ਬਾਈਬਲ ਅਧਾਰਤ ਵਿਆਹ ਇੱਕ ਸੁੰਦਰ ਚੀਜ਼ ਹੈ। ਪਰ ਜਿਹੜੇ ਜੋੜੇ ਇਸ ਦੀ ਸੁੰਦਰਤਾ ਦਾ ਅਨੁਭਵ ਕਰਨਾ ਚਾਹੁੰਦੇ ਹਨ ਅਤੇ ਇਸ ਦੀ ਭਲਾਈ ਦਾ ਸਵਾਦ ਚੱਖਣਾ ਚਾਹੁੰਦੇ ਹਨ, ਉਨ੍ਹਾਂ ਨੂੰ ਉਸ ਦੀ ਜਾਂਚ ਕਰਨੀ ਚਾਹੀਦੀ ਹੈ ਜੋ ਵਚਨ ਇਸ ਬਾਰੇ ਸਿਖਾਉਂਦਾ ਹੈ, ਅਤੇ ਫਿਰ ਜੋ ਉਹ ਸਿੱਖਦੇ ਹਨ ਉਸ ਦੀ ਆਗਿਆਕਾਰੀ ਕਰਨੀ ਚਾਹੀਦੀ ਹੈ। ਇੱਕ ਸੰਤੁਸ਼ਟ ਵਿਆਹ ਕੋਸ਼ਿਸ਼ ਅਤੇ ਬਲੀਦਾਨ ਦੀ ਮੰਗ ਕਰਦਾ ਹੈ।
ਬਾਈਬਲ ਅਧਾਰਤ ਵਿਆਹ ਸੰਗਤੀ ਲਈ ਹੈ  
ਉਤਪਤ ਦੀ ਪੁਸਤਕ ਪਰਮੇਸ਼ੁਰ ਵੱਲੋਂ ਵਿਆਹ ਨੂੰ ਰਚੇ ਜਾਣ ਦਾ ਵਰਣਨ ਕਰਦੀ ਹੈ। ਵਰਣਨ ਦਾ ਹਰੇਕ ਭਾਗ ਵਿਆਹ ਨੂੰ ਆਦਰ ਦਿੰਦਾ ਹੈ।
ਫੇਰ ਯਹੋਵਾਹ ਪਰਮੇਸ਼ੁਰ ਨੇ ਆਖਿਆ ਭਈ ਚੰਗਾ ਨਹੀਂ ਕਿ ਆਦਮੀ ਇਕੱਲਾ ਰਹੇ ਸੋ ਮੈਂ ਉਹ ਦੇ ਲਈ ਉਹ ਦੇ ਵਾਂਙੁ ਇੱਕ ਸਹਾਇਕਣ ਬਣਾਵਾਂਗਾ (ਉਤਪਤ 2:18)।
 
ਜਿਵੇਂ ਪਿਤਾ, ਪੁੱਤਰ, ਅਤੇ ਪਵਿੱਤਰ ਆਤਮਾ ਸੰਗਤੀ ਵਿੱਚ ਹਨ, ਉਸੇ ਤਰ੍ਹਾਂ ਹੀ ਪਰਮੇਸ਼ੁਰ ਨੇ ਸਾਨੂੰ ਸਮਾਜਿਕ ਹੋਣ ਲਈ ਬਣਾਇਆ ਹੈ। ਸਾਨੂੰ ਗੱਲਬਾਤ ਕਰਨ ਲਈ ਬਣਾਇਆ ਗਿਆ ਸੀ। ਸਾਨੂੰ ਨੇੜਤਾ ਅਤੇ ਸੰਗਤੀ ਲਈ ਬਣਾਇਆ ਗਿਆ ਸੀ। ਪਰਮੇਸ਼ੁਰ ਨੇ ਆਖਿਆ ਕਿ ਇਕੱਲਾ ਰਹਿਣਾ ਚੰਗਾ ਨਹੀਂ ਹੈ!
