ਸਾਰੇ ਲੋਕਾਂ ਨੂੰ ਨਿਯਮਤ ਤੌਰ ’ਤੇ ਪਿਆਰ ਦੀਆਂ ਸਾਰੀਆਂ ਪੰਜ ਭਾਸ਼ਾਵਾਂ ਵਿੱਚ ਪਿਆਰ ਦੇ ਪ੍ਰਗਟਾਵੇ ਪ੍ਰਾਪਤ ਕਰਨ ਦੀ ਲੋੜ ਹੁੰਦੀ ਹੈ, ਪਰ ਬੱਚਿਆਂ ਨੂੰ ਖਾਸ ਕਰਕੇ ਇਸ ਦੀ ਲੋੜ ਹੁੰਦੀ ਹੈ। ਸੰਤੁਲਿਤ, ਭਾਵਨਾਤਮਕ ਤੌਰ ’ਤੇ ਤੰਦਰੁਸਤ ਬੱਚੇ ਬਣਨ ਲਈ, ਉਨ੍ਹਾਂ ਨੂੰ ਲੋੜ ਹੈ ਕਿ ਉਨ੍ਹਾਂ ਨੂੰ ਲਗਾਤਾਰ ਅਤੇ ਵਾਰ-ਵਾਰ ਇਹ ਦੱਸਿਆ ਜਾਵੇ ਅਤੇ ਵਿਖਾਇਆ ਜਾਵੇ ਕਿ ਮਾਪੇ ਉਨ੍ਹਾਂ ਨੂੰ ਬਿਨਾਂ ਸ਼ਰਤ ਦੇ ਪਿਆਰ ਕਰਦੇ ਹਨ। ਜਦੋਂ ਮਾਪੇ ਹਰ ਦਿਨ ਕਈ ਵਾਰ ਆਪਣੇ ਬੱਚਿਆਂ ਦੇ ਲਈ ਵੱਖ-ਵੱਖ ਤਰੀਕਿਆਂ ਨਾਲ ਆਪਣੇ ਪਿਆਰ ਨੂੰ ਪਰਗਟ ਕਰਦੇ ਹਨ, ਇਹ ਉਨ੍ਹਾਂ ਦੇ ਬੱਚਿਆਂ ਦੇ ਦਿਲਾਂ ਦੀ ਮਿੱਟੀ ਉੱਤੇ ਨਰਮ, ਪੋਸ਼ਣ ਦੇਣ ਵਾਲੇ ਮੀਂਹ ਦੇ ਵਾਂਗ ਹੁੰਦਾ ਹੈ।
ਇਸ ਬਾਰੇ ਅਨੁਮਾਨ ਨਾ ਲਗਾਓ ਕਿ ਤੁਹਾਡੇ ਬੱਚੇ ਉਨ੍ਹਾਂ ਲਈ ਤੁਹਾਡੇ ਪਿਆਰ ਨੂੰ ਜਾਣਦੇ ਹਨ ਅਤੇ ਮਹਿਸੂਸ ਕਰਦੇ ਹਨ। ਜ਼ਰੂਰੀ ਹੈ ਕਿ ਉਹ ਵਾਰ-ਵਾਰ ਅਤੇ ਨਿਯਮਤ ਤੌਰ ’ਤੇ ਉਨ੍ਹਾਂ ਲਈ ਤੁਹਾਡੇ ਪਿਆਰ ਨੂੰ ਪਿਆਰ ਦੀਆਂ ਦੂਸਰੀਆਂ ਭਾਸ਼ਾਵਾਂ ਦੇ ਨਾਲ-ਨਾਲ ਉਨ੍ਹਾਂ ਲਈ ਪਿਆਰ ਦੀ ਮੁੱਖ ਭਾਸ਼ਾ ਦੇ ਵਿੱਚ ਪਰਗਟ ਹੁੰਦਾ ਵੇਖਣ।
ਬੱਚੇ ਦੀ ਪਿਆਰ ਦੀ ਮੁੱਖ ਭਾਸ਼ਾ ਨੂੰ ਨਿਰਧਾਰਤ ਕਰਨਾ  
ਗੈਰੀ ਚਾਪਮੈਨ ਅਤੇ ਰੋਸ ਕੈਮਬੈਲ, ਇਸ ਲਈ ਇਨ੍ਹਾਂ ਵਿਚਾਰਾਂ ਨੂੰ ਦੱਸਦੇ ਹਨ ਕਿ ਤੁਸੀਂ ਕਿਵੇਂ ਆਪਣੇ ਬੱਚੇ ਦੀ ਪਿਆਰ ਦੀ ਮੁੱਖ ਭਾਸ਼ਾ ਨੂੰ ਖੋਜ ਸਕਦੇ ਹੋ:[1] 
1. ਧਿਆਨ ਦੇਵੋ ਕਿ ਤੁਹਾਡਾ ਬੱਚਾ ਤੁਹਾਡੇ ਲਈ ਪਿਆਰ ਨੂੰ ਕਿਵੇਂ ਪਰਗਟ ਕਰਦਾ ਹੈ।
2. ਧਿਆਨ ਦੇਵੋ ਕਿ ਤੁਹਾਡਾ ਬੱਚਾ ਦੂਸਰਿਆਂ ਲਈ ਪਿਆਰ ਨੂੰ ਕਿਵੇਂ ਪਰਗਟ ਕਰਦਾ ਹੈ।
3. ਸੁਣੋ ਕਿ ਤੁਹਾਡਾ ਬੱਚਾ ਅਕਸਰ ਕਿਸ ਚੀਜ਼ ਲਈ ਬੇਨਤੀ ਕਰਦਾ ਹੈ।
4. ਧਿਆਨ ਦੇਵੋ ਕਿ ਤੁਹਾਡਾ ਬੱਚਾ ਅਕਸਰ ਕਿਸ ਚੀਜ਼ ਬਾਰੇ ਸ਼ਕਾਇਤ ਕਰਦਾ ਹੈ।
5. ਆਪਣੇ ਬੱਚੇ ਨੂੰ ਦੋ ਵਿਕਲਪਾਂ ਦੇ ਵਿੱਚ ਚੋਣ ਕਰਨ ਦਿਓ।
ਹੋ ਸਕਦਾ ਹੈ ਕਿ ਪੰਜ ਸਾਲ ਦੀ ਉਮਰ ਤੋਂ ਪਹਿਲਾਂ ਬੱਚੇ ਲਈ ਪਿਆਰ ਦੀ ਮੁੱਖ ਭਾਸ਼ਾ ਨੂੰ ਨਿਰਧਾਰਤ ਕਰਨਾ ਸੰਭਵ ਨਾ ਹੋਵੇ।
ਬੱਚਿਆਂ ਲਈ ਪਿਆਰ ਦੀਆਂ ਭਾਸ਼ਾਵਾਂ ਬਾਰੇ ਵਿਸ਼ੇਸ਼ ਨੋਟਸ  
ਇੱਥੇ ਅਸੀਂ ਪਿਆਰ ਦੀ ਹਰੇਕ ਭਾਸ਼ਾ ਬਾਰੇ ਵਿਸਥਾਰ ਨਾਲ ਗੱਲ ਨਹੀਂ ਕਰਾਂਗੇ ਕਿਉਂਕਿ ਅਸੀਂ ਹਰੇਕ ਬਾਰੇ ਪਹਿਲਾਂ ਹੀ ਚਰਚਾ ਕੀਤੀ ਹੈ। ਇਸ ਦੇ ਬਜਾਏ, ਅਸੀਂ ਬੱਚਿਆਂ ਲਈ ਪਿਆਰ ਵਿਖਾਉਣ ਦੇ ਕੁਝ ਵਿਸ਼ੇਸ਼ ਪ੍ਰਗਟਾਵਿਆਂ ਅਤੇ ਉਪਯੋਗਾਂ ਉੱਤੇ ਧਿਆਨ ਦੇਵਾਂਗੇ।
ਪੁਸ਼ਟੀ ਦੇ ਸ਼ਬਦ  
ਜਦੋਂ ਕੋਈ ਅਕਸਰ ਗਲਤ ਕਰ ਰਿਹਾ ਹੁੰਦਾ ਹੈ ਜਾਂ ਚੰਗਾ ਪ੍ਰਦਰਸ਼ਨ ਨਹੀਂ ਕਰ ਰਿਹਾ ਹੁੰਦਾ, ਤਦ ਪੁਸ਼ਟੀ ਦੇਣਾ ਖਾਸ ਕਰਕੇ ਮੁਸ਼ਕਲ ਲੱਗਦਾ ਹੈ। ਪਰ ਜੇ ਤੁਸੀਂ ਬੋਲਣ ਲਈ ਕੁਝ ਗੰਭੀਰ ਅਤੇ ਪੁਸ਼ਟੀ ਦੇਣ ਵਾਲਾ ਭਾਲ ਸਕਦੇ ਹੋ ਤਾਂ ਇਹ ਤੁਹਾਡੇ ਬੱਚਿਆਂ ਨੂੰ ਪ੍ਰੇਰਿਤ ਕਰੇਗਾ, ਅਤੇ ਇਸ ਦੀ ਜ਼ਿਆਦਾ ਸੰਭਾਵਨਾ ਹੈ ਕਿ ਉਹ ਉੱਨਤੀ ਕਰ ਸਕਣਗੇ।
ਮਹੱਤਵਪੂਰਣ ਸਮਾਂ ਇਕੱਠੇ ਬਿਤਾਉਣਾ 
ਪਰਿਵਾਰਾਂ ਦੇ ਲਈ ਇਹ ਬਹੁਤ ਲਾਭਦਾਇਕ ਹੈ ਕਿ ਉਹ ਘੱਟੋ-ਘੱਟ ਦਿਨ ਵਿੱਚ ਇੱਕ ਵਾਰ ਇਕੱਠੇ ਖਾਣਾ ਖਾਣ ਅਤੇ ਇਸ ਸਮੇਂ ਦੌਰਾਨ ਇੱਕ ਦੂਸਰੇ ਨਾਲ ਗੱਲ ਕਰਨ ਉੱਤੇ ਧਿਆਨ ਦੇਣ।
ਜਿਹੜੇ ਪਰਿਵਾਰਾਂ ਦੇ ਵਿੱਚ ਜ਼ਿਆਦਾ ਬੱਚੇ ਹਨ, ਤਾਂ ਇੱਕ ਬੱਚੇ ਦੇ ਨਾਲ ਮਹੱਤਵਪੂਰਣ ਸਮਾਂ ਬਿਤਾਉਣ ਨੂੰ ਅਣਦੇਖਿਆ ਕਰ ਦੇਣਾ ਆਸਾਨ ਹੁੰਦਾ ਹੈ। ਹਾਲਾਂਕਿ, ਹਰ ਇੱਕ ਬੱਚੇ ਦੇ ਨਾਲ ਕੁਝ ਖਾਸ ਕਰਨ ਲਈ ਸਮਾਂ ਕੱਢਣਾ ਉਨ੍ਹਾਂ ਲਈ ਤੁਹਾਡੇ ਪਿਆਰ ਨੂੰ ਮਹਿਸੂਸ ਕਰਨ ਵਿੱਚ ਉਨ੍ਹਾਂ ਦੀ ਮਦਦ ਕਰੇਗਾ। ਹਰੇਕ ਬੱਚੇ ਦੇ ਨਾਲ ਇਕੱਲੇ ਸਮਾਂ ਬਿਤਾਉਣ ਦੇ ਨਾਲ ਉਨ੍ਹਾਂ ਨੂੰ ਆਪਣੇ ਨਿੱਜੀ ਵਿਚਾਰਾਂ ਨੂੰ ਸਾਂਝਾ ਕਰਨ ਦੇ ਲਈ ਇੱਕ ਸੁਰੱਖਿਅਤ ਮੌਕਾ ਮਿਲੇਗਾ ਜਿਨ੍ਹਾਂ ਵਿਚਾਰਾਂ ਨੂੰ ਆਪਣੇ ਭੈਣ-ਭਰਾਵਾਂ ਜਾਂ ਪਰਿਵਾਰ ਦੇ ਹੋਰ ਮੈਂਬਰਾਂ ਸਾਹਮਣੇ ਸਾਂਝਾ ਕਰਨ ਲਈ ਉਹ ਝਿਜਕਦੇ ਹੋਣਗੇ।
ਬਹੁਤ ਵਾਰ, ਬੱਚੇ ਅਚਾਨਕ ਆਪਣੀ ਮਾਂ ਜਾਂ ਆਪਣੇ ਪਿਤਾ ਦੇ ਨਾਲ ਇਕੱਲੇ ਸਮਾਂ ਬਿਤਾਉਣ ਦੇ ਲਈ ਬੇਨਤੀ ਕਰਨਗੇ। ਕਈ ਵਾਰ ਸੌਣ ਦੇ ਸਮੇਂ ਇੱਕ ਬੱਚਾ ਕਿਸੇ ਚੀਜ਼ ਬਾਰੇ ਗੱਲ ਕਰਨਾ ਚਾਹੇਗਾ ਜੋ ਉਨ੍ਹਾਂ ਦੇ ਦਿਲਾਂ ਉੱਤੇ ਇੱਕ ਬੋਝ ਹੈ। ਮਾਪਿਆਂ ਦੇ ਲਈ ਇਹ ਬਹੁਤ ਮਹੱਤਵਪੂਰਣ ਹੈ ਕਿ ਉਹ ਅਜਿਹੇ ਪਲਾਂ ਦੇ ਵਿੱਚ ਆਪਣੇ ਬੱਚਿਆਂ ਦੀ ਗੱਲ ਸੁਣਨ। ਬਹੁਤ ਵਾਰ, ਇੱਕ ਬੱਚਾ ਆਤਮਿਕ ਮਸਲੇ ਦੇ ਨਾਲ ਨਜਿੱਠ ਰਿਹਾ ਹੁੰਦਾ ਹੈ, ਅਤੇ ਆਪਣੀ ਮਾਂ ਜਾਂ ਆਪਣੇ ਪਿਤਾ ਕੋਲ ਨਿੱਜੀ ਤੌਰ ’ਤੇ ਆਉਣ ਦੁਆਰਾ, ਉਹ ਆਤਮਿਕ ਮਦਦ ਦੀ ਭਾਲ ਕਰ ਰਿਹਾ ਹੁੰਦਾ ਹੈ। ਅਜਿਹੇ ਸਮਿਆਂ ਵਿੱਚ ਮਾਪਿਆਂ ਦੇ ਕੋਲ ਇੱਕ ਵਿਸ਼ੇਸ਼ ਮੌਕਾ ਹੁੰਦਾ ਹੈ ਕਿ ਉਹ ਆਪਣੇ ਬੱਚਿਆਂ ਦੀ ਯਿਸੂ ਵੱਲ ਅਗਵਾਈ ਕਰ ਸਕਣ।
ਜਦੋਂ ਤੁਸੀਂ ਆਪਣੇ ਬੱਚਿਆਂ ਦੇ ਨਾਲ ਸਮਾਂ ਬਿਤਾਉਂਦੇ ਹੋ, ਤਾਂ ਉਨ੍ਹਾਂ ਤੋਂ ਅਜਿਹੇ ਸਵਾਲ ਪੁੱਛੋ ਜਿਨ੍ਹਾਂ ਲਈ ਵਿਸਥਾਰ ਨਾਲ ਜਵਾਬ ਦੇਣ ਦੀ ਲੋੜ ਹੁੰਦੀ ਹੈ, ਇਹ ਤੁਹਾਡੀ ਇਹ ਸਮਝਣ ਵਿੱਚ ਮਦਦ ਕਰੇਗਾ ਕਿ ਉਹ ਕਿਵੇਂ ਸੋਚ ਰਹੇ ਹਨ ਅਤੇ ਉਹ ਕੀ ਮਹਿਸੂਸ ਕਰ ਰਹੇ ਹਨ। ਵਿਸਥਾਰ ਸਹਿਤ ਜਵਾਬ ਵਾਲੇ ਸਵਾਲਾਂ ਦਾ ਜਵਾਬ “ਹਾਂ” ਜਾਂ “ਨਾਂਹ” ਦੇ ਨਾਲ ਨਹੀਂ ਦਿੱਤਾ ਜਾ ਸਕਦਾ। ਇਨ੍ਹਾਂ ਸਵਾਲਾਂ ਦੇ ਲਈ ਇੱਕ ਵਿਸ਼ੇਸ਼ ਉੱਤਰ ਨਹੀਂ ਹੁੰਦਾ ਹੈ। ਅਜਿਹੇ ਸਵਾਲ ਆਮ ਤੌਰ ’ਤੇ “ਕਿਉਂ...” “ਕਿਵੇਂ...” ਜਾਂ “ਕੀ...” ਦੇ ਨਾਲ ਸ਼ੁਰੂ ਹੁੰਦੇ ਹਨ। ਵਿਸਥਾਰ ਨਾਲ ਗੱਲਬਾਤ ਕਰਨ ਦੀ ਸ਼ੁਰੂਆਤ ਅਜਿਹੀਆਂ ਪੰਕਤੀਆਂ ਦੇ ਨਾਲ ਹੁੰਦੀ ਹੈ “ਮੈਨੂੰ... ਬਾਰੇ ਦੱਸੋ” ਜਾਂ “ਤੁਸੀਂ... ਬਾਰੇ ਕੀ ਸੋਚਦੇ ਹੋ।”
ਜਦੋਂ ਤੁਹਾਡਾ ਬੱਚਾ ਤੁਹਾਡੇ ਸਵਾਲਾਂ ਦੇ ਜਵਾਬ ਦਿੰਦਾ ਹੈ, ਉਨ੍ਹਾਂ ਦੇ ਜਵਾਬ ਨੂੰ ਧਿਆਨ ਨਾਲ ਸੁਣਨਾ ਯਕੀਨੀ ਬਣਾਓ ਅਤੇ ਢੁੱਕਵੇਂ ਢੰਗ ਨਾਲ ਜਵਾਬ ਦਿਓ। ਕੁਝ ਮਸਲਿਆਂ ਵਿੱਚ, ਤੁਸੀਂ ਫਾਲੋਅਪ ਦੇ ਲਈ ਸਵਾਲ ਪੁੱਛਣਾ ਚਾਹੋਗੇ। ਹੋਰ ਸਮਿਆਂ ’ਤੇ, ਤੁਸੀਂ ਇਹ ਯਕੀਨੀ ਬਣਾਉਣ ਲਈ ਸਪਸ਼ਟ ਕਰਨਾ ਚਾਹੋਗੇ ਕਿ ਤੁਸੀਂ ਉਹ ਸਮਝਦੇ ਹੋ ਜੋ ਉਹ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਕਈ ਵਾਰ ਤੁਹਾਨੂੰ ਉਸ ਵਿੱਚ ਉਨ੍ਹਾਂ ਦੀ ਪੁਸ਼ਟੀ ਕਰਨੀ ਚਾਹੀਦੀ ਹੈ ਜੋ ਉਹ ਸਮਝ ਰਹੇ ਹਨ ਜਾਂ ਮਹਿਸੂਸ ਕਰ ਰਹੇ ਹਨ। ਇਹ ਮਹੱਤਵਪੂਰਣ ਹੈ ਕਿ ਬੱਚਾ ਇਹ ਮਹਿਸੂਸ ਨਾ ਕਰੇ ਕਿ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਪਰ ਇਹ ਕਿ ਗੱਲਬਾਤ ਸੁਭਾਵਕ ਹੋਵੇ। ਤੁਹਾਡਾ ਧਿਆਨ ਦੇ ਨਾਲ ਸੁਣਨਾ ਬੱਚੇ ਦੀ ਇਹ ਮਹਿਸੂਸ ਕਰਨ ਵਿੱਚ ਮਦਦ ਕਰੇਗਾ ਕਿ ਉਸ ਦੀ ਗੱਲ ਸੁਣੀ ਗਈ ਹੈ, ਉਸ ਨੂੰ ਮਹੱਤਵ ਦਿੱਤਾ ਗਿਆ ਹੈ, ਅਤੇ ਉਸ ਨੂੰ ਪਿਆਰ ਕੀਤਾ ਗਿਆ ਹੈ।
ਇੱਕ ਬੱਚੇ ਦੀ ਇੱਕ ਕਹਾਣੀ ਨੂੰ ਸੁਣਨ ਦੇ ਲਈ ਸਮਾਂ ਕੱਢਣਾ ਵੀ ਉਨ੍ਹਾਂ ਦੇ ਲਈ ਤੁਹਾਡੇ ਪਿਆਰ ਨੂੰ ਉਸ ਤਰੀਕੇ ਨਾਲ ਪਰਗਟ ਕਰਦਾ ਹੈ ਜੋ ਉਨ੍ਹਾਂ ਲਈ ਬਹੁਤ ਮਹੱਤਵਪੂਰਣ ਹੈ। ਬੱਚਿਆਂ ਨੂੰ ਕਹਾਣੀਆਂ ਸੁਣਾਉਣਾ ਜਾਂ ਉਨ੍ਹਾਂ ਲਈ ਕਿਤਾਬਾਂ ਨੂੰ ਪੜ੍ਹਨ ਵਾਸਤੇ ਸਮਾਂ ਕੱਢਣਾ ਵੀ ਮਹੱਤਵਪੂਰਣ ਸਮਾਂ ਇਕੱਠੇ ਬਿਤਾਉਣ ਦਾ ਇੱਕ ਅਦਭੁਤ ਤਰੀਕਾ ਹੈ।
ਮਿਲਕੇ ਗੇਮਾਂ ਖੇਡਣਾ ਜਾਂ ਮਜ਼ੇਦਾਰ ਪ੍ਰੋਜੈਕਟ ਉੱਤੇ ਮਿਲਕੇ ਕੰਮ ਕਰਨਾ ਬੱਚਿਆਂ ਦੇ ਨਾਲ ਮਹੱਤਵਪੂਰਣ ਸਮਾਂ ਬਿਤਾਉਣ ਦੇ ਹੋਰ ਤਰੀਕੇ ਹਨ।
ਕਈ ਮਾਪੇ ਆਪਣੇ ਬੱਚਿਆਂ ਦੇ ਨਾਲ ਲੋੜ ਅਨੁਸਾਰ ਸਮਾਂ ਨਹੀਂ ਬਿਤਾਉਂਦੇ ਹਨ। ਉਹ ਆਪਣੇ ਬੱਚਿਆਂ ਨੂੰ ਤੋਹਫ਼ੇ ਦੇਣ ਨਾਲ ਇਸ ਦੀ ਭਰਪਾਈ ਕਰਨ ਦੀ ਕੋਸ਼ਿਸ਼ ਕਰਦੇ ਹਨ। ਤੋਹਫ਼ੇ ਮਹੱਤਵਪੂਰਣ ਸਮਾਂ ਇਕੱਠੇ ਬਿਤਾਉਣ ਦਾ ਸਥਾਨ ਨਹੀਂ ਲੈ ਸਕਦੇ। ਬੱਚਿਆਂ ਨੂੰ ਆਪਣੇ ਮਾਪਿਆਂ ਦੇ ਨਾਲ ਜ਼ਿਆਦਾ ਸਮਾਂ ਬਿਤਾਉਣ ਦੀ ਲੋੜ ਹੁੰਦੀ ਹੈ, ਭਾਵੇਂ ਉਨ੍ਹਾਂ ਲਈ ਪਿਆਰ ਦੀ ਮੁੱਖ ਭਾਸ਼ਾ ਕੋਈ ਵੀ ਹੋਵੇ। ਤੋਹਫਿਆਂ ਦੀ ਕੋਈ ਵੀ ਗਿਣਤੀ, ਤੁਹਾਡੇ ਬੱਚਿਆਂ ਦੇ ਨਾਲ ਮਹੱਤਵਪੂਰਣ ਸਮਾਂ ਬਿਤਾਉਣ ਦਾ ਸਥਾਨ ਨਹੀਂ ਲਵੇਗੀ।
ਤੋਹਫ਼ੇ 
ਬਹੁਤੇ ਮਾਪੇ ਆਪਣੇ ਬੱਚੇ ਲਈ ਕਦੇ ਹੀ ਕੋਈ ਖਿਡਾਉਣਾ ਜਾਂ ਕੋਈ ਦਿਲਚਸਪ ਕਿਤਾਬ ਖਰੀਦਦੇ ਹਨ, ਕਿਉਂਕਿ ਉਹ ਚੀਜ਼ਾਂ ਜ਼ਰੂਰੀ ਨਹੀਂ ਜਾਪਦੀਆਂ। ਇਹ ਚੀਜ਼ਾਂ ਪਿਆਰ ਦਾ ਇੱਕ ਪ੍ਰਗਟਾਵਾਂ ਹੋਣ ਤੋਂ ਇਲਾਵਾ, ਬੱਚੇ ਦੇ ਵਿਕਾਸ ਲਈ ਮਦਦਗਾਰ ਹੋ ਸਕਦੀਆਂ ਹਨ।
ਸੇਵਾ ਦੇ ਕੰਮ 
ਸੇਵਾ ਦੇ ਕੰਮਾਂ ਵਿੱਚ ਆਪਣੇ ਬੱਚੇ ਦੇ ਲਈ ਪਿਆਰ ਨੂੰ ਪਰਗਟ ਕਰਨ ਵਾਸਤੇ ਕੁਝ ਸੁਝਾਅ:
	
	ਉਨ੍ਹਾਂ ਦੇ ਜਨਮ ਦਿਨ ਲਈ ਉਨ੍ਹਾਂ ਦਾ ਪਸੰਦੀਦਾ ਖਾਣਾ ਬਣਾਓ
	 
	
	ਜਦੋਂ ਉਹ ਬੀਮਾਰ ਹਨ ਤਾਂ ਕੋਮਲਤਾ ਨਾਲ ਉਨ੍ਹਾਂ ਦੀ ਦੇਖਭਾਲ ਕਰੋ
	 
	
	ਆਪਣੇ ਬੱਚੇ ਦੀ ਸਕੂਲ ਦੇ ਇੱਕ ਪ੍ਰੋਜੈਕਟ ਵਿੱਚ ਮਦਦ ਕਰੋ
	 
	
	ਆਪਣੇ ਬੱਚੇ ਦੇ ਨਾਲ ਘਰ ਦੇ ਕੰਮ ਕਰੋ ਅਤੇ ਉਨ੍ਹਾਂ ਦੇ ਕਾਮ ਦੀ ਪ੍ਰਸ਼ੰਸ਼ਾ ਕਰੋ
	 
	
	ਆਪਣੇ ਬੱਚੇ ਦੇ ਨਾਲ ਕਿਸੇ ਲਈ ਕੁਝ ਮਦਦਗਾਰ ਕਰੋ ਜੋ ਤੁਹਾਡੇ ਘਰ ਦਾ ਮੈਂਬਰ ਨਹੀਂ ਹੈ
	 
 
ਸਰੀਰਕ ਸਪਰਸ਼ 
ਸਾਰੇ ਬੱਚਿਆਂ ਅਤੇ ਛੋਟਿਆਂ ਨੂੰ ਸਰੀਰਕ ਛੋਹ ਰਾਹੀਂ ਪਿਆਰ ਦਾ ਅਨੁਭਵ ਕਰਨਾ ਚਾਹੀਦਾ ਹੈ। ਬੱਚਿਆਂ ਦੀਆਂ ਵਿਹਾਰਕ ਜ਼ਰੂਰਤਾਂ ਹੁੰਦੀਆਂ ਹਨ, ਜਿਵੇਂ ਕਿ ਖੁਆਉਣਾ ਅਤੇ ਉਨ੍ਹਾਂ ਦੇ ਡਾਇਪਰ ਬਦਲਣਾ, ਪਰ ਉਨ੍ਹਾਂ ਨੂੰ ਚੁੱਕਣ, ਜੱਫੀ ਪਾਉਣ, ਪਿਆਰ ਕਰਨ ਅਤੇ ਚੁੰਮਣ ਦੀ ਵੀ ਜ਼ਰੂਰਤ ਹੁੰਦੀ ਹੈ। ਇਹ ਕੋਮਲ ਸਰੀਰਕ ਛੋਹ ਪਿਆਰ ਨੂੰ ਇਸ ਤਰੀਕੇ ਨਾਲ ਪਰਗਟ ਕਰਦੀ ਹੈ ਜਿਸ ਤਰ੍ਹਾਂ ਉਹ ਮਹਿਸੂਸ ਕਰਦੇ ਹਨ ਅਤੇ ਉਨ੍ਹਾਂ ਦੀ ਭਾਵਨਾਤਮਕ ਅਤੇ ਮਾਨਸਿਕ ਸਿਹਤ ਲਈ ਜ਼ਰੂਰੀ ਹੈ।
ਇੱਕ ਪਿਤਾ ਲਈ ਆਪਣੇ ਪੁੱਤਰਾਂ ਨਾਲ ਮਸਤੀ ਕਰਨਾ ਪਿਆਰ ਦਾ ਪ੍ਰਗਟਾਵਾ ਹੋ ਸਕਦਾ ਹੈ। ਮੁਕਾਬਲਾ ਦੁੱਖਦਾਇਕ, ਹਾਵੀ, ਕਾਬੂ ਤੋਂ ਬਾਹਰ, ਜਾਂ ਗੁੱਸੇ ਦਾ ਕਾਰਨ ਨਹੀਂ ਹੋਣਾ ਚਾਹੀਦਾ।
ਮਾਪਿਆਂ ਦੇ ਕੰਮਾਂ ਅਤੇ ਸ਼ਬਦਾਂ ਦੇ ਲੰਬੇ ਸਮੇਂ ਲਈ ਪ੍ਰਭਾਵ  
ਮਾਪਿਆਂ ਨੂੰ ਆਪਣੇ ਬੱਚਿਆਂ ਨਾਲ ਆਪਣੇ ਵਿਹਾਰ ਵਿੱਚ ਪਰਮੇਸ਼ੁਰ ਦੀ ਮਿਸਾਲ ਦੀ ਪਾਲਣਾ ਕਰਨੀ ਚਾਹੀਦੀ ਹੈ। ਉਹ ਹਮੇਸ਼ਾ ਆਪਣੇ ਬੱਚਿਆਂ ਦੀ ਦੇਖਭਾਲ ਸੰਪੂਰਣ, ਸਵੈ-ਤਿਆਗ ਵਾਲੇ, ਬਿਨਾਂ ਸ਼ਰਤ ਦੇ ਪਿਆਰ ਨਾਲ ਕਰਦਾ ਹੈ। ਉਹ ਆਪਣੇ ਬੱਚਿਆਂ ਨੂੰ ਉਨ੍ਹਾਂ ਲਈ ਆਪਣੇ ਪਿਆਰ ਦੇ ਕਾਰਨ  ਤਾੜਦਾ, ਸੁਧਾਰਦਾ ਹੈ ਅਤੇ ਸਿਖਲਾਈ ਦਿੰਦਾ ਹੈ (ਇਬਰਾਨੀਆਂ 12:5-7)। ਇਹ ਇੱਕ ਪਿਤਾ/ਬੱਚੇ ਦੇ ਰਿਸ਼ਤੇ ਦੇ ਸੰਦਰਭ ਵਿੱਚ ਹੈ ਕਿ ਉਹ ਵਿਸ਼ਵਾਸੀਆਂ ਦੇ ਜੀਵਨਾਂ ਵਿੱਚ ਉਨ੍ਹਾਂ ਨੂੰ ਆਪਣੇ ਵਰਗੇ ਬਣਾਉਣ ਲਈ ਕੰਮ ਕਰਦਾ ਹੈ (ਇਬਰਾਨੀਆਂ 12:10-11)।
ਮਾਪਿਆਂ ਦਾ ਆਪਣੇ ਬੱਚਿਆਂ ਲਈ ਪਿਆਰ, ਉਨ੍ਹਾਂ ਦੇ ਬੱਚਿਆਂ ਦੇ ਵਿਹਾਰ 'ਤੇ ਨਿਰਭਰ ਨਹੀਂ ਹੋਣਾ ਚਾਹੀਦਾ। ਬੇਸ਼ੱਕ, ਵਿਹਾਰ ਲਈ ਸਕਾਰਾਤਮਕ ਇਨਾਮ ਜਾਂ ਨਕਾਰਾਤਮਕ ਨਤੀਜੇ ਬੱਚਿਆਂ ਦੀ ਸਿਖਲਾਈ ਦਾ ਇੱਕ ਢੁਕਵਾਂ ਹਿੱਸਾ ਹਨ, ਪਰ ਪਿਆਰ ਦੇ ਪ੍ਰਗਟਾਵੇ  ਵਿਹਾਰ ਦੇ ਕਾਰਣ ਨਹੀਂ ਦਿੱਤੇ ਜਾਣੇ ਚਾਹੀਦੇ ਜਾਂ ਵਿਹਾਰ ਦੇ ਕਾਰਣ ਰੋਕੇ ਨਹੀਂ ਜਾਣੇ ਚਾਹੀਦੇ।
ਜੇਕਰ ਇੱਕ ਬੱਚਾ ਆਪਣੇ ਮਾਪਿਆਂ ਦੇ ਬਿਨਾਂ ਸ਼ਰਤ ਦੇ ਪਿਆਰ ਦਾ ਅਨੁਭਵ ਲਗਾਤਾਰ ਕਰਦਾ ਹੈ, ਤਾਂ ਉਹ ਆਪਣੇ ਲਈ ਪਰਮੇਸ਼ੁਰ ਦੇ ਪਿਆਰ ਨੂੰ ਵਧੇਰੇ ਆਸਾਨੀ ਨਾਲ ਸਮਝੇਗਾ ਅਤੇ ਇਸ ’ਤੇ ਵਿਸ਼ਵਾਸ ਕਰੇਗਾ। ਹਾਲਾਂਕਿ, ਉਨ੍ਹਾਂ ਲਈ ਉਨ੍ਹਾਂ ਦੇ ਵੱਡੇ ਹੋ ਜਾਣ ਤੋਂ ਬਾਅਦ ਵੀ ਇੱਕ ਪਿਆਰ ਕਰਨ ਵਾਲੇ ਸਵਰਗੀ ਪਿਤਾ ਨੂੰ ਸਮਝਣਾ ਅਤੇ ਉਸ ਉੱਤੇ ਵਿਸ਼ਵਾਸ ਕਰਨਾ ਵਧੇਰੇ ਮੁਸ਼ਕਲ ਹੁੰਦਾ ਹੈ ਜਿਨ੍ਹਾਂ ਨਾਲ ਬੱਚਿਆਂ ਦੇ ਰੂਪ ਵਿੱਚ ਦੁਰਵਿਹਾਰ ਕੀਤਾ ਗਿਆ ਸੀ ਜਾਂ ਜਿਨ੍ਹਾਂ ਨੂੰ ਅਣਵੇਖਿਆ ਕੀਤਾ ਗਿਆ ਸੀ।
ਬੱਚਿਆਂ ਦੀ ਆਪਣੇ ਆਪ ਬਾਰੇ ਸਮਝ - ਖਾਸ ਕਰਕੇ ਵਿਅਕਤੀਗਤ ਤੌਰ 'ਤੇ ਉਨ੍ਹਾਂ ਦਾ ਮਹੱਤਵ - ਲਗਭਗ ਹਮੇਸ਼ਾ ਉਸ ਤੋਂ ਆਉਂਦੀ ਹੈ ਜੋ ਉਹ ਦੂਸਰਿਆਂ ਤੋਂ ਸੁਣਦੇ ਅਤੇ ਸਮਝਦੇ ਹਨ। ਉਨ੍ਹਾਂ ਦੇ ਮਾਪਿਆਂ ਦੇ ਕੰਮ ਅਤੇ ਸ਼ਬਦ ਸਭ ਤੋਂ ਪ੍ਰਭਾਵਸ਼ਾਲੀ ਹੁੰਦੇ ਹਨ, ਪਰ ਰਿਸ਼ਤੇਦਾਰਾਂ ਅਤੇ ਦੋਸਤਾਂ ਦਾ ਵੀ ਵੱਡਾ ਪ੍ਰਭਾਵ ਹੁੰਦਾ ਹੈ। ਬੱਚਿਆਂ ਨੂੰ ਪਿਆਰ ਦੇ ਪ੍ਰਗਟਾਵੇ ਮਿਲਦੇ ਹਨ ਜਾਂ ਨਹੀਂ ਜਿਨ੍ਹਾਂ ਦੀ ਉਨ੍ਹਾਂ ਨੂੰ ਲੋੜ ਹੁੰਦੀ ਹੈ, ਇਹ ਉਸ ਦਾ ਹਿੱਸਾ ਹੈ ਜੋ ਉਨ੍ਹਾਂ ਦੀ ਖੁਦ ਬਾਰੇ ਤਸਵੀਰ ਨੂੰ ਬਣਾਉਂਦਾ ਹੈ। ਜਦੋਂ ਬੱਚਿਆਂ ਤੋਂ ਪਿਆਰ ਨੂੰ ਰੋਕਿਆ ਜਾਂਦਾ ਹੈ, ਜਾਂ ਬੱਚੇ ਭਾਵਨਾਤਮਕ ਜਾਂ ਸਰੀਰਕ ਸ਼ੋਸ਼ਣ ਦਾ ਅਨੁਭਵ ਕਰਦੇ ਹਨ, ਤਾਂ ਇਹ ਉਨ੍ਹਾਂ ਦੇ ਖੁਦ ਦੇ ਮਹੱਤਵ ਪ੍ਰਤੀ ਉਨ੍ਹਾਂ ਦੇ ਨਜ਼ਰੀਏ ਨੂੰ ਇਸ ਤਰੀਕੇ ਨਾਲ ਨੁਕਸਾਨ ਪਹੁੰਚਾਉਂਦਾ ਹੈ ਜੋ ਉਨ੍ਹਾਂ ਦੇ ਪੂਰੇ ਜੀਵਨ ਨੂੰ ਪ੍ਰਭਾਵਿਤ ਕਰਦਾ ਹੈ।
ਮਾਪਿਆਂ ਦੇ ਸ਼ਬਦ ਬੱਚਿਆਂ ਦੀ ਉਨ੍ਹਾਂ ਦੇ ਆਪਣੇ ਬਾਰੇ ਸਮਝ ਨੂੰ ਪ੍ਰਭਾਵਿਤ ਕਰਦੇ ਹਨ। ਉਦਾਹਰਣ ਦੇ ਲਈ:
	
	ਪੁਸ਼ਟੀ ਦੇ ਸ਼ਬਦ:  “ਤੁਹਾਡੇ ਐਨੀ ਮਿਹਨਤ ਕਰਨ ਕਰਨ ਲਈ ਮੈਨੂੰ ਤੁਹਾਡੇ ’ਤੇ ਮਾਣ ਹੈ! ਮੈਂ ਜਾਣਦਾ ਹਾਂ ਕਿ ਤੁਸੀਂ ਇਹ ਕਰ ਸਕਦੇ ਹੋ!” ਇਹ ਬੱਚਿਆਂ ਨੂੰ ਦੱਸਦਾ ਹੈ ਕਿ ਕੋਸ਼ਿਸ਼ ਮਹੱਤਵਪੂਰਣ ਹੈ, ਅਤੇ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਉਹ ਪ੍ਰਾਪਤੀਆਂ ਕਰਨ ਵਾਲੇ ਬਣ ਸਕਦੇ ਹਨ।
	 
	
	ਵਿਨਾਸ਼ਕਾਰੀ ਸ਼ਬਦ:  “ਤੁਸੀਂ ਬਹੁਤ ਆਲਸੀ ਹੋ। ਮੈਂ ਕਿਸੇ ਵੀ ਚੀਜ਼ ਲਈ ਤੁਹਾਡੇ ’ਤੇ ਭਰੋਸਾ ਨਹੀਂ ਕਰ ਸਕਦਾ!” ਇਹ ਇੱਕ ਬੱਚੇ ਨੂੰ ਇਹ ਵਿਸ਼ਵਾਸ ਕਰਨ ਲਈ ਪ੍ਰੇਰਿਤ ਕਰ ਸਕਦਾ ਹੈ ਕਿ ਉਹ ਬਦਲਣ ਦੇ ਯੋਗ ਨਹੀਂ ਹਨ; ਇਸ ਦਾ ਕੋਈ ਕਾਰਨ ਨਹੀਂ ਹੈ ਕਿ ਉਨ੍ਹਾਂ ਨੂੰ ਬਦਲਣ ਜਾਂ ਤੁਹਾਡਾ ਆਦਰ ਪਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਕਿਉਂਕਿ ਤੁਸੀਂ ਪਹਿਲਾਂ ਹੀ ਉਨ੍ਹਾਂ ਲਈ ਹਾਰ ਮੰਨ ਲਈ ਹੈ। ਇਹ ਬੱਚਿਆਂ ਨੂੰ ਮਹਿਸੂਸ ਕਰਵਾ ਸਕਦਾ ਹੈ ਕਿ ਤੁਸੀਂ ਉਨ੍ਹਾਂ ਨੂੰ ਰੱਦ ਕਰ ਦਿੱਤਾ ਹੈ।
	 
	
	ਪੁਸ਼ਟੀ ਦੇ ਸ਼ਬਦ:  “ਇਹ ਠੀਕ ਹੈ। ਅਸੀਂ ਸਾਰੇ ਕਈ ਵਾਰ ਗਲਤੀਆਂ ਕਰਦੇ ਹਾਂ, ਅਤੇ ਫਿਰ ਅਸੀਂ ਸਿੱਖਦੇ ਹਾਂ ਕਿ ਅਗਲੀ ਵਾਰ ਬਿਹਤਰ ਕਿਵੇਂ ਕਰਨਾ ਹੈ।” ਇਹ ਬੱਚਿਆਂ ਨੂੰ ਦੱਸਦਾ ਹੈ ਕਿ ਗਲਤੀਆਂ ਕਰਨਾ ਸੁਰੱਖਿਅਤ ਹੈ—ਉਨ੍ਹਾਂ ਲਈ ਤੁਹਾਡਾ ਪਿਆਰ ਉਨ੍ਹਾਂ ਦੇ ਸਿੱਧ ਪ੍ਰਦਰਸ਼ਨ 'ਤੇ ਨਿਰਭਰ ਨਹੀਂ ਹੈ। ਇਹ ਬੱਚਿਆਂ ਨੂੰ ਇਹ ਵੀ ਦੱਸਦਾ ਹੈ ਕਿ ਉਨ੍ਹਾਂ ਨੂੰ ਵਧਣ ਦੇ ਯੋਗ ਹੋਣ ਦੀ ਉਮੀਦ ਕਰਨੀ ਚਾਹੀਦੀ ਹੈ, ਕੋਸ਼ਿਸ਼ ਕਰਦੇ ਰਹਿਣ ਦਾ ਇੱਕ ਕਾਰਨ ਹੁੰਦਾ ਹੈ।
	 
	
	ਵਿਨਾਸ਼ਕਾਰੀ ਸ਼ਬਦ: “ ਤੁਸੀਂ ਬਹੁਤ ਮੂਰਖ ਹੋ। ਤੁਸੀਂ ਹਮੇਸ਼ਾ ਗੜਬੜ ਕਰਦੇ ਹੋ।” ਇਹ ਇੱਕ ਬੱਚੇ ਨੂੰ ਇਹ ਵਿਸ਼ਵਾਸ ਕਰਨ ਲਈ ਪ੍ਰੇਰਿਤ ਕਰ ਸਕਦਾ ਹੈ ਕਿ ਕੋਸ਼ਿਸ਼ ਕਰਨਾ ਨਿਰਾਸ਼ਾਜਨਕ ਹੈ। ਇਹ ਉਨ੍ਹਾਂ ਨੂੰ ਆਸਾਨੀ ਨਾਲ ਦੱਸ ਸਕਦਾ ਹੈ ਕਿ ਉਨ੍ਹਾਂ ਦਾ ਮਹੱਤਵ ਉਨ੍ਹਾਂ ਦੇ ਸਿੱਧ ਪ੍ਰਦਰਸ਼ਨ 'ਤੇ ਨਿਰਭਰ ਕਰਦਾ ਹੈ; ਅਤੇ ਕਿਉਂਕਿ ਉਹ ਹਮੇਸ਼ਾ ਗੜਬੜ ਕਰਦੇ ਹਨ, ਉਹ ਕਦੇ ਵੀ ਮਹੱਤਵਪੂਰਣ ਬਣਨ ਦੇ ਯੋਗ ਨਹੀਂ ਹੋਣਗੇ। ਉਹ ਕਦੇ ਵੀ ਪਿਆਰ ਪ੍ਰਾਪਤ ਕਰਨ ਦੇ ਯੋਗ ਨਹੀਂ ਹੋਣਗੇ... ਤੁਹਾਡੇ ਤੋਂ ਜਾਂ ਕਿਸੇ ਹੋਰ ਤੋਂ।
	 
 
ਇੱਕ ਬੱਚੇ ਦੀ ਆਪਣੇ ਆਪ ਨੂੰ ਇੱਕ ਵਿਅਕਤੀ ਵਜੋਂ ਸਮਝਣ ਦੀ ਸਮਰੱਥਾ ਉਸ ਪਿਆਰ ਦੁਆਰਾ ਆਕਾਰ ਵਿੱਚ ਆਉਂਦੀ ਹੈ ਜੋ ਉਸ ਨੂੰ ਦਿੱਤਾ ਜਾਂਦਾ ਹੈ ਜਾਂ ਉਸ ਤੋਂ ਰੋਕਿਆ ਜਾਂਦਾ ਹੈ। ਦੂਸਰਿਆਂ ਨਾਲ ਸਿਹਤਮੰਦ ਤਰੀਕਿਆਂ ਨਾਲ ਰਿਸ਼ਤੇ ਬਣਾਉਣ ਦੀ ਉਸ ਦੀ ਯੋਗਤਾ, ਜਾਂ ਤਾਂ ਉਸ ਦੇ ਮਾਪਿਆਂ ਨਾਲ ਉਸ ਦੇ ਰਿਸ਼ਤੇ ਦੁਆਰਾ ਵਿਕਸਤ ਹੁੰਦੀ ਹੈ ਜਾਂ ਅਪਾਹਜ ਹੁੰਦੀ ਹੈ। ਜਿਸ ਬੱਚੇ ਨੂੰ ਚੰਗੀ ਤਰ੍ਹਾਂ ਪਿਆਰ ਕੀਤਾ ਜਾਂਦਾ ਹੈ ਉਹ ਦੂਸਰੇ ਲੋਕਾਂ ਨੂੰ ਸਵੈ-ਤਿਆਗ ਵਾਲੇ, ਬਿਨਾਂ ਸ਼ਰਤ ਦੇ ਪਿਆਰ ਨਾਲ ਪਿਆਰ ਕਰਨਾ ਸਿੱਖ ਸਕਦਾ ਹੈ। ਉਸ ਕੋਲ ਪਿਆਰ ਦਾ ਭੰਡਾਰ ਵੀ ਹੈ, ਜਿਸ ਤੋਂ ਲਿਆ ਜਾ ਸਕਦਾ ਹੈ।
ਅਸਲੀ ਪਿਆਰ ਬੱਚਿਆਂ ਲਈ ਭਾਵਨਾਤਮਕ ਈਂਧਣ ਹੈ, ਜਿਵੇਂ ਕਿ ਇਹ ਬਾਲਗਾਂ ਲਈ ਹੈ।
ਭਰੇ ਹੋਏ ਭਾਵਨਾਤਮਕ ਟੈਂਕ ਦੇ ਲਾਭ 
ਬਹੁਤ ਸਾਰੇ ਤਰੀਕੇ ਹਨ ਜਿਨ੍ਹਾਂ ਦੁਆਰਾ ਬੱਚੇ ਭਾਵਨਾਤਮਕ ਈਂਧਣ ਦੇ ਭਰੇ ਹੋਏ ਟੈਂਕਾਂ ਦਾ ਲਾਭ ਉਠਾ ਸਕਦੇ ਹਨ। ਜਦੋਂ ਬੱਚੇ ਜਾਣਦੇ ਹਨ ਕਿ ਉਨ੍ਹਾਂ ਨੂੰ ਪਿਆਰ ਕੀਤਾ ਜਾਂਦਾ ਹੈ, ਤਾਂ ਉਨ੍ਹਾਂ ਕੋਲ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਸਹੀ ਢੰਗ ਨਾਲ ਵਿਕਾਸ ਕਰਨ ਲਈ ਲੋੜੀਂਦੀ ਤਾਕਤ ਅਤੇ ਸਥਿਰਤਾ ਹੁੰਦੀ ਹੈ।
ਉਹ ਬੱਚੇ ਜੋ ਜਾਣਦੇ ਹਨ ਕਿ ਉਨ੍ਹਾਂ ਨੂੰ ਬਿਨਾਂ ਸ਼ਰਤ ਦੇ ਪਿਆਰ ਕੀਤਾ ਜਾਂਦਾ ਹੈ, ਉਹ ਭਾਵਨਾਤਮਕ ਤੌਰ 'ਤੇ ਸੁਰੱਖਿਅਤ ਹੁੰਦੇ ਹਨ। ਇਸ ਕਰਕੇ, ਉਹ ਆਪਣੇ ਮਾਪਿਆਂ ਵੱਲੋਂ ਅਨੁਸ਼ਾਸਨ, ਤਾੜਨਾ ਅਤੇ ਮਾਰਗਦਰਸ਼ਨ ਨੂੰ ਸਵੀਕਾਰ ਕਰਨ ਲਈ ਹੋਰ ਤਿਆਰ ਹੁੰਦੇ ਹਨ, ਜਿੰਨਾ ਕਿ ਉਹ ਇਸ ਦਾ ਉਲਟਾ ਕਰਨ ’ਤੇ ਨਹੀਂ ਹੁੰਦੇ। ਉਹ ਹਾਣੀਆਂ ਦੇ ਦਬਾਅ ਕਾਰਨ ਆਉਣ ਵਾਲੇ ਪਰਤਾਵੇ ਦਾ ਵਿਰੋਧ ਕਰਨ ਦੇ ਵੀ ਵਧੇਰੇ ਯੋਗ ਹੁੰਦੇ ਹਨ, ਕਿਉਂਕਿ ਉਹ ਇਸ ਗੱਲ ਵਿੱਚ ਸੁਰੱਖਿਅਤ ਹੁੰਦੇ ਹਨ ਕਿ ਉਹ ਕੌਣ ਹਨ ਅਤੇ ਉਨ੍ਹਾਂ ਨੂੰ ਦੂਸਰਿਆਂ ਸਾਹਮਣੇ ਆਪਣੇ ਆਪ ਨੂੰ ਸਾਬਤ ਕਰਨ ਦੀ ਜ਼ਰੂਰਤ ਨਹੀਂ ਹੁੰਦੀ।
ਇੱਕ ਕੁੜੀ ਜੋ ਆਮ ਤੌਰ 'ਤੇ ਲੜਕਿਆਂ ਨੂੰ ਛੇੜਦੀ ਹੈ, ਇਸ ਤਰ੍ਹਾਂ ਦਾ ਵਿਹਾਰ ਇਸ ਲਈ ਕਰ ਸਕਦੀ ਹੈ ਕਿਉਂਕਿ ਉਸ ਨੂੰ ਡਰ ਹੈ ਕਿ ਉਹ ਉਸ ਨੂੰ ਪਸੰਦ ਨਹੀਂ ਕਰਨਗੇ ਜਾਂ ਉਸ ਵੱਲ ਧਿਆਨ ਨਹੀਂ ਦੇਣਗੇ। ਇੱਕ ਕੁੜੀ ਜੋ ਲੜਕਿਆਂ ਨਾਲ ਸ਼ਰਮੀਲੀ ਹੈ, ਉਸ ਨੂੰ ਡਰ ਹੋ ਸਕਦਾ ਹੈ ਕਿ ਉਹ ਉਸਨੂੰ ਪਸੰਦ ਨਹੀਂ ਕਰਨਗੇ, ਜੇ ਉਹ ਸੱਚਮੁੱਚ ਆਪਣੀ ਸ਼ਖਸੀਅਤ ਨੂੰ ਪਰਗਟ ਕਰਦੀ ਹੈ। ਜਿਨ੍ਹਾਂ ਧੀਆਂ ਨੂੰ ਆਪਣੇ ਪਿਤਾਵਾਂ ਤੋਂ ਪੁਸ਼ਟੀ ਅਤੇ ਪਿਆਰ ਮਿਲਦਾ ਹੈ, ਉਹ ਲੜਕਿਆਂ ਨੂੰ ਛੇੜਨ ਜਾਂ ਸ਼ਰਮੀਲੇ ਹੋਣ ਤੋਂ ਬਿਨਾਂ ਚੰਗੇ ਤਰੀਕਿਆਂ ਨਾਲ ਗੱਲਬਾਤ ਕਰ ਸਕਦੀਆਂ ਹਨ। ਉਹ ਆਪਣੇ ਪਿਤਾ ਦੇ ਪਿਆਰ ਕਾਰਨ ਆਪਣੀ ਪਛਾਣ ਵਿੱਚ ਸੁਰੱਖਿਅਤ ਹਨ।
ਪਿਆਰ ਦੀਆਂ ਪੰਜ ਭਾਸ਼ਾਵਾਂ ਵਿੱਚ ਅਕਸਰ ਪਰਗਟ ਕੀਤਾ ਗਿਆ ਮਾਪਿਆਂ ਦਾ ਸੱਚਾ, ਬਿਨਾਂ ਸ਼ਰਤ ਦਾ ਪਿਆਰ ਬੱਚਿਆਂ ਨੂੰ ਬਹੁਤ ਨੁਕਸਾਨ ਤੋਂ ਬਚਾਉਂਦਾ ਹੈ। ਜਿਨ੍ਹਾਂ ਬੱਚਿਆਂ ਨੂੰ ਚੰਗੀ ਤਰ੍ਹਾਂ ਪਿਆਰ ਕੀਤਾ ਜਾਂਦਾ ਹੈ, ਉਹ ਆਮ ਤੌਰ ’ਤੇ ਉਨ੍ਹਾਂ ਦੂਸਰਿਆਂ ਤੋਂ ਪਿਆਰ ਅਤੇ ਸੁਰੱਖਿਆ ਨਹੀਂ ਭਾਲਦੇ ਜੋ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣ ਦਾ ਇਰਾਦਾ ਰੱਖਦੇ ਹਨ।
ਸੰਖੇਪ ਵਿੱਚ, ਇੱਕ ਬੱਚੇ ਦੇ ਰੂਪ ਵਿੱਚ ਇੱਕ ਭਾਵਨਾਤਮਕ ਈਂਧਣ ਦੇ ਭਰੇ ਹੋਏ ਟੈਂਕ ਦੇ ਬਹੁਤ ਸਾਰੇ ਲਾਭ ਹਨ:
	
	ਕਿਸੇ ਦੇ ਮਹੱਤਵ ਅਤੇ ਇਸ ਦੇ ਸਰੋਤ ਬਾਰੇ ਸਹੀ ਸਮਝ
	 
	
	ਕੋਸ਼ਿਸ਼ਾਂ, ਗਲਤੀਆਂ, ਵਿਕਾਸ ਅਤੇ ਬਿਨਾਂ ਸ਼ਰਤ ਦੇ ਪਿਆਰ ਬਾਰੇ ਸਹੀ ਸਮਝ
	 
	
	ਦੂਸਰਿਆਂ ਨੂੰ ਚੰਗੀ ਤਰ੍ਹਾਂ ਪਿਆਰ ਕਰਨਾ ਸਿੱਖਣ ਦੀ ਯੋਗਤਾ
	 
	
	ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਸਹੀ ਢੰਗ ਨਾਲ ਵਿਕਾਸ ਕਰਨ ਲਈ ਤਾਕਤ ਅਤੇ ਸਥਿਰਤਾ
	 
	
	ਭਾਵਨਾਤਮਕ ਸੁਰੱਖਿਆ
	 
	
	ਅਨੁਸ਼ਾਸਨ, ਸੁਧਾਰ ਅਤੇ ਮਾਰਗਦਰਸ਼ਨ ਨੂੰ ਸਵੀਕਾਰ ਕਰਨ ਦੀ ਯੋਗਤਾ
	 
	
	ਸਾਥੀਆਂ ਦੇ ਗਲਤ ਪ੍ਰਭਾਵਾਂ ਨੂੰ ਰੱਦ ਕਰਨ ਦੀ ਯੋਗਤਾ
	 
	
	ਭਵਿੱਖ ਦੇ ਰਿਸ਼ਤਿਆਂ ਵਿੱਚ ਦੁਰਵਿਹਾਰ ਹੋਣ ਦੀ ਸੰਭਾਵਨਾ ਦਾ ਘੱਟ ਹੋਣਾ
	 
	
	ਜਿਹੜੇ ਬੱਚਿਆਂ ਨੂੰ ਚੰਗਾ ਪਿਆਰ ਮਿਲਦਾ ਹੈ ਤੁਸੀਂ ਉਨ੍ਹਾਂ ਨੂੰ ਹੋਰ ਕਿਹੜੇ ਤਰੀਕਿਆਂ ਨਾਲ ਲਾਭ ਉਠਾਉਂਦੇ ਵੇਖਿਆ ਹੈ?
	 
 
ਇੱਕ ਖਾਲੀ ਭਾਵਨਾਤਮਕ ਟੈਂਕ ਦੇ ਨੁਕਸਾਨ  
ਜਿਹੜੇ ਬੱਚੇ ਪਿਆਰ ਮਹਿਸੂਸ ਨਹੀਂ ਕਰਦੇ, ਉਹ ਅਗਵਾਈ ਦਾ ਵਿਰੋਧ ਕਰ ਸਕਦੇ ਹਨ ਕਿਉਂਕਿ ਉਨ੍ਹਾਂ ਵਿੱਚ ਆਪਣੀ ਮਾਂ ਜਾਂ ਪਿਤਾ ਨੂੰ ਖੁਸ਼ ਕਰਨ ਦੀ ਪ੍ਰੇਰਣਾ ਦੀ ਘਾਟ ਹੁੰਦੀ ਹੈ। ਭਾਵਨਾਤਮਕ ਈਂਧਣ ਦੇ ਇੱਕ ਭਰੇ ਹੋਏ ਟੈਂਕ ਤੋਂ ਬਿਨਾਂ, ਬਹੁਤ ਸਾਰੇ ਬੱਚਿਆਂ ਵਿੱਚ ਉਸ ਮਾਤਾ ਜਾਂ ਪਿਤਾ ਨਾਲ ਵਫ਼ਾਦਾਰੀ ਦੇ ਮਜ਼ਬੂਤ, ਸਕਾਰਾਤਮਕ ਰਿਸ਼ਤੇ ਦੀ ਘਾਟ ਹੁੰਦੀ ਹੈ ਜੋ ਉਨ੍ਹਾਂ ਦੀ ਅਗਵਾਈ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਜਿਨ੍ਹਾਂ ਬੱਚਿਆਂ ਦੇ ਭਾਵਨਾਤਮਕ ਈਂਧਣ ਦੇ ਟੈਂਕ ਖਾਲੀ ਹੁੰਦੇ ਹਨ, ਉਹ ਉਨ੍ਹਾਂ ਬੱਚਿਆਂ ਦੇ ਨਾਲੋਂ ਸ਼ੋਸ਼ਣ ਲਈ ਜ਼ਿਆਦਾ ਕਮਜ਼ੋਰ ਹੁੰਦੇ ਹਨ ਜਿਨ੍ਹਾਂ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨਾਲ ਸਿਹਤਮੰਦ, ਪਿਆਰ ਭਰੇ ਰਿਸ਼ਤੇ ਹੁੰਦੇ ਹਨ। ਕਿਉਂਕਿ ਉਹ ਪਿਆਰ ਮਹਿਸੂਸ ਨਹੀਂ ਕਰਦੇ, ਇਸ ਲਈ ਉਹ ਉਨ੍ਹਾਂ ਲੋਕਾਂ ਤੋਂ ਪਿਆਰ ਦੀ ਮੰਗ ਕਰ ਸਕਦੇ ਹਨ ਜੋ ਉਨ੍ਹਾਂ ਨੂੰ ਵਰਤਣਾ ਚਾਹੁੰਦੇ ਹਨ ਜਾਂ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ।
 
[1] Dr. Gary Chapman and Dr. Ross Campbell, 
The Five Love Languages of Children , (Northfield Publishing, Chicago, 1997), 101-103.
 
                                     
                                    
                                    
                                        
                                                                                                                                    
                                                
                                                     
                                                    Previous
                                                 
                                                                                    
                                                                                                                                    
                                                
                                                    Next