਿਸਮੇ ਨੂੰ ਮਨ ਪਰਿਵਰਤਨ ਦੇ ਭਾਗ ਵੱਜੋਂ ਵੇਖਣਾ

ਕੁਝ ਲੋਕ ਵਚਨਾਂ ਦੇ ਕੁਝ ਹਿੱਸਿਆ ਨੂੰ ਲੈ ਕੇ ਉਨ੍ਹਾਂ ਦੀ ਵਿਆਖਿਆ ਇਸ ਪ੍ਰਕਾਰ ਕਰਦੇ ਹਨ ਕਿ ਬਪਤਿਸਮਾ ਮੁਕਤੀ ਦਾ ਇੱਕ ਭਾਗ ਹੈ। ਉਹ ਮੰਨਦੇ ਹਨ ਕਿ ਜਦੋਂ ਤੱਕ ਕੋਈ ਵਿਅਕਤੀ ਬਪਤਿਸਮਾ ਨਹੀਂ ਲੈਂਦਾ ਉਦੋਂ ਤੱਕ ਉਹ ਬਚਾਇਆ ਹੋਇਆ ਨਹੀਂ ਹੈ। ਹਨਾਨਿਯਾਹ ਨੇ ਸੌਲੁਸ ਨੂੰ ਕਿਹਾ “ਉੱਠ ਅਤੇ... ਬਪਤਿਸਮਾ ਲੈ ਅਤੇ ਆਪਣੇ ਪਾਪ ਧੋ ਸੁੱਟ” (ਰਸੂਲਾਂ ਦੇ ਕਰਤੱਬ 22:16)। ਪਰ ਸਾਡੇ ਪਾਪ ਯਿਸੂ ਦੇ ਲਹੂ ਦੁਆਰਾ ਧੋਤੇ ਜਾਂਦੇ ਹਨ (ਯੂਹੰਨਾ ਦੀ ਪਹਿਲੀ ਪੱਤ੍ਰੀ 1:7)। ਪਾਣੀ ਦੇ ਨਾਲ ਧੋਣਾ ਸਿਰਫ਼ ਇੱਕ ਆਤਮਿਕ ਅਸਲੀਅਤ ਨੂੰ ਦਰਸਾਉਂਦਾ ਹੈ। ਹਨਾਨਿਯਾਹ ਸੌਲੁਸ ਨੂੰ ਕਹਿ ਰਿਹਾ ਸੀ ਕਿ ਉਸਨੂੰ ਵਿਸ਼ਵਾਸ ਦੇ ਕਦਮਾਂ ਨੂੰ ਸਰੀਰਕ ਤੌਰ ਤੇ ਵਿਖਾਉਣਾ ਚਾਹੀਦਾ ਹੈ। ਬਪਤਿਸਮਾ ਇਸ ਗੱਲ ਦੀ ਗਵਾਹੀ ਸੀ ਕਿ ਉਸਦੇ ਪਾਪ ਧੋਤੇ ਜਾ ਚੁੱਕੇ ਹਨ।

ਇਬਰਾਨੀਆਂ ਨੂੰ 10:22, ਦੇ ਵਿੱਚ ਸਾਨੂੰ ਕਿਹਾ ਗਿਆ ਹੈ ਕਿ ਵਿਸ਼ਵਾਸੀਆਂ ਨੂੰ ਪਰਮੇਸ਼ੁਰ ਦੇ ਕੋਲ ਜਾਣਾ ਚਾਹੀਦਾ ਹੈ, “ਜਦੋਂ ਸਾਡੇ ਦਿਲ ਅਸ਼ੁੱਧ ਅੰਤਹਕਰਨ ਤੋਂ ਛਿੜਕਾਓ ਨਾਲ ਸ਼ੁੱਧ ਹੋਏ ਅਤੇ ਸਾਡੀ ਦੇਹੀ ਸਾਫ਼ ਪਾਣੀ ਨਾਲ ਨੁਲ੍ਹਾਈ ਗਈ।” ਸ਼ਾਇਦ ਪਾਣੀ ਬਪਤਿਸਮੇ ਨੂੰ ਦਰਸਾਉਂਦਾ ਹੈ। ਇਹ ਗੱਲ ਪੂਰੀ ਤਰ੍ਹਾਂ ਪੱਕੀ ਨਹੀਂ ਹੈ। ਪਰ ਜੇਕਰ ਇਹ ਬਪਤਿਸਮੇ ਦੇ ਬਾਰੇ ਗੱਲ ਕਰਦਾ ਹੈ ਫਿਰ ਵੀ ਇਹ ਵਚਨ ਅਜਿਹਾ ਨਹੀਂ ਕਹਿੰਦਾ ਕਿ ਬਪਤਿਸਮਾ ਸਾਨੂੰ ਬਚਾਉਂਦਾ ਹੈ। ਇਹ ਸਿਰਫ਼ ਇੰਨਾ ਹੀ ਕਹਿੰਦਾ ਹੈ ਕਿ ਸਾਨੂੰ ਬਪਤਿਸਮਾ ਲੈ ਕੇ ਪਰਮੇਸ਼ੁਰ ਦੀ ਆਗਿਆ ਨੂੰ ਪੂਰਾ ਕਰਨਾ ਚਾਹੀਦਾ ਹੈ।

ਯੂਹੰਨਾ 3:5 ਦੇ ਵਿੱਚ ਯਿਸੂ ਨੇ ਨਿਕੋਦਿਮੁਸ ਨੂੰ ਕਿਹਾ ਜਦੋਂ ਤੱਕ ਕੋਈ ਵਿਅਕਤੀ “ਜਲ ਅਰ ਆਤਮਾ ਤੋਂ ... ਨਾ ਜੰਮੇ”। ਇਸ ਬਿਆਨ ਤੋਂ ਬਾਅਦ ਇੱਕ ਹੋਰ ਬਿਆਨ ਆਉਂਦਾ ਹੈ ਕਿ ਕਿਸੇ ਵਿਅਕਤੀ ਨੂੰ ਨਵੇਂ ਸਿਰੇ ਤੋਂ ਜਨਮ ਲੈਣਾ ਪੈਂਦਾ ਹੈ, ਜਿਸਦੇ ਨਾਲ ਨਿਕੋਦਿਮੁਸ ਉਲਝਣ ਦੇ ਵਿੱਚ ਪੈ ਗਿਆ। ਨਿਕੋਦਿਮੁਸ ਇੱਥੇ ਸਰੀਰਕ ਜਨਮ ਦੇ ਬਾਰੇ ਸੋਚ ਰਿਹਾ ਸੀ। ਯਿਸੂ ਕਹਿ ਰਿਹਾ ਸੀ ਕਿ ਸਵਰਗ ਦੇ ਰਾਜ ਵਿੱਚ ਦਾਖਿਲ ਹੋਣ ਦੇ ਲਈ ਕਿਸੇ ਮਨੁੱਖ ਨੂੰ ਸਰੀਰਕ ਨਹੀਂ ਪਰ ਆਤਮਿਕ ਤੌਰ ਤੇ ਜਨਮ ਲੈਣਾ ਪੈਂਦਾ ਹੈ। ਇੱਥੇ “ਜਲ...ਤੋਂ ਜੰਮੇ” ਦਾ ਅਰਥ ਸਰੀਰਕ ਅਰਥ ਹੈ।

ਮਸੀਹ ਦੀ ਆਗਿਆਕਾਰੀ ਦੇ ਵਿੱਚ ਬਪਤਿਸਮਾ

ਕੋਈ ਵਿਅਕਤੀ ਬਪਤਿਸਮੇ ਦੇ ਦੁਆਰਾ ਮੁਕਤੀ ਦੇ ਯੋਗ ਨਹੀਂ ਬਣਦਾ ਨਾ ਉਹ ਇਸਦੇ ਦੁਆਰਾ ਆਪਣੀ ਮੁਕਤੀ ਨੂੰ ਕਮਾ ਸਕਦਾ ਹੈ। ਕੁਝ ਲੋਕ ਸੋਚਦੇ ਹਨ ਕਿ ਕਿਉਂਕਿ ਬਪਤਿਸਮੇ ਦੇ ਦੁਆਰਾ ਮੁਕਤੀ ਪ੍ਰਾਪਤ ਨਹੀਂ ਹੁੰਦੀ ਹੈ, ਇਸ ਲਈ ਸਾਨੂੰ ਬਪਤਿਸਮਾ ਨਹੀਂ ਲੈਣਾ ਚਾਹੀਦਾ। ਉਹ ਇਸ ਗੱਲ ਦੀ ਚਿੰਤਾ ਕਰਦੇ ਹਨ ਕਿ ਲੋਕ ਤੋਬਾ ਵਿੱਚ ਦਿੱਤੀ ਗਈ ਕਿਰਪਾ ਤੇ ਨਿਰਭਰ ਕਰਨ ਦੀ ਬਜਾਏ ਬਪਤਿਸਮੇ ਵਿੱਚ ਆਪਣਾ ਵਿਸ਼ਵਾਸ ਰੱਖ ਸਕਦੇ ਹਨ। ਪਰ ਫਿਰ ਵੀ, ਮਸੀਹ ਦੇ ਕਿਸੇ ਵੀ ਹੁਕਮ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ, ਅਤੇ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਪਰਮੇਸ਼ੁਰ ਦੇ ਹੁਕਮਾਂ ਦੀ ਪਾਲਣਾ ਕਰਨ ਦੇ ਨਾਲ ਅਸੀਂ ਮੁਕਤੀ ਨੂੰ ਕਮਾ ਸਕਦੇ ਹਾਂ।