ਪਰਮੇਸ਼ੁਰ ਨੇ ਆਦਮੀ ਦੀ ਇੱਕ ਪੱਸਲੀ ਲਈ ਅਤੇ ਇਸ ਤੋਂ ਇੱਕ ਸੁੰਦਰ ਔਰਤ ਬਣਾਈ, ਇੱਕ ਹੋਰ ਵਿਅਕਤੀ – ਆਦਮੀ ਵਾਂਗ ਹੀ ਪਰਮੇਸ਼ੁਰ ਦੇ ਸਰੂਪ ਉੱਤੇ ਬਣਾਈ ਗਈ, ਮਹੱਤਵ ਵਿੱਚ ਉਸ ਦੇ ਹੀ ਬਰਾਬਰ, ਪਰ ਬਣਤਰ ਵਿੱਚ ਵੱਖਰੀ – ਜਿਸ ਨੇ ਆਦਮੀ ਨੂੰ ਪੂਰਾ ਕੀਤਾ। ਉਸ ਨੂੰ “ਸਿਰਜਣਹਾਰ ਦੇ ਆਖਰੀ ਅਤੇ ਸਭ ਤੋਂ ਸੰਪੂਰਣ ਕੰਮ ਦੇ ਰੂਪ ਵਿੱਚ, ਆਦਮੀ ਕੋਲ ਖਾਸ ਆਦਰ ਦੇ ਨਾਲ ਲਿਆਂਦਾ ਗਿਆ।”[1] 
ਵਿਆਹ ਇੱਕ ਅਨੰਦਮਈ ਮੇਲ ਹੋਣਾ ਚਾਹੀਦਾ ਹੈ।  
ਜਦੋਂ ਆਦਮ ਨੇ ਆਖਿਆ, “ਇਹ ਹੁਣ ਮੇਰੀਆਂ ਹੱਡੀਆਂ ਵਿੱਚੋਂ ਹੱਡੀ ਹੈ” (ਉਤਪਤ 2:23) ਉਹ ਆਦਰ ਅਤੇ ਅਨੰਦ ਨੂੰ ਪਰਗਟ ਕਰ ਰਿਹਾ ਸੀ। ਆਦਮ ਨੇ ਇਹ ਨਹੀਂ ਆਖਿਆ, “ਅਖੀਰ, ਇਹ ਇੱਕ ਗੁਲਾਮ ਹੈ! ਹੁਣ ਮੇਰੇ ਕੋਲ ਕੋਈ ਹੈ ਜੋ ਮੇਰੇ ਕੱਪੜੇ ਧੋਵੇਗੀ, ਮੇਰਾ ਖਾਣਾ ਬਣਾਵੇਗੀ, ਮੇਰੀ ਪਿੱਠ ਦੀ ਮਾਲਿਸ਼ ਕਰੇਗੀ, ਅਤੇ ਮੇਰੇ ਕੰਮ ਕਰੇਗੀ!” ਨਹੀਂ, ਆਦਮ ਨੇ ਆਖਿਆ, “ਅਖੀਰ, ਇੱਕ ਸਹਾਇਕਣ ਜੋ ਮੈਨੂੰ ਪੂਰਾ ਕਰਦੀ ਹੈ!”
ਵਿਆਹ ਬਰਾਬਰੀ ਦਾ ਮੇਲ ਹੈ।  
... ਉਹ ਦੇ ਵਾਂਙੁ ਇੱਕ ਸਹਾਇਕਣ (ਉਤਪਤ 2:18)।
 
ਪਰਮੇਸ਼ੁਰ ਨੇ ਔਰਤ ਨੂੰ ਆਦਮੀ ਨਾਲ ਪੂਰੀ ਤਰ੍ਹਾਂ ਮੇਲ ਖਾਣ ਅਤੇ ਉਸ ਨੂੰ ਪੂਰਾ ਕਰਨ ਲਈ ਬਣਾਇਆ।
ਮੈਥਿਊ ਹੇਨਰੀ ਸਾਨੂੰ ਯਾਦ ਕਰਾਉਂਦੇ ਹਨ, “ਔਰਤ ਨੂੰ ਆਦਮੀ ਦੇ ਇੱਕ ਪਾਸੇ ਦੀ ਇੱਕ ਪੱਸਲੀ ਤੋਂ ਬਣਾਇਆ ਗਿਆ ਸੀ; ਉਸ ਨੂੰ ਉਸ ਉੱਤੇ ਸ਼ਾਸਨ ਕਰਨ ਲਈ ਉਸ ਦੇ ਸਿਰ ਤੋਂ ਨਹੀਂ ਬਣਾਇਆ ਗਿਆ ਸੀ, ਨਾ ਹੀ ਉਸ ਦੁਆਰਾ ਮਿੱਧੀ ਜਾਣ ਲਈ ਉਸ ਦੇ ਪੈਰ ਤੋਂ ਬਣਾਇਆ ਗਿਆ ਸੀ, ਸਗੋਂ ਉਸ ਦੇ ਇੱਕ ਪਾਸੇ ਤੋਂ ਤਾਂ ਕਿ ਉਹ ਉਸ ਦੇ ਬਰਾਬਰ ਹੋਵੇ, ਆਦਮੀ ਦੀ ਬਾਂਹ ਦੇ ਹੇਠਲੇ ਹਿੱਸੇ ਤੋਂ ਤਾਂ ਕਿ ਆਦਮੀ ਦੁਆਰਾ ਉਸ ਦੀ ਰੱਖਿਆ ਕੀਤੀ ਜਾਵੇ, ਅਤੇ ਉਸ ਦੇ ਦਿਲ ਦੇ ਨੇੜਲੇ ਹਿੱਸੇ ਤੋਂ ਤਾਂ ਕਿ ਉਸ ਨੂੰ ਪਿਆਰ ਕੀਤਾ ਜਾਵੇ।”[2]  ਔਰਤ ਨਾ ਹੀ ਆਦਮੀ ਤੋਂ ਨੀਵੀਂ ਸੀ ਅਤੇ ਨਾ ਹੀ ਸਰੇਸ਼ਟ ਸੀ, ਪਰ ਉਸ ਦੇ ਤੁੱਲ ਸੀ।
ਵਿਆਹ ਇੱਕ ਨੇਮ ਦਾ ਮੇਲ ਹੈ।  
ਸੋ ਮਰਦ ਆਪਣੇ ਮਾਪੇ ਛੱਡਕੇ ਆਪਣੀ ਤੀਵੀਂ ਨਾਲ ਮਿਲਿਆ ਰਹੇਗਾ ਅਤੇ ਓਹ ਇੱਕ ਸਰੀਰ ਹੋਣਗੇ (ਉਤਪਤ 2:24)।
 
ਮਜ਼ਬੂਤ ਵਿਆਹੁਤਾ ਰਿਸ਼ਤੇ ਲਗਾਤਾਰ ਰੋਮਾਂਟਿਕ ਭਾਵਨਾਵਾਂ (ਭਾਵਨਾਵਾਂ ਇਕਸਾਰ ਨਹੀਂ ਰਹਿੰਦੀਆਂ) ਜਾਂ ਅਨੰਦ ’ਤੇ ਨਿਰਭਰ ਨਹੀਂ ਹੁੰਦੇ, (ਭਾਵੇਂ ਕਿ ਚੰਗੇ ਵਿਆਹੁਤਾ ਰਿਸ਼ਤੇ ਅਨੰਦ ਦਿੰਦੇ ਹਨ), ਜਾਂ ਨਿੱਜੀ ਸੰਤੁਸ਼ਟੀ (ਭਾਵੇਂ ਕਿ ਮਜ਼ਬੂਤ ਵਿਆਹੁਤਾ ਰਿਸ਼ਤੇ ਸੰਤੋਸ਼ਜਨਕ ਹੁੰਦੇ ਹਨ) ’ਤੇ ਨਿਰਭਰ ਨਹੀਂ ਹੁੰਦੇ। ਵਿਆਹ ਤੋਂ ਮਿਲਣ ਵਾਲੇ ਲਾਭਾਂ ਦੇ ਕਾਰਨ  ਮਜ਼ਬੂਤ ਵਿਆਹੁਤਾ ਰਿਸ਼ਤੇ ਉਤਪੰਨ ਨਹੀਂ ਹੁੰਦੇ, ਲਾਭ ਤਾਂ ਮਜ਼ਬੂਤ ਵਿਆਹੁਤਾ ਰਿਸ਼ਤੇ ਦਾ ਨਤੀਜਾ  ਹੁੰਦੇ ਹਨ। ਵਿਆਹ ਨੂੰ ਨੇਮ ਦੀ ਇੱਕ ਅਡੋਲ ਨੀਂਹ ਉੱਤੇ ਸਥਾਪਿਤ ਕੀਤਾ ਗਿਆ ਹੈ – ਇੱਕ ਆਦਮੀ ਅਤੇ ਇੱਕ ਔਰਤ ਜੀਵਨ ਭਰ ਲਈ ਇੱਕ ਦੂਸਰੇ ਪ੍ਰਤੀ ਖਾਸ ਤੌਰ ’ਤੇ ਸਮਰਪਿਤ।
ਵਿਆਹ ਇੱਕ ਪਾਰਦਰਸ਼ੀ, ਭਰੋਸੇਯੋਗ, ਅਤੇ ਸਵੀਕਾਰ ਕਰਨ ਵਾਲਾ ਰਿਸ਼ਤਾ ਹੋਣਾ ਚਾਹੀਦਾ ਹੈ – “ਤੇ ਮਰਦ ਅਰ ਉਹ ਦੀ ਤੀਵੀਂ ਦੋਵੇਂ ਨੰਗੇ ਸਨ ਪਰ ਸੰਗਦੇ ਨਹੀਂ ਸਨ” (ਉਤਪਤ 2:25)। ਕਿਉਂਕਿ ਪਾਪ ਨੇ ਅਜੇ ਪਹਿਲੇ ਜੋੜੇ ਦੀ ਮਸੂਮੀਅਤ ਨੂੰ ਭ੍ਰਿਸ਼ਟ ਨਹੀਂ ਕੀਤਾ ਸੀ, ਉਨ੍ਹਾਂ ਦੇ ਵਿਆਹੁਤਾ ਰਿਸ਼ਤੇ ਵਿੱਚ ਕੋਈ ਦੋਸ਼, ਸ਼ਰਮ, ਅਤੇ ਡਰ ਨਹੀਂ ਸੀ। ਨਵਾਂ ਨੇਮ ਸਾਨੂੰ ਦੱਸਦਾ ਹੈ, “ਵਿਆਹ ਕਰਨਾ ਸਭਨਾਂ ਵਿੱਚ ਆਦਰ ਜੋਗ ਗਿਣਿਆ ਜਾਵੇ ਅਤੇ ਵਿਛਾਉਣਾ ਬੇਦਾਗ ਰਹੇ” (ਇਬਰਾਨੀਆਂ 13:4)।
ਜਿੱਥੇ ਅਸੁਰੱਖਿਆ, ਬੇਯਕੀਨੀ, ਸ਼ੱਕ, ਜਾਂ ਡਰ ਹੋਵੇ, ਉੱਥੇ ਇੱਕ ਮਜ਼ਬੂਤ ਵਿਆਹੁਤਾ ਰਿਸ਼ਤਾ ਨਹੀਂ ਹੁੰਦਾ, ਜਿੱਥੇ ਜੀਵਨ ਸਾਥੀਆਂ ਨੂੰ ਵਿਆਹ ਪ੍ਰਤੀ ਇੱਕ ਦੂਸਰੇ ਦੇ ਸਮਰਪਣ ਬਾਰੇ ਯਕੀਨ ਨਾ ਹੋਵੇ। ਮਜ਼ਬੂਤ ਵਿਆਹੁਤਾ ਰਿਸ਼