ਕ੍ਰਿਪਾ ਦੇ ਸਾਧਨ ਵੱਜੋਂ ਬਪਤਿਸਮਾ

ਬਪਤਿਸਮੇ ਨੂੰ ਕ੍ਰਿਪਾ ਪ੍ਰਾਪਤ ਕਰਨ ਵਾਲਾ ਸਾਧਨ ਮੰਨਿਆ ਜਾ ਸਕਦਾ ਹੈ। ਇਸਦਾ ਇਹ ਅਰਥ ਨਹੀਂ ਹੈ ਕਿ ਇਹ ਸਾਨੂੰ ਮੁਕਤੀ ਦਿਵਾਉਂਦਾ ਹੈ, ਜਾਂ ਇਹ ਕੰਮ ਆਪਣੇ ਆਪ ਹੀ ਸਾਨੂੰ ਕ੍ਰਿਪਾ ਪ੍ਰਦਾਨ ਕਰਦਾ ਹੈ। ਜੇਕਰ ਕੋਈ ਵਿਅਕਤੀ ਬਿਨਾਂ ਵਿਸ਼ਵਾਸ ਦੇ ਬਪਤਿਸਮਾ ਲੈਂਦਾ ਹੈ ਤਾਂ ਇਸਦਾ ਕੋਈ ਮੁੱਲ ਨਹੀਂ ਹੁੰਦਾ। ਬਪਤਿਸਮਾ ਕ੍ਰਿਪਾ ਦਾ ਸਾਧਨ ਹੈ ਕਿਉਂਕਿ ਇਹ ਅਜਿਹਾ ਕੰਮ ਹੈ ਜਿਸਨੂੰ ਪਰਮੇਸ਼ੁਰ ਨੇ ਸਾਡੇ ਲਈ ਬਣਾਇਆ ਹੈ। ਜਦੋਂ ਅਸੀਂ ਇਸਨੂੰ ਵਿਸ਼ਵਾਸ ਅਤੇ ਆਗਿਆਕਾਰੀ ਦੇ ਨਾਲ ਕਰਦੇ ਹਾਂ, ਤਾਂ ਪਰਮੇਸ਼ੁਰ ਦਾ ਆਤਮਾ ਸਾਡੇ ਦਿਲਾਂ ਵਿੱਚ ਕੰਮ ਕਰਕੇ ਸਾਨੂੰ ਮਸੀਹੀ ਜੀਵਨ ਦੇ ਵਿੱਚ ਸਥਾਪਿਤ ਕਰਦਾ ਹੈ।

► ਸਾਨੂੰ ਬਪਤਿਸਮਾ ਕਿਉਂ ਲੈਣਾ ਚਾਹੀਦਾ ਹੈ?

ਧਰਮ ਸਿੱਖਿਆ ਦਾ ਚਿੰਨ੍ਹ

► ਇੱਕ ਵਿਦਿਆਰਥੀ ਨੂੰ ਸਮੂਹ ਦੇ ਲਈ ਰੋਮੀਆਂ ਨੂੰ 6:3-11 ਪੜਣਾ ਚਾਹੀਦਾ ਹੈ। ਵਚਨ ਦੇ ਇਸ ਭਾਗ ਦੇ ਅਨੁਸਾਰ ਬਪਤਿਸਮਾ ਕਿਸ ਚੀਜ਼ ਦਾ ਚਿੰਨ੍ਹ ਹੈ?

ਬਾਈਬਲ ਸਾਨੂੰ ਦੱਸਦੀ ਹੈ ਕਿ ਬਪਤਿਸਮਾ ਮਸੀਹ ਦੀ ਮੌਤ, ਦਫਨਾਏ ਜਾਣ ਅਤੇ ਮੁਰਦਿਆਂ ਵਿੱਚੋਂ ਜੀ ਉੱਠਣ ਦਾ ਚਿੰਨ੍ਹ ਹੈ। ਜਦੋਂ ਕੋਈ ਵਿਸ਼ਵਾਸੀ ਬਪਤਿਸਮਾ ਲੈਂਦਾ ਹੈ ਤਾਂ ਉਹ ਇਹ ਗਵਾਹੀ ਦਿੰਦਾ ਹੈ ਕਿ ਉਹ ਮਸੀਹ ਦੁਆਰਾ ਪ੍ਰਦਾਨ ਕੀਤੇ ਪ੍ਰਾਸਚਿੱਤ ਦੇ ਨਾਲ ਜੁੜਿਆ ਹੋਇਆ ਹੈ। ਇੱਥੋਂ ਤੱਕ ਕਿ ਰਸੂਲ ਨੇ ਇਹ ਬਿਆਨ ਦਿੱਤਾ ਕਿ ਅਸੀਂ “ਮਸੀਹ ਯਿਸੂ ਦਾ ਬਪਤਿਸਮਾ ਲਿਆ।”

ਮੁਕਤੀ ਦੇ ਵਿੱਚ, ਅਸੀਂ ਖਾਸ ਤੌਰ ਤੇ ਮਸੀਹ ਦੀ ਮੌਤ ਦੇ ਲਾਭ ਨੂੰ ਪ੍ਰਾਪਤ ਕਰਦੇ ਹਾਂ, ਅਤੇ ਉਸਦੀ ਮੌਤ ਦੇ ਸਾਂਝੀ ਵੀ ਹੁੰਦੇ ਹਾਂ। ਯਿਸੂ ਪਾਪ ਦੇ ਕਾਰਨ ਮਰਿਆ, ਆਪਣੇ ਪਾਪ ਦੇ ਲਈ ਨਹੀਂ, ਪਰ ਸੰਸਾਰ ਦੇ ਪਾਪਾਂ ਲਈ। ਇਸੇ ਪ੍ਰਕਾਰ, ਮੁਕਤੀ ਦੇ ਵਿੱਚ ਅਸੀਂ ਪਾਪ ਦੇ ਵੱਲੋਂ ਮਰ ਜਾਂਦੇ ਹਾਂ, ਕਿਉਂਕਿ ਅਸੀਂ ਤੋਬਾ ਕਰਕੇ ਇਸਨੂੰ ਛੱਡ ਦਿੰਦੇ ਹਾਂ।

ਰੋਮੀਆਂ 6 ਦਾ ਮੁੱਖ ਵਿਸ਼ਾ ਪਾਪ ਤੇ ਜਿੱਤ ਹੈ। ਇਹ ਸਿਰਫ਼ ਮਾਫ਼ੀ ਨੂੰ ਹੀ ਨਹੀਂ ਦਰਸਾਉਂਦਾ। ਇਹ ਇਸ ਗੱਲ ਦੇ ਪ੍ਰਤੀ ਸਪੱਸ਼ਟ ਹੈ ਕਿ ਇੱਕ ਵਿਸ਼ਵਾਸੀ ਪਾਪ ਦੇ ਕਾਬੂ ਤੋਂ ਆਜਾਦ ਹੈ (12-14) ਅਤੇ ਉਹ ਪਾਪ ਦੇ ਵਿੱਚ ਬਣਿਆ ਨਹੀਂ ਰਹਿੰਦਾ (1)।

ਮੁਕਤੀ ਦੇ ਵਿੱਚ ਅਸੀਂ ਯਿਸੂ ਦੇ ਜੀ ਉੱਠਣ ਵਿੱਚ ਸਾਂਝੀ ਹੁੰਦੇ ਹਾਂ। ਜਿਵੇਂ ਉਹ ਮੁਰਦਿਆਂ ਦੇ ਵਿੱਚੋਂ ਜੀ ਉੱਠਿਆ, ਉਸੇ ਤਰ੍ਹਾਂ ਅਸੀਂ ਪਾਪ ਤੋਂ ਮਰ ਕੇ ਇੱਕ ਨਵੇਂ ਜੀਵਨ ਦੀ ਸ਼ੁਰੂਆਤ ਕਰਦੇ ਹਾਂ। ਅਸੀਂ ਪਾਪ ਤੇ ਜਿੱਤ ਅਤੇ ਇਸ ਤੋਂ ਆਜਾਦੀ ਦੇ ਜੀਵਨ ਦੀ ਸ਼ੁਰੂਆਤ ਕਰਦੇ ਹਾਂ।

ਬਪਤਿਸਮੇ ਦੀ ਵਿਧੀ ਦਾ ਮੁੱਦਾ

ਵਿਧੀ ਦਾ ਪ੍ਰਸ਼ਨ ਇਹ ਹੈ: ਕੀ ਇੱਕ ਵਿਸ਼ਵਾਸੀ ਨੂੰ ਡੁਬਕੀ ਵਾਲਾ, ਪਾਣੀ ਸਿਰ ਤੇ ਡੋਲ੍ਹਣ ਵਾਲਾ ਜਾਂ ਛਿੜਕੇ ਵਾਲਾ ਬਪਤਿਸਮਾ ਲੈਣਾ ਚਾਹੀਦਾ ਹੈ?

ਸੰਸਾਰ ਭਰ ਦੇ ਵਿੱਚ ਜਿਆਦਾਤਰ ਮਸੀਹੀ ਲੋਕ ਡੁਬਕੀ ਵਾਲੇ ਬਪਤਿਸਮੇ ਦਾ ਅਭਿਆਸ ਕਰਦੇ ਹਨ।

ਮਸੀਹੀਆਂ ਦੁਆਰਾ ਡੁਬਕੀ ਵਾਲੇ ਬਪਤਿਸਮੇ ਨੂੰ ਸਹੀ ਮੰਨਣ ਦੇ ਬਹੁਤ ਸਾਰੇ ਕਾਰਨ ਹਨ। [1]

1. ਬਪਤਿਸਮਾ ਸ਼ਬਦ ਯੂਨਾਨੀ ਦੇ ਅਜਿਹੇ ਸ਼ਬਦ ਦਾ ਅਨੁਵਾਦ ਹੈ ਜਿਸਦਾ ਅਰਥ ਪਾਣੀ ਦੇ ਵਿੱਚ ਡੁਬੋਣਾ ਹੈ।

2. ਬਪਤਿਸਮਾ ਮਸੀਹ ਦੀ ਮੌਤ, ਦਫਨਾਏ ਜਾਣ ਅਤੇ ਜੀ ਉੱਠਣ ਨੂੰ ਦਰਸਾਉਂਦਾ ਹੈ, ਇਸ ਚਿੰਨ੍ਹ ਨੂੰ ਡੁਬਕੀ ਦੇ ਦੁਆਰਾ ਉੱਤਮ ਤਰੀਕੇ ਨਾਲ ਦਰਸਾਇਆ ਜਾ ਸਕਦਾ ਹੈ (ਰੋਮੀਆਂ ਨੂੰ 6:3-5)।

3. ਬਾਈਬਲ ਦੇ ਵਿੱਚ ਲੋਕ ਬਪਤਿਸਮਾ ਲੈਣ ਦੇ ਲਈ ਪਾਣੀ ਦੇ ਵਿੱਚ ਉੱਤਰੇ ਸਨ (ਮਰਕੁਸ 1:10, ਰਸੂਲਾਂ ਦੇ ਕਰਤੱਬ 8:38)।

4. ਮੁੱਢਲੀ ਕਲੀਸਿਆ ਵੀ ਡੁਬਕੀ ਦੁਆਰਾ ਹੀ ਬਪਤਿਸਮਾ ਦਿੰਦੀ ਸੀ ਅਤੇ ਅਜਿਹਾ ਸਿਰਫ਼ ਉਸ ਸਮੇਂ ਹੀ ਨਹੀਂ ਕੀਤਾ ਜਾਂਦਾ ਹੈ ਜਦੋਂ ਕਿਸੇ ਗੰਭੀਰ ਬਿਮਾਰੀ ਜਾਂ ਪਾਣੀ ਦੀ ਕਮੀ ਦੇ ਕਾਰਨ ਅਜਿਹਾ ਕਰ ਪਾਉਣਾ ਅਸੰਭਵ ਸੀ। ਦੂਸਰੀ ਸਦੀ ਦੇ ਡਿਡਾਕੇ ਰਸੂਲਾਂ ਦੀ ਸਿੱਖਿਆ ਦਾ ਸਾਰ ਸੀ ਜੋ ਦੱਸਦਾ ਹੈ ਕਿ ਜੇਕਰ ਜਿਆਦਾ ਪਾਣੀ ਉਪਲੱਭਧ ਨਹੀਂ ਹੈ ਤਾਂ ਵਿਸ਼ਵਾਸੀ ਤੇ ਪਾਣੀ ਡੋਲ੍ਹ ਕੇ ਉਸਨੂੰ ਬਪਤਿਸਮਾ ਦਿੱਤਾ ਜਾ ਸਕਦਾ ਹੈ।

ਇੰਨ੍ਹਾਂ ਬਹੁਤ ਸਾਰੇ ਕਾਰਨਾਂ ਦੇ ਕਰਕੇ ਬਹੁਤ ਸਾਰੇ ਮਸੀਹੀ ਇਹ ਵਿਸ਼ਵਾਸ ਕਰਦੇ ਹਨ ਕਿ ਡੁਬਕੀ ਵਾਲਾ ਬਪਤਿਸਮਾ ਬਾਈਬਲ ਅਤੇ ਇਤਿਹਾਸ ਆਧਾਰਿਤ ਹੈ।

ਕੁਝ ਮਸੀਹੀ ਵਿਸ਼ਵਾਸ ਕਰਦੇ ਹਨ ਕਿ ਬਪਤਿਸਮੇ ਦੀ ਦੂਸਰੀ ਵਿਧੀ ਵਚਨਾਂ ਤੇ ਆਧਾਰਿਤ ਹੈ। ਪੁਰਾਣੇ ਨੇਮ ਦੇ ਵਿੱਚ ਛਿੜਕੇ ਜਾਣ ਦੀਆਂ ਰਸਮਾਂ ਦੇ ਦੁਆਰਾ ਪ੍ਰਾਸਚਿੱਤ ਦੀ ਪ੍ਰਤੀਨਿਧਤਾ ਕੀਤੀ ਜਾਂਦੀ ਸੀ। ਨਵਾਂ ਨੇਮ ਵੀ ਲਹੂ ਦੇ ਛਿੜਕੇ ਜਾਣ ਦੀ ਗੱਲ ਕਰਦਾ ਹੈ। ਕਿਉਂਕਿ ਲਹੂ ਦਾ ਛਿੜਕਿਆ ਜਾਣਾ ਪ੍ਰਾਸਚਿੱਤ ਨੂੰ ਦਰਸਾਉਂਦਾ ਹੈ ਇਸ ਲਈ ਛਿੜਕਾਅ ਬਪਤਿਸਮਾ ਵੀ ਸੰਭਵ ਹੈ (ਛਿੜਕਾਅ ਦੇ ਬਾਰੇ ਬਾਈਬਲ ਦੇ ਹਵਾਲੇ ਵੇਖੋ ਕੂਚ 24:8, ਇਬਰਾਨੀਆਂ ਨੂੰ 9:19-20, ਇਬਰਾਨੀਆਂ ਨੂੰ 10:22, ਇਬਰਾਨੀਆਂ ਨੂੰ 12:22-24, ਗਿਣਤੀ 8:6-7, ਯਸਾਯਾਹ 52:15, ਹਿਜ਼ਕੀਏਲ 36:25, ਅਤੇ ਪਤਰਸ ਦੀ ਪਹਿਲੀ ਪੱਤ੍ਰੀ 1:2.)।

ਕਿਉਂਕਿ ਬਾਈਬਲ ਕਿਤੇ ਵੀ ਕੋਈ ਪੱਕਾ ਬਿਆਨ ਨਹੀਂ ਦਿੰਦੀ ਕਿ ਬਪਤਿਸਮੇ ਦੀ ਵਿਧੀ ਕਿਹੜੀ ਹੋਣੀ ਚਾਹੀਦੀ ਹੈ, ਇਸ ਕਾਰਨ ਸਾਨੂੰ ਉਨ੍ਹਾਂ ਮਸੀਹੀਆਂ ਨੂੰ ਸਹਿਣ ਕਰਨਾ ਚਾਹੀਦਾ ਹੈ ਜਿੰਨ੍ਹਾਂ ਦੀ ਇਸ ਮੁੱਦੇ ਤੇ ਸਾਡੇ ਨਾਲੋਂ ਅਲੱਗ ਧਾਰਨਾ ਹੈ।


[1]

“ਜਿਸ ਕ੍ਰਿਪਾ ਦੀ ਸਾਨੂੰ ਲੋੜ ਹੈ ਉਹ ਪਾਣੀ ਦੇ ਵਿੱਚ ਨਹੀਂ ਹੈ, ਪਰ ਪਵਿੱਤਰ ਆਤਮਾ ਦੇ ਕੰਮ ਵਿੱਚ ਹੈ ਜਿਸਨੂੰ ਬਪਤਿਸਮੇ ਦੇ ਵਿੱਚ ਦਰਸਾਇਆ ਜਾਂਦਾ ਹੈ; ਇਹ ਰੋਟੀ ਅਤੇ ਦਾਖਰਸ ਦੇ ਵਿੱਚ ਨਹੀਂ ਹੈ, ਪਰ ਉਸ ਪ੍ਰਾਸਚਿੱਤ ਵਿੱਚ ਹੈ ਜਿਸਨੂੰ ਇਸਦੀ ਧਾਰਮਿਕ ਰਸਮ ਦਰਸਾਉਂਦੀ ਹੈ।”

- ਜੋਨ੍ਹ ਮਿਲੇ,
ਸਿਸਟੇਮੈਟਿਕ ਥਿਓਲੋਜੀ

ਛੋਟੇ ਬੱਚਿਆਂ ਦੇ ਬਪਤਿਸਮੇ ਦਾ ਮੁੱਦਾ

ਕਲੀਸਿਆ ਵਿਸ਼ਵਾਸ ਦਾ ਸਮੁਦਾਏ ਹੈ ਜੋ ਪਰਮੇਸ਼ੁਰ ਦੇ ਨੇਮ ਦੇ ਅਧੀਨ ਰਹਿੰਦਾ ਹੈ। ਜਦੋਂ ਕੋਈ ਪਾਪੀ ਤੋਬਾ ਕਰਕੇ ਵਿਸ਼ਵਾਸ ਦੇ ਸਮੁਦਾਏ ਵਿੱਚ ਦਾਖਿਲ ਹੁੰਦਾ ਹੈ, ਤਾਂ ਬਪਤਿਸਮਾ ਉਸਦੇ ਪਰਿਵਰਤਨ ਦੀ ਜਨਤਕ ਗਵਾਹੀ ਹੁੰਦਾ ਹੈ।

ਪਰ ਉਨ੍ਹਾਂ ਬੱਚਿਆਂ ਦੇ ਬਾਰੇ ਕੀ ਕਰਨਾ ਚਾਹੀਦਾ ਹੈ ਜੋ ਕਲੀਸਿਆ ਦੇ ਵਿੱਚ ਮਸੀਹੀ ਮਾਪਿਆਂ ਤੋਂ ਪੈਦਾ ਹੁੰਦੇ ਹਨ? ਬੱਚਾ ਵਿਸ਼ਵਾਸ ਦੇ ਸਮੁਦਾਏ ਦਾ ਹਿੱਸਾ ਹੈ। ਜਿੰਨੀ ਦੇਰ ਤੱਕ ਬੱਚਾ ਪਰਿਪੱਕ ਹੋ ਕੇ ਆਪਣਾ ਫੈਸਲਾ ਖੁਦ ਕਰਨ ਦੇ ਯੋਗ ਨਹੀਂ ਹੁੰਦਾ ਉਨੀ ਦੇਰ ਪਰਮੇਸ਼ੁਰ ਉਸ ਛੋਟੇ ਬੱਚੇ ਨੂੰ ਸਵੀਕਾਰ ਕਰ ਲੈਂਦਾ ਹੈ।

ਕੁਝ ਕਲੀਸਿਆਵਾਂ ਦੀ ਮਾਨਤਾ ਹੈ ਕਿ ਇੱਕ ਬੱਚੇ ਨੂੰ ਇਸ ਗੱਲ ਦੇ ਚਿੰਨ੍ਹ ਵਜੋਂ ਬਪਤਿਸਮਾ ਦਿੱਤਾ ਜਾਣਾ ਚਾਹੀਦਾ ਹੈ ਕਿ ਉਹ ਵਿਸ਼ਵਾਸ ਦੇ ਸਮੁਦਾਏ ਵਿੱਚ ਹੈ। ਜੇਕਰ ਬੱਚਾ ਵੱਡਾ ਹੋਣ ਤੇ ਕਲੀਸਿਆ ਦੇ ਸਿਧਾਂਤਾਂ ਨੂੰ ਸਵੀਕਾਰ ਕਰਦਾ ਹੈ, ਤਾਂ ਇਹਨਾਂ ਕਲੀਸਿਆਵਾਂ ਦੇ ਵਿੱਚ "ਪੁਸ਼ਟੀ" ਨਾਮਕ ਇੱਕ ਰਸਮ ਹੁੰਦੀ ਹੈ। ਕੁਝ ਕਲੀਸਿਆਵਾਂ ਮਨ ਪਰਿਵਰਤਨ ਨੂੰ ਜ਼ਰੂਰੀ ਨਹੀਂ ਸਮਝਦੀਆਂ, ਕਿਉਂਕਿ ਬੱਚਾ ਕਲੀਸਿਆ ਦੇ ਹੀ ਵਿੱਚ ਪੈਦਾ ਹੋਇਆ ਸੀ ਅਤੇ ਉਸਨੇ ਉਹੀ ਸਵੀਕਾਰ ਕੀਤਾ ਜੋ ਉਸਨੂੰ ਸਿਖਾਇਆ ਗਿਆ ਸੀ। (ਇਸ ਦੀਆਂ ਉਦਾਹਰਨਾਂ ਦੇ ਲਈ ਰੋਮਨ ਕੈਥੋਲਿਕ ਚਰਚ, ਲੂਥਰਨ ਚਰਚ ਅਤੇ ਚਰਚ ਆਫ਼ ਇੰਗਲੈਂਡ ਹਨ।) ਹੋਰ ਕਲੀਸਿਆ ਜੋ ਛੋਟੇ ਬੱਚਿਆਂ ਦੇ ਬਪਤਿਸਮੇ ਦਾ ਅਭਿਆਸ ਕਰਦੀਆਂ ਹਨ, ਉਹ ਇਸ ਗੱਲ ਨੂੰ ਮੰਨਦੇ ਹਨ ਕਿ ਮਨ ਪਰਿਵਰਤਨ ਮਹੱਤਵਪੂਰਨ ਹੈ। (ਉਦਾਹਰਨ ਵਜੋਂ, ਜੌਨ ਵੈਸਲੀ ਦੀ ਅਗਵਾਈ ਵਿੱਚ ਸ਼ੁਰੂ ਕੀਤੀਆਂ ਗਈ ਮੈਥੋਡਿਸਟ ਕਲੀਸਿਆਵਾਂ ਦਾ ਮੰਨਣਾ ਸੀ ਕਿ ਮਨ ਪਰਿਵਰਤਨ ਉਸ ਵਿਅਕਤੀ ਲਈ ਵੀ ਜ਼ਰੂਰੀ ਹੈ ਜਿਸਨੇ ਇੱਕ ਬੱਚੇ ਦੇ ਰੂਪ ਵਿੱਚ ਬਪਤਿਸਮਾ ਲਿਆ ਸੀ।)

ਕੁਝ ਲੋਕ ਵਿਸ਼ਵਾਸ ਕਰਦੇ ਹਨ ਕਿ ਪੁਰਾਣੇ ਨੇਮ ਦੇ ਵਿੱਚ ਸੁੰਨਤ ਇਸੇ ਪ੍ਰਕਾਰ ਦੇ ਉਦੇਸ਼ ਨੂੰ ਪੂਰਾ ਕਰਦੀ ਸੀ। ਇੱਕ ਬੱਚੇ ਦੀ ਇਹ ਦਰਸਾਉਣ ਦੇ ਲਈ ਸੁੰਨਤ ਕੀਤੀ ਜਾਂਦੀ ਸੀ ਉਹ ਨੇਮ ਦੇ ਵਿੱਚ ਹੈ। ਉਸਨੂੰ ਨੇਮ ਦਾ ਅਰਥ ਸਮਝਣ ਲਈ ਕਾਫ਼ੀ ਵੱਡਾ ਹੋਣ ਤੱਕ ਇੰਤਜ਼ਾਰ ਕਰਨ ਦੀ ਜਰੂਰਤ ਨਹੀਂ ਸੀ।

ਅਜਿਹਾ ਪ੍ਰਤੀਤ ਹੁੰਦਾ ਹੈ ਕਿ ਮੁੱਢਲੀ ਕਲੀਸਿਆ ਛੋਟੇ ਬੱਚਿਆਂ ਦੇ ਬਪਤਿਸਮੇ ਦਾ ਅਭਿਆਸ ਕਰਦੀ ਸੀ। ਹਿਪੋਲੀਟਸ ਨੇ 212 ਈ. ਵਿੱਚ ਰਸੂਲਾਂ ਦੀ ਪਰੰਪਰਾ ਬਾਰੇ ਲਿਖਿਆ ਅਤੇ ਕਿਹਾ ਕਿ ਛੋਟੇ ਬੱਚਿਆਂ ਨੂੰ ਬਪਤਿਸਮਾ ਦਿੱਤਾ ਜਾਣਾ ਚਾਹੀਦਾ ਹੈ; ਅਤੇ, ਜੇਕਰ ਉਹ ਜਿਆਦਾ ਛੋਟੇ ਹਨ ਅਤੇ ਬੋਲ ਨਹੀਂ ਸਕਦੇ, ਤਾਂ ਉਨ੍ਹਾਂ ਦੇ ਮਾਪੇ ਉਨ੍ਹਾਂ ਲਈ ਬੋਲ ਸਕਦੇ ਹਨ। ਔਰੀਗਿਨ ਨੇ 248 ਈਸਵੀ ਵਿੱਚ ਲਿਖਿਆ ਕਿ ਰਸੂਲ ਛੋਟੇ ਬੱਚਿਆਂ ਦੇ ਬਪਤਿਸਮੇ ਦਾ ਅਭਿਆਸ ਕਰਦੇ ਸਨ। ਅਗਸਟਿਨ ਨੇ 400 ਈਸਵੀ ਵਿੱਚ ਲਿਖਿਆ ਕਿ ਰਸੂਲਾਂ ਦੇ ਸਮੇਂ ਤੋਂ ਹੀ ਪੂਰੀ ਕਲੀਸਿਆ ਦੇ ਦੁਆਰਾ ਛੋਟੇ ਬੱਚਿਆਂ ਦੇ ਬਪਤਿਸਮੇ ਦਾ ਅਭਿਆਸ ਕੀਤਾ ਜਾਂਦਾ ਰਿਹਾ ਹੈ ਅਤੇ ਉਸਨੇ ਕਦੇ ਵੀ ਕਿਸੇ ਅਜਿਹੇ ਵਿਅਕਤੀ ਬਾਰੇ ਨਹੀਂ ਸੁਣਿਆ ਜਿਸਨੇ ਬੱਚਿਆਂ ਦੇ ਬਪਤਿਸਮੇ ਤੋਂ ਇਨਕਾਰ ਕੀਤਾ ਹੋਵੇ।

ਰਸੂਲਾਂ ਦੇ ਕਰਤੱਬ ਦੀ ਕਿਤਾਬ ਦੇ ਵਿੱਚ ਕਈ ਵਾਰ ਰਸੂਲ ਪੂਰੇ ਪਰਿਵਾਰ ਨੂੰ ਬਪਤਿਸਮਾ ਦੇ ਦਿੰਦੇ ਸਨ (ਰਸੂਲਾਂ ਦੇ ਕਰਤੱਬ 11:14, ਰਸੂਲਾਂ ਦੇ ਕਰਤੱਬ 16:15, 33)। ਅਸੀਂ ਇਹ ਕਲਪਨਾ ਕਰ ਸਕਦੇ ਹਾਂ ਕਿ ਉਨ੍ਹਾਂ ਨੇ ਬੱਚਿਆਂ ਨੂੰ ਵੀ ਬਪਤਿਸਮਾ ਦਿੱਤਾ ਹੋਵੇਗਾ।

ਛੋਟੇ ਬੱਚਿਆਂ ਦੇ ਬਪਤਿਸਮੇ ਤੇ ਜਤਾਏ ਜਾਣ ਵਾਲੇ ਇਤਰਾਜ਼

1. ਨਵੇਂ ਨੇਮ ਦੇ ਵਿੱਚ ਵਿਸ਼ਵਾਸੀਆਂ ਨੂੰ ਉਨ੍ਹਾਂ ਦੇ ਵਿਸ਼ਵਾਸ ਦੀ ਗਵਾਹੀ ਤੋਂ ਬਾਅਦ ਬਪਤਿਸਮਾ ਦਿੱਤਾ ਜਾਂਦਾ ਸੀ। ਉਹ ਅਜਿਹੇ ਲੋਕ ਹੁੰਦੇ ਸਨ ਜਿੰਨ੍ਹਾਂ ਨੇ ਤੋਬਾ ਕੀਤੀ ਹੁੰਦੀ ਸੀ ਅਤੇ ਸ਼ੁਭਸਮਾਚਾਰ ਤੇ ਵਿਸ਼ਵਾਸ ਕੀਤਾ ਹੁੰਦਾ ਸੀ। ਛੋਟੇ ਬੱਚਿਆਂ ਨੂੰ ਬਪਤਿਸਮਾ ਦੇਣ ਦੀਆਂ ਕੋਈ ਹਦਾਇਤਾਂ ਨਹੀਂ ਹਨ।

2. ਛੋਟੇ ਬੱਚਿਆਂ ਦਾ ਬਪਤਿਸਮਾ ਇਸ ਗਵਾਹੀ ਦੇ ਮੂਲ ਉਦੇਸ਼ ਨੂੰ ਪੂਰਿਆਂ ਨਹੀਂ ਕਰਦਾ ਕਿ ਕੋਈ ਵਿਸ਼ਵਾਸ ਪਾਪ ਦੇ ਲਈ ਮਰ ਗਿਆ ਹੈ ਅਤੇ ਪਰਮੇਸ਼ੁਰ ਦੇ ਲਈ ਜਿਉਂਦਾ ਹੈ।

3. ਛੋਟੇ ਬੱਚਿਆਂ ਦੇ ਬਪਤਿਸਮੇ ਨੇ ਇਤਿਹਾਸਿਕ ਤੌਰ ਤੇ ਨਾ ਬਦਲੇ ਹੋਏ ਲੋਕਾਂ ਦੀਆਂ ਕਲੀਸਿਆਵਾਂ ਬਣਾ ਦਿੱਤੀਆਂ ਜੋ ਸੋਚਦੇ ਹਨ ਕਿ ਉਹ ਮਸੀਹੀ ਹਨ।

ਛੋਟੇ ਬੱਚਿਆਂ ਨੂੰ ਬਪਤਿਸਮਾ ਦੇਣ ਦੀ ਬਜਾਏ ਕੁਝ ਕਲੀਸਿਆਵਾਂ ਬੱਚਿਆਂ ਨੂੰ “ਸਮਰਪਿਤ/ਮਸਹ” ਕਰਨ ਦੀ ਰਸਮ ਅਦਾ ਕਰਦੇ ਹਨ। ਇਸ ਰਸਮ ਦੇ ਵਿੱਚ ਮਾਪੇ ਬੱਚਿਆਂ ਨੂੰ ਪਰਮੇਸ਼ੁਰ ਦੇ ਪ੍ਰਤੀ ਸਮਰਪਿਤ ਕਰਦੇ ਹਨ ਅਤੇ ਉਸਨੂੰ ਮਸੀਹੀ ਸਿਖਲਾਈ ਦੇ ਵਿੱਚ ਵੱਡਾ ਕਰਨ ਦਾ ਵਾਇਦਾ ਕਰਦੇ ਹਨ। ਇੰਨ੍ਹਾਂ ਕਲੀਸਿਆਵਾਂ ਦੇ ਵਿੱਚ, ਕਿਸੇ ਬੱਚੇ ਨੂੰ ਉਸ ਸਮੇਂ ਤੱਕ ਬਪਤਿਸਮਾ ਨਹੀਂ ਦਿੱਤਾ ਜਾਂਦਾ ਜਦੋਂ ਤੱਕ ਉਹ ਤੋਬਾ ਅਤੇ ਵਿਸ਼ਵਾਸ ਨੂੰ ਸਮਝਣ ਦੇ ਯੋਗ ਨਾ ਹੋ ਜਾਏ।

ਜਦੋਂ ਅਸੀਂ ਅਜਿਹੇ ਲੋਕਾਂ ਨੂੰ ਪ੍ਰਚਾਰ ਕਰਦੇ ਹਾਂ ਜਿੰਨ੍ਹਾਂ ਦੇ ਬੱਚਿਆਂ ਤੌਰ ਤੇ ਬਪਤਿਸਮੇ ਹੋਏ ਹਨ, ਤਾਂ ਉਨ੍ਹਾਂ ਦੇ ਬਪਤਿਸਮੇ ਨੂੰ ਰੱਦ ਕਰਨਾ ਜਰੂਰੀ ਨਹੀਂ ਹੈ। ਇਸਦੀ ਬਜਾਏ ਉਨ੍ਹਾਂ ਨੂੰ ਪ੍ਰਚਾਰ ਸੁਣਾਓ ਕਿ ਕੋਈ ਵਿਅਕਤੀ ਤੋਬਾ ਅਤੇ ਬਚਾਏ ਜਾਣ ਵਾਲੇ ਵਿਸ਼ਵਾਸ ਤੋਂ ਬਿਨਾਂ ਬਚਾਇਆ ਨਹੀਂ ਜਾ ਸਕਦਾ। ਜੇਕਰ ਕੋਈ ਵਿਅਕਤੀ ਪਾਪ ਦੇ ਵਿੱਚ ਜੀ ਰਿਹਾ ਹੈ, ਤਾਂ ਉਸਦਾ ਬਪਤਿਸਮਾ ਇਸ ਸੋਚਣ ਦਾ ਕਾਰਨ ਨਹੀਂ ਹੈ ਕਿ ਉਹ ਮਸੀਹੀ ਹੈ।

ਸਮੇਂ ਦਾ ਮੁੱਦਾ

► ਕਲੀਸਿਆ ਨੂੰ ਕਿਸੇ ਵਿਅਕਤੀ ਨੂੰ ਉਸਦੇ ਪਰਿਵਰਤਨ ਤੋਂ ਬਾਅਦ ਬਪਤਿਸਮਾ ਦੇਣ ਦੇ ਲਈ ਕਿੰਨਾ ਸਮਾਂ ਇੰਤਜ਼ਾਰ ਕਰਨਾ ਚਾਹੀਦਾ ਹੈ?

ਨਵੇਂ ਨੇਮ ਦੇ ਸਮੇਂ ਵਿੱਚ, ਪਰਿਵਰਤਿਤ ਹੋਏ ਵਿਅਕਤੀਆਂ ਨੂੰ ਜਲਦੀ ਦੇ ਨਾਲ ਬਪਤਿਸਮਾ ਦੇ ਦਿੱਤਾ ਜਾਂਦਾ ਸੀ। ਬਪਤਿਸਮਾ ਕਿਸੇ ਵਿਅਕਤੀ ਦੀ ਪਰਿਪੱਕਤਾ ਅਤੇ ਗਿਆਨ ਦੇ ਪੱਧਰ ਨੂੰ ਨਹੀਂ ਦਰਸਾਉਂਦਾ ਸੀ।

ਕੁਝ ਕਲੀਸਿਆਵਾਂ ਪਰਿਵਰਤਿਤ ਹੋਏ ਵਿਅਕਤੀਆਂ ਦੁਆਰਾ ਬਪਤਿਸਮਾ ਲਏ ਜਾਣ ਤੋਂ ਪਹਿਲਾਂ ਇਹ ਮੰਗ ਰੱਖਦੇ ਹਨ ਕਿ ਉਹ ਕੁਝ ਸਮੇਂ ਦੀ ਮਸੀਹੀ ਸਿੱਖਿਆ ਅਤੇ ਵਿਕਾਸ ਪ੍ਰਾਪਤ ਕਰਨ। ਉਹ ਇਸ ਗੱਲ ਨੂੰ ਪੱਕਿਆਂ ਕਰਨਾ ਚਾਹੁੰਦੇ ਹਨ ਕਿ ਪਰਿਵਰਤਿਤ ਹੋਏ ਲੋਕ ਚੰਗੇ ਮਸੀਹੀ ਉਦਾਹਰਨਾਂ ਬਣ ਸਕਣ। ਉਹ ਕੁਝ ਸਮੇਂ ਦੇ ਲਈ ਉਨ੍ਹਾਂ ਨੂੰ ਮਸੀਹੀਆਂ ਦੇ ਤੌਰ ਤੇ ਰਹਿੰਦੇ ਹੋਏ ਵੇਖਣਾ ਚਾਹੁੰਦੇ ਹਨ ਤਾਂ ਕਿ ਬਪਤਿਸਮੇ ਤੋਂ ਬਾਅਦ ਜਿਆਦਾ ਲੋਕ ਵਿਸ਼ਵਾਸ ਤੋਂ ਮੁੜ ਨਾ ਜਾਣ।

ਬਪਤਿਸਮਾ ਇਸ ਗੱਲ ਦੀ ਗਵਾਹੀ ਹੈ ਕਿ ਕੋਈ ਵਿਅਕਤੀ ਬਦਲ ਚੁੱਕਾ ਹੈ। ਇਹ ਆਤਮਿਕ ਪਰਿਪੱਕਤਾ ਜਾਂ ਗਿਆਨ ਦਾ ਚਿੰਨ੍ਹ ਨਹੀਂ ਹੈ। ਇਸ ਲਈ, ਬਪਤਿਸਮਾ ਮਨ ਪਰਿਵਰਤਨ ਦੇ ਤੁਰੰਤ ਬਾਅਦ ਹੋਣਾ ਚਾਹੀਦਾ ਹੈ। ਉਡੀਕ ਕਰਨ ਦਾ ਮਤਲਬ ਹੈ ਕਿ ਸਾਨੂੰ ਨਹੀਂ ਪਤਾ ਕਿ ਕਿਸੇ ਵਿਅਕਤੀ ਨੇ ਅਸਲ ਦੇ ਵਿੱਚ ਮਨ ਪਰਿਵਰਤਨ ਕੀਤਾ ਗਿਆ ਹੈ ਜਾਂ ਨਹੀਂ। ਇਹ ਉਸਦੀ ਗਵਾਹੀ ਵਿੱਚ ਸ਼ੱਕ ਨੂੰ ਦਰਸਾਉਂਦਾ ਹੈ, ਜਿਸ ਕਾਰਨ ਉਹ ਆਪਣੇ ਵਿਸ਼ਵਾਸ ਵਿੱਚ ਕਮਜ਼ੋਰ ਹੋ ਸਕਦਾ ਹੈ।

ਬਪਤਿਸਮਾ ਕ੍ਰਿਪਾ ਦਾ ਸਾਧਨ ਵੀ ਹੈ, ਕਿਉਂਕਿ ਇੱਕ ਵਿਅਕਤੀ ਵਿਸ਼ਵਾਸ ਦੇ ਨਾਲ ਆਗਿਆਕਾਰੀ ਕਰਦਾ ਹੈ ਅਤੇ ਇਸਨੂੰ ਜਨਤਕ ਤੌਰ ਤੇ ਵਿਖਾਉਂਦਾ ਹੈ, ਇਸ ਲਈ ਪਰਮੇਸ਼ੁਰ ਉਸਨੂੰ ਸਥਾਪਿਤ ਹੋਣ ਦੀ ਕ੍ਰਿਪਾ ਪ੍ਰਦਾਨ ਕਰਦਾ ਹੈ। ਜੇਕਰ ਅਸੀਂ ਕਿਸੇ ਵਿਅਕਤੀ ਨੂੰ ਮਨ ਪਰਿਵਰਤਨ ਕਰਨ ਵਿੱਚ ਸਹਾਇਤਾ ਕਰਦੇ ਹਾਂ ਅਤੇ ਫਿਰ ਉਸਨੂੰ ਬਪਤਿਸਮਾ ਲੈਣ ਲਈ ਇੰਤਜ਼ਾਰ ਕਰਵਾਉਂਦੇ ਹਾਂ, ਤਾਂ ਅਸੀਂ ਉਸ ਤੋਂ ਇਹ ਮਦਦ ਉਸ ਸਮੇਂ ਤੋਂ ਦੂਰ ਰੱਖ ਰਹੇ ਹਾਂ ਜਦੋਂ ਉਸਨੂੰ ਇਸਦੀ ਸਭ ਤੋਂ ਵੱਧ ਜਰੂਰਤ ਹੁੰਦੀ ਹੈ।

ਜੇਕਰ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਕਿਸੇ ਵਿਅਕਤੀ ਨੇ ਸ਼ੁਭਸਮਾਚਾਰ ਨੂੰ ਨਹੀਂ ਸਮਝਿਆ ਹੈ ਅਤੇ ਜੇਕਰ ਉਹ ਕ੍ਰਿਪਾ ਦੁਆਰਾ ਹੋਣ ਵਾਲੇ ਪਰਿਵਰਤਨ ਨੂੰ ਨਹੀਂ ਵਿਖਾਉਂਦਾ, ਤਾਂ ਉਸਨੂੰ ਬਪਤਿਸਮਾ ਨਹੀਂ ਦਿੱਤਾ ਜਾਣਾ ਚਾਹੀਦਾ। ਪਰ ਜੇਕਰ ਉਸਦੇ ਅੰਦਰ ਇਹ ਯੋਗਤਾਵਾਂ ਹਨ, ਤਾਂ ਉਸਨੂੰ ਜਲਦੀ ਦੇ ਨਾਲ ਬਪਤਿਸਮਾ ਦੇ ਦੇਣਾ ਚਾਹੀਦਾ ਹੈ ਤਾਂ ਕਿ ਉਸਦਾ ਵਿਸ਼ਵਾਸ ਹੋਰ ਮਜ਼ਬੂਤ ਹੋ ਸਕੇ।

ਦੇਰੀ ਨਾਲ ਕਰਨ ਵਾਲੇ ਬਪਤਿਸਮੇ ਦੇ ਮੁੱਦੇ

ਕਈ ਮਸੀਹੀ ਹੋਣ ਦੀ ਘੋਸ਼ਣਾ ਕਰਨ ਵਾਲੇ ਲੋਕ ਆਪਣੇ ਬਪਤਿਸਮੇ ਦੇ ਵਿੱਚ ਦੇਰੀ ਕਰਨਾ ਚਾਹੁੰਦੇ ਹਨ। ਉਹ ਕਹਿੰਦੇ ਹਨ ਕਿ ਉਨ੍ਹਾਂ ਨੇ ਸ਼ੁਭਸਮਾਚਾਰ ਤੇ ਵਿਸ਼ਵਾਸ ਕਰਕੇ ਤੋਬਾ ਕਰ ਲਈ ਹੈ, ਪਰ ਉਹ ਅਜੇ ਬਪਤਿਸਮਾ ਨਹੀਂ ਲੈਣਾ ਚਾਹੁੰਦੇ। ਕਈ ਵਾਰ ਉਹ ਕਈ ਸਾਲਾਂ ਦੀ ਦੇਰੀ ਕਰ ਦਿੰਦੇ ਹਨ। ਕਈ ਵਾਰ ਲੋਕ ਮਰਨ ਕਿਨਾਰੇ ਪਹੁੰਚਣ ਤੱਕ ਦੀ ਉਡੀਕ ਕਰਦੇ ਹਨ।

ਜੇਕਰ ਕੋਈ ਵਿਅਕਤੀ ਬਪਤਿਸਮਾ ਲੈਣ ਦਾ ਇਛੁੱਕ ਨਹੀਂ ਹੈ ਤਾਂ ਇਸਦਾ ਮਤਲਬ ਹੈ ਕਿ ਉਹ ਇਸਦੇ ਨਾਲ ਜੁੜੇ ਸਮਰਪਣ ਨੂੰ ਕਰਨ ਦਾ ਇਛੁੱਕ ਨਹੀਂ ਹੈ। ਸ਼ਾਇਦ ਉਹ ਕਲੀਸਿਆ ਦੇ ਪ੍ਰਤੀ ਕੋਈ ਸਮਰਪਣ ਨਹੀਂ ਕਰਨਾ ਚਾਹੁੰਦਾ। ਜਾਂ ਸ਼ਾਇਦ ਕੋਈ ਅਜਿਹਾ ਪਾਪ ਹੈ ਜਿਸਨੂੰ ਉਸਨੇ ਅਜੇ ਵੀ ਨਹੀਂ ਛੱਡਿਆ ਹੈ। ਸ਼ਾਇਦ ਉਹ ਜਨਤਕ ਤੌਰ ਤੇ ਇਹ ਪ੍ਰਗਟ ਨਹੀਂ ਕਰਨਾ ਚਾਹੁੰਦਾ ਕਿ ਉਹ ਇੱਕ ਮਸੀਹੀ ਬਣ ਗਿਆ ਹੈ।

ਜੇਕਰ ਕਿਸੇ ਨੇ ਸੱਚਮੁੱਚ ਦੇ ਵਿੱਚ ਮਨ ਪਰਿਵਰਤਨ ਕੀਤਾ ਹੈ ਤਾਂ ਉਹ ਬਪਤਿਸਮਾ ਲੈਣ ਤੋਂ ਪਹਿਲਾਂ ਹੀ ਮਸੀਹੀ ਬਣ ਚੁੱਕਾ ਹੈ। ਉਸਨੂੰ ਮਸੀਹੀ ਬਣਨ ਦੇ ਲਈ ਬਪਤਿਸਮਾ ਲੈਣ ਦੀ ਜਰੂਰਤ ਨਹੀਂ ਹੈ। ਪਰ ਜੇਕਰ ਉਹ ਪਾਪਾਂ ਨੂੰ ਪੂਰੀ ਤਰ੍ਹਾਂ ਛੱਡ ਕੇ ਮਸੀਹ ਦੀ ਗਵਾਹੀ ਦੇਣ ਦੇ ਲਈ ਤਿਆਰ ਨਹੀਂ ਹੈ ਤਾਂ ਉਹ ਅਜੇ ਮਸੀਹੀ ਨਹੀਂ ਹੈ।

► ਤੁਸੀਂ ਕਿਸੇ ਅਜਿਹੇ ਵਿਅਕਤੀ ਨੂੰ ਕੀ ਕਹੋਗੇ ਜੋ ਆਪਣੇ ਆਪ ਨੂੰ ਮਸੀਹੀ ਦੱਸਦਾ ਹੈ ਪਰ ਬਪਤਿਸਮਾ ਨਹੀਂ ਲੈਣਾ ਚਾਹੁੰਦਾ?

ਨਾਮ ਦਾ ਮੁੱਦਾ

► ਜਦੋਂ ਕੋਈ ਪਾਸਬਾਨ ਕਿਸੇ ਪਰਿਵਰਤਿਤ ਹੋਏ ਵਿਅਕਤੀ ਨੂੰ ਬਪਤਿਸਮਾ ਦਿੰਦਾ ਹੈ ਤਾਂ ਉਸਨੂੰ ਕੀ ਕਹਿਣਾ ਚਾਹੀਦਾ ਹੈ?

ਜਦੋਂ ਯਿਸੂ ਨੇ ਰਸੂਲਾਂ ਨੂੰ ਆਗਿਆ ਦਿੱਤੀ, ਤਾਂ ਉਸਨੇ ਉਨ੍ਹਾਂ ਨੂੰ ਕਿਹਾ, “ਪਿਤਾ ਅਤੇ ਪੁੱਤ੍ਰ ਅਤੇ ਪਵਿੱਤ੍ਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ” (ਮੱਤੀ 28:19)।

ਤ੍ਰਿਏਕਤਾ ਦੇ “ਨਾਮ ਵਿੱਚ” ਵਿੱਚ ਬਪਤਿਸਮਾ ਲੈਣ ਦਾ ਅਰਥ ਉਨ੍ਹਾਂ ਦੇ ਅਧਿਕਾਰ ਅਧੀਨ ਬਪਤਿਸਮਾ ਲੈਣਾ ਹੈ। ਯਿਸੂ ਨੇ ਇਸੇ ਹੀ ਪ੍ਰਕਾਰ ਨਾਮ ਸ਼ਬਦ ਦਾ ਉਪਯੋਗ ਕੀਤਾ ਜਦੋਂ ਉਸਨੇ ਕਿਹਾ ਕਿ ਉਹ ਆਪਣੇ ਖੁਦ ਦੇ ਨਾਮ ਵਿੱਚ ਨਹੀਂ ਆਇਆ (ਯੂਹੰਨਾ 5:43)।

ਕੁਝ ਕਲੀਸਿਆਵਾਂ ਵਿਸ਼ਵਾਸ ਕਰਦੀਆਂ ਹਨ ਕਿ ਬਪਤਿਸਮਾ ਕਰਨ ਵਾਲੇ ਪਾਸਬਾਨ ਨੂੰ ਕਹਿਣਾ ਚਾਹੀਦਾ ਹੈ ਕਿ, “ਮੈਂ ਤੁਹਾਨੂੰ ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿੰਦਾ ਹਾਂ। ਕੁਝ ਹੋਰ ਕਲੀਸਿਆਵਾਂ ਦਾ ਮੰਨਣਾ ਹੈ ਕਿ ਤ੍ਰਿਏਕਤਾ ਦੇ ਤਿੰਨਾਂ ਵਿਅਕਤੀਤਵਾਂ ਦੇ ਅਧਿਕਾਰ ਅਧੀਨ ਬਪਤਿਸਮਾ ਦੇਣ ਦਾ ਸਹੀ ਤਰੀਕਾ ਇਹ ਕਹਿਣਾ ਹੈ, "ਮੈਂ ਤੁਹਾਨੂੰ ਯਿਸੂ ਦੇ ਨਾਮ ਵਿੱਚ ਬਪਤਿਸਮਾ ਦਿੰਦਾ ਹਾਂ।"

ਨਵੇਂ ਨੇਮ ਦੇ ਵਿੱਚ ਅਸੀਂ ਬਪਤਿਸਮੇ ਦੀਆਂ ਹਦਾਇਤਾਂ ਦੀਆਂ ਕਈ ਉਦਾਹਰਨਾਂ ਨੂੰ ਵੇਖਦੇ ਹਾਂ, ਅਤੇ ਉੱਥੇ ਯਿਸੂ ਦੁਆਰਾ ਮਹਾਨ ਆਗਿਆ ਦੇ ਦੌਰਾਨ ਵਰਤੇ ਗਏ ਸ਼ਬਦਾਂ ਨਾਲੋਂ ਅਲੱਗ ਸ਼ਬਦ ਇਸਤੇਮਾਲ ਕੀਤੇ ਗਏ ਹਨ। ਪੰਤੇਕੁਸਤ ਦੇ ਦਿਨ, ਪਤਰਸ ਨੇ ਬਦਲੇ ਹੋਏ ਲੋਕਾਂ ਨੂੰ ਕਿਹਾ, “ਯਿਸੂ ਮਸੀਹ ਦੇ ਨਾਮ ਉੱਤੇ ਬਪਤਿਸਮਾ ਲਵੇ” (ਰਸੂਲਾਂ ਦੇ ਕਰਤੱਬ 2:38)। ਪੌਲੁਸ ਨੇ ਅਫ਼ਸੁਸ ਦੇ ਵਿਸ਼ਵਾਸੀਆਂ ਨੂੰ ਯਿਸੂ ਦੇ ਨਾਮ ਵਿੱਚ ਬਪਤਿਸਮਾ ਦਿੱਤਾ (ਰਸੂਲਾਂ ਦੇ ਕਰਤੱਬ 19:5)। ਪਤਰਸ ਨੇ ਕੁਰਨੇਲਿਯੁਸ ਦੇ ਘਰ ਵਿੱਚ ਲੋਕਾਂ ਨੂੰ ਯਿਸੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਲੈਣ ਲਈ ਕਿਹਾ (ਰਸੂਲਾਂ ਦੇ ਕਰਤੱਬ 10:48)। ਪੌਲੁਸ ਨੇ ਦੱਸਿਆ ਕਿ ਕੁਰਿੰਥੁਸ ਦੀ ਕਲੀਸਿਆ ਦੇ ਵਿਸ਼ਵਾਸੀਆਂ ਨੂੰ ਯਿਸੂ ਦੇ ਨਾਮ ਵਿੱਚ ਬਪਤਿਸਮਾ ਦਿੱਤਾ ਗਿਆ (੧ ਕੁਰਿੰਥੀਆਂ ਨੂੰ 1:12-13)।

ਰਸੂਲਾਂ ਦੇ ਕਰਤੱਬ ਦੀ ਕਿਤਾਬ ਦੇ ਵਿੱਚ, ਯਿਸੂ ਦੇ ਨਾਮ ਵਿੱਚ ਬਪਤਿਸਮੇ ਨੂੰ ਯੂਹੰਨਾ ਦੇ ਬਪਤਿਸਮੇ (ਜਿਸਦਾ ਜ਼ਿਕਰ ਰਸੂਲਾਂ ਦੇ ਕਰਤੱਬ ਵਿੱਚ ਸੱਤ ਵਾਰ ਆਉਂਦਾ ਹੈ) ਨਾਲੋਂ ਅਤੇ ਹੋਰਨਾਂ ਬਪਤਿਸਮਿਆਂ ਨਾਲੋਂ ਵੱਖਰਾ ਦੱਸਿਆ ਗਿਆ ਹੈ।

ਅਜਿਹਾ ਪ੍ਰਤੀਤ ਹੁੰਦਾ ਹੈ ਕਿ ਕਲੀਸਿਆ ਨੇ ਯਿਸੂ ਦੇ ਹੁਕਮ ਨੂੰ ਯਿਸੂ ਦੇ ਨਾਮ ਵਿੱਚ ਬਪਤਿਸਮਾ ਦੇ ਕੇ ਪੂਰਾ ਕੀਤਾ। ਇਹ ਸੰਭਵ ਹੈ ਕਿ ਪਹਿਲੀ ਸਦੀ ਵਿੱਚ ਬਪਤਿਸਮਾ ਦੇਣ ਵਾਲਾ ਪਾਸਬਾਨ ਇਹ ਕਹਿੰਦਾ ਹੋਵੇਗਾ, “ਮੈਂ ਤੁਹਾਨੂੰ ਯਿਸੂ ਦੇ ਨਾਮ ਵਿੱਚ ਬਪਤਿਸਮਾ ਦਿੰਦਾ ਹਾਂ।” ਕਲੀਸਿਆ ਦੇ ਸ਼ੁਰੂਆਤੀ ਦਿਨਾਂ ਦੇ ਵਿੱਚ ਯਿਸੂ ਤੇ ਵਿਸ਼ਵਾਸ ਕਰਨਾ ਮੁੱਖ ਮੁੱਦਾ ਸੀ। ਜੇਕਰ ਕੋਈ ਵਿਅਕਤੀ ਯਿਸੂ ਤੇ ਵਿਸ਼ਵਾਸ ਕਰਦਾ ਸੀ, ਤਾਂ ਉਹ ਮਸੀਹੀ ਸੀ।

ਪਰ, ਕਲੀਸਿਆ ਦੇ ਅਰੰਭਿਕ ਇਤਿਹਾਸ ਦੇ ਵਿੱਚ, ਕਲੀਸਿਆ ਨੇ ਬਪਤਿਸਮੇ ਦੇ ਸਮੇਂ ਤ੍ਰਿਏਕਤਾ ਤੇ ਜ਼ੋਰ ਦਿੱਤਾ। ਕਲੀਸਿਆ ਦੀ ਪਹਿਲੀ ਪੀੜ੍ਹੀ ਦੇ ਅੰਦਰ, ਅਜਿਹੇ ਲੋਕ ਸਨ ਜੋ ਕਹਿੰਦੇ ਸਨ ਕਿ ਉਹ ਯਿਸੂ ਵਿੱਚ ਵਿਸ਼ਵਾਸ ਕਰਦੇ ਸਨ, ਪਰ ਅਸਲ ਵਿੱਚ ਉਹ ਪਰਮੇਸ਼ੁਰ ਦੇ ਬਾਰੇ ਸਹੀ ਗੱਲਾਂ ਵਿੱਚ ਵਿਸ਼ਵਾਸ ਨਹੀਂ ਕਰਦੇ ਸਨ। ਡੀਡਾਕੇ ਕਿਤਾਬ ਦੱਸਦੀ ਹੈ ਕਿ ਮਨ ਪਰਿਵਰਤਨ ਕਰਨ ਵਾਲਿਆਂ ਨੂੰ ਤਿੰਨ ਵਾਰ ਡੁਬੌਣਾ ਚਾਹੀਦਾ ਹੈ, ਅਜਿਹਾ ਤ੍ਰਿਏਕਤਾ ਦੇ ਹਰੇਕ ਵਿਅਕਤੀਤਵ ਦੇ ਵਿੱਚ ਵਿਸ਼ਵਾਸ ਦੇ ਬਿਆਨਾਂ ਦੇ ਨਾਲ ਕੀਤਾ ਜਾਣਾ ਚਾਹੀਦਾ ਹੈ। ਹੋਰ ਲੇਖਕ, ਜੋ ਕਿ 248 ਈਸਵੀ ਜਾਂ ਇਸ ਤੋਂ ਪਹਿਲਾਂ ਦੇ ਹਨ, ਉਨ੍ਹਾਂ ਨੇ ਲਿਖਿਆ ਕਿ ਕਲੀਸਿਆ ਦਾ ਆਮ ਅਭਿਆਸ ਬਪਤਿਸਮੇ ਵੇਲੇ ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਦਾ ਜ਼ਿਕਰ ਕਰਨਾ ਸੀ (ਹਿਪੋਲੀਟਸ, ਔਰੀਗਨ, ਟਰਟੂਲੀਅਨ, ਅਤੇ ਹੋਰ)।

ਅੱਜ ਦੀ ਸਮੱਸਿਆ ਇਹ ਹੈ ਕਿ ਕੁਝ ਧਾਰਮਿਕ ਸਮੂਹ ਤ੍ਰਿਏਕਤਾ ਦਾ ਤਿਆਗ ਕਰਦੇ ਹਨ। ਉਹ ਕਹਿੰਦੇ ਹਨ ਕਿ ਉਹ ਯਿਸੂ ਤੇ ਵਿਸ਼ਵਾਸ ਕਰਦੇ ਹਨ ਪਰ ਉਹ ਯਿਸੂ ਤੇ ਅਜਿਹੇ ਵਿਅਕਤੀਤਵ ਦੇ ਤੌਰ ਤੇ ਵਿਸ਼ਵਾਸ ਨਹੀਂ ਕਰਦੇ ਜੋ ਪਿਤਾ ਅਤੇ ਪਵਿੱਤਰ ਆਤਮਾ ਨਾਲੋਂ ਅਲੱਗ ਹੈ। ਉਹ ਯਿਸੂ ਦੇ ਨਾਮ ਵਿੱਚ ਇਸ ਲਈ ਬਪਤਿਸਮਾ ਦਿੰਦੇ ਹਨ ਕਿਉਂਕਿ ਉਹ ਵਿਸ਼ਵਾਸ ਕਰਦੇ ਹਨ ਕਿ ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਦਾ ਨਾਮ ਯਿਸੂ ਹੈ। ਉਹ ਵਿਸ਼ਵਾਸ ਕਰਦੇ ਹਨ ਕਿ ਤਿੰਨੇ ਇੱਕ ਹੀ ਵਿਅਕਤੀਤਵ ਹਨ।

ਅੱਜ ਜਿਆਦਾਤਰ ਕਲੀਸਿਆਵਾਂ ਇਹ ਵਿਸ਼ਵਾਸ ਕਰਦੀਆਂ ਹਨ ਕਿ ਬਪਤਿਸਮਾ ਤ੍ਰਿਏਕਤਾ ਦੇ ਅਧੀਨ ਹੋਣਾ ਚਾਹੀਦਾ ਹੈ, “ਮੈਂ ਤੁਹਾਨੂੰ ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿੰਦਾ ਹਾਂ।” ਇਸਦੇ ਨਾਲ ਉਹ ਯਿਸੂ ਦੇ ਵਿੱਚ ਉਨ੍ਹਾਂ ਦੇ ਵਿਸ਼ਵਾਸ ਅਤੇ ਤ੍ਰਿਏਕਤਾ ਦੇ ਵਿੱਚ ਭਰੋਸੇ ਦੀ ਪੁਸ਼ਟੀ ਕਰਦੇ ਹਨ।

ਬਪਤਿਸਮੇ ਦਾ ਇੱਕ ਰੂਪ

ਇਕੱਠੇ ਹੋਣਾ: ਬਪਤਿਸਮਾ ਲੈਣ ਵਾਲੇ ਵਿਅਕਤੀ ਨੂੰ ਉਨ੍ਹਾਂ ਲੋਕਾਂ ਦੇ ਨਾਲ ਖੜ੍ਹੇ ਹੋਣਾ ਚਾਹੀਦਾ ਹੈ ਜੋ ਉਸਨੂੰ ਵੇਖਣ ਦੇ ਲਈ ਉੱਥੇ ਹਨ। ਜਿਵੇਂ ਹੀ ਲੋਕ ਇਕੱਠੇ ਹੁੰਦੇ ਹਨ ਤਾਂ ਕੋਈ ਇੱਕ ਵਿਅਕਤੀ ਕੁਝ ਮਿੰਟਾਂ ਦੇ ਲਈ ਗੀਤ ਗਾਉਣ ਦੇ ਵਿੱਚ ਅਗਵਾਈ ਕਰ ਸਕਦਾ ਹੈ।

ਪਵਿੱਤਰ ਵਚਨ: ਕੋਈ ਇੱਕ ਵਿਅਕਤੀ ਮੱਤੀ 28:18-20 ਪੜ੍ਹ ਸਕਦਾ ਹੈ।

ਘੋਸ਼ਣਾ: ਪਾਸਬਾਨ ਨੂੰ ਲੋਕਾਂ ਦੇ ਨਾਲ ਗੱਲ ਕਰਦੇ ਹੋਏ ਕਹਿਣਾ ਚਾਹੀਦਾ ਹੈ, “ਜੋ ਅੱਜ ਬਪਤਿਸਮਾ ਲੈ ਰਹੇ ਹਨ ਉਨ੍ਹਾਂ ਦੇ ਮਸੀਹ ਦੇ ਵਿੱਚ ਵਿਸ਼ਵਾਸ ਦੀ ਗਵਾਹੀ ਦਿੱਤੀ ਹੈ। ਜਿਵੇਂ ਬਪਤਿਸਮਾ ਮਸੀਹ ਦੀ ਮੌਤ ਅਤੇ ਉਸਦੇ ਜੀ ਉੱਠਣ ਨੂੰ ਦਰਸਾਉਂਦਾ ਹੈ, ਉਸੇ ਤਰ੍ਹਾਂ ਇਹ ਵਿਸ਼ਵਾਸੀ ਗਵਾਹੀ ਦਿੰਦੇ ਹਨ ਕਿ ਉਹ ਬਪਤਿਸਮੇ ਦੇ ਦੁਆਰਾ ਪਾਪ ਤੋਂ ਮਰ ਗਏ ਹਨ ਅਤੇ ਪਰਮੇਸ਼ੁਰ ਦੇ ਲਈ ਜਿਉਂਦੇ ਹਨ। ਉਨ੍ਹਾਂ ਨੇ ਪਰਮੇਸ਼ੁਰ ਦੀ ਆਗਿਆਕਾਰੀ ਦੇ ਨਵੇਂ ਜੀਵਨ ਨੂੰ ਸ਼ੁਰੂ ਕੀਤਾ ਹੈ।”

ਪ੍ਰਾਥਨਾ: ਫਿਰ ਪਾਸਬਾਨ ਨੂੰ ਪਰਿਵਰਤਿਤ ਹੋਏ ਵਿਅਕਤੀਆਂ ਦੇ ਲਈ ਪ੍ਰਾਥਨਾ ਦੇ ਵਿੱਚ ਅਗਵਾਈ ਕਰਨੀ ਚਾਹੀਦੀ ਹੈ। ਉਸਦੀ ਪ੍ਰਾਥਨਾ ਦੇ ਵਿੱਚ ਇਸ ਪ੍ਰਕਾਰ ਦੇ ਬਿਆਨ ਸ਼ਾਮਿਲ ਹੋਣੇ ਚਾਹੀਦੇ ਹਨ: “ਪ੍ਰਭੂ ਅਸੀਂ ਤੁਹਾਡੀ ਕ੍ਰਿਪਾ ਦੇ ਲਈ ਧੰਨਵਾਦੀ ਹਾਂ ਜਿਸਨੇ ਇੰਨ੍ਹਾਂ ਨੂੰ ਮੁਕਤੀ ਅਤੇ ਆਤਮਿਕ ਜੀਵਨ ਦੇ ਵਿੱਚ ਲਿਆਂਦਾ ਹੈ। ਅਸੀਂ ਤੁਹਾਡੇ ਧੰਨਵਾਦੀ ਹਾਂ ਕਿ ਤੁਸੀਂ ਇੰਨ੍ਹਾਂ ਨੂੰ ਪਾਪ ਦੀ ਸ਼ਕਤੀ ਤੋਂ ਆਜਾਦ ਕੀਤਾ ਹੈ। ਅਸੀਂ ਪ੍ਰਾਥਨਾ ਕਰਦੇ ਹਾਂ ਕਿ ਪਵਿੱਤਰ ਆਤਮਾ ਦੀ ਸ਼ਕਤੀ ਇੰਨਾਂ ਨੂੰ ਭਰ ਦੇਵੇ ਅਤੇ ਇੰਨਾਂ ਨੂੰ ਹਰ ਰੋਜ਼ ਜਿੱਤ ਪ੍ਰਦਾਨ ਕਰੇ। ਉਨ੍ਹਾਂ ਨੂੰ ਉਨ੍ਹਾਂ ਦੇ ਸਮਾਜ ਦੇ ਲਈ ਗਵਾਹ ਅਤੇ ਕਲੀਸਿਆ ਦੇ ਲਈ ਬਰਕਤ ਬਣਾ।”

ਬਪਤਿਸਮਾ: ਪਰਿਵਰਤਿਤ ਹੋਏ ਵਿਅਕਤੀਆਂ ਨੂੰ ਇੱਕ ਇੱਕ ਕਰਕੇ ਪਾਣੀ ਦੇ ਵਿੱਚ ਪਾਸਟਰ ਦੇ ਕੋਲ ਜਾਣਾ ਚਾਹੀਦਾ ਹੈ। ਹਰੇਕ ਨੂੰ ਬਪਤਿਸਮਾ ਦੇਣ ਤੋਂ ਪਹਿਲਾਂ, ਪਾਸਟਰ ਨੂੰ ਕਹਿਣਾ ਚਾਹੀਦਾ ਹੈ, “ਮੈਂ ਤੁਹਾਨੂੰ ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿੰਦਾ ਹਾਂ।”

ਭਜਨ: ਬਪਤਿਸਮੇ ਤੋਂ ਬਾਅਦ, ਕਲੀਸਿਆ ਮਿਲ ਕੇ ਇੱਕ ਭਜਨ ਗਾ ਸਕਦੀ ਹੈ। ਕੋਈ ਹੋਰ ਵਿਅਕਤੀ ਇੱਕ ਛੋਟੀ ਪ੍ਰਾਥਨਾ ਦੇ ਵਿੱਚ ਅਗਵਾਈ ਕਰ ਸਕਦਾ ਹੈ।

ਸੱਤ ਸੰਖੇਪ ਕਥਨ

1. ਯਿਸੂ ਦੇ ਚੇਲ੍ਹਿਆਂ ਨੇ ਉਸਦੀ ਸੇਵਕਾਈ ਦੇ ਦੌਰਾਨ ਬਪਤਿਸਮੇ ਦਿੱਤੇ।

2. ਮੁੱਢਲੀ ਕਲੀਸਿਆ ਨੇ ਹਰੇਕ ਉਸ ਸਥਾਨ ਤੇ ਬਪਤਿਸਮੇ ਦਿੱਤੇ ਜਿੱਥੇ ਸ਼ੁਭਸਮਾਚਾਰ ਪਹੁੰਚਿਆ।

3. ਬਪਤਿਸਮਾ ਯਿਸੂ ਦੀ ਮੌਤ, ਦਫਨਾਏ ਜਾਣ ਅਤੇ ਜੀ ਉੱਠਣ ਨੂੰ ਦਰਸਾਉਂਦਾ ਹੈ।

4. ਬਪਤਿਸਮਾ ਮੁਕਤੀ ਅਤੇ ਮਸੀਹ ਦੇ ਵਿੱਚ ਨਵੇਂ ਜੀਵਨ ਦੀ ਗਵਾਹੀ ਹੈ।

5. ਇੱਕ ਪਰਿਵਰਤਿਤ ਹੋਏ ਵਿਅਕਤੀ ਨੂੰ ਉਸਦੇ ਪਰਿਵਰਤਨ ਦੇ ਤੁਰੰਤ ਬਾਅਦ ਬਪਤਿਸਮਾ ਦਿੱਤਾ ਜਾਣਾ ਚਾਹੀਦਾ ਹੈ।

6. ਕਿਸੇ ਵਿਅਕਤੀ ਨੂੰ ਇਹ ਨਹੀਂ ਮੰਨਣਾ ਚਾਹੀਦਾ ਹੈ ਕਿ ਉਹ ਬਪਤਿਸਮਾ ਲੈਣ ਦੇ ਨਾਲ ਮਸੀਹੀ ਬਣਿਆ ਹੈ।

7. ਕਲੀਸਿਆ ਨੂੰ ਬਪਤਿਸਮੇ ਦੇ ਵਿੱਚ ਤ੍ਰਿਏਕਤਾ ਦੇ ਧਰਮ ਸਿਧਾਂਤ ਨੂੰ ਸ਼ਾਮਿਲ ਕਰਨਾ ਚਾਹੀਦਾ ਹੈ।

ਪਾਠ 10 ਦੇ ਅਸਾਇਨਮੈਂਟ

1. ਪਾਠ 10 ਲਈ ਸੱਤ ਸੰਖੇਪ ਬਿਆਨ ਯਾਦ ਰੱਖੋ। ਸੱਤ ਸੰਖੇਪ ਬਿਆਨਾਂ (ਸੱਤ ਪੈਰੇ) ਵਿੱਚੋਂ ਹਰੇਕ ਦੇ ਅਰਥ ਅਤੇ ਮਹੱਤਤਾ ਕਿਸੇ ਅਜਿਹੇ ਵਿਅਕਤੀ ਨੂੰ ਸਮਝਾਉਂਦੇ ਹੋਏ ਇੱਕ ਪੈਰਾ ਲਿਖੋ ਜੋ ਇਸ ਕਲਾਸ ਵਿੱਚ ਨਹੀਂ ਹੈ। ਅੱਗਲੀ ਕਲਾਸ ਤੋਂ ਪਹਿਲਾਂ ਇਸਨੂੰ ਕਲਾਸ ਦੇ ਆਗੂ ਨੂੰ ਸੌਂਪ ਦਿਓ। ਜੇਕਰ ਕਲਾਸ ਦਾ ਆਗੂ ਤੁਹਾਨੂੰ ਚਰਚਾ ਸਮੇਂ ਦੌਰਾਨ ਪੁੱਛਦਾ ਹੈ ਤਾਂ ਸਮੂਹ ਨਾਲ ਇੱਕ ਪੈਰਾ ਸਾਂਝਾ ਕਰਨ ਲਈ ਤਿਆਰ ਰਹੋ। ਅੱਗਲੇ ਕਲਾਸ ਸੈਸ਼ਨ ਦੇ ਸ਼ੁਰੂ ਵਿੱਚ ਆਪਣੀ ਯਾਦਦਾਸ਼ਤ ਤੋਂ ਬਿਆਨ ਲਿਖੋ।

2. ਯਾਦ ਰੱਖੋ ਕਿ ਕਲਾਸ ਤੋਂ ਬਾਹਰ ਆਪਣੇ ਪੜ੍ਹਾਉਣ ਦੇ ਮੌਕਿਆਂ ਦਾ ਸਮਾਂ ਖੁਦ ਤੈਅ ਕਰੋ ਅਤੇ ਪੜ੍ਹਾਉਣ ਤੋਂ ਬਾਅਦ ਕਲਾਸ ਆਗੂ ਨੂੰ ਇਸਦੇ ਬਾਰੇ ਰਿਪੋਰਟ ਕਰੋ।

3. ਇੰਟਰਵਿਊ ਅਸਾਇਨਮੈਂਟ: ਤਿੰਨ ਅਲੱਗ-ਅਲੱਗ ਬਪਤਿਸਮਾ ਪਾਏ ਹੋਏ ਵਿਸ਼ਵਾਸੀਆਂ ਦੇ ਨਾਲ ਗੱਲਬਾਤ ਕਰੋ ਅਤੇ ਉਨ੍ਹਾਂ ਤੋਂ ਪੁੱਛੋ ਕਿ ਉਨ੍ਹਾਂ ਦੇ ਲਈ ਉਨ੍ਹਾਂ ਦੇ ਬਪਤਿਸਮੇ ਦਾ ਕੀ ਅਰਥ ਸੀ। ਇਸਦੇ ਬਾਰੇ ਇੱਕ ਸਾਰ ਲਿਖੋ।

Next Lesson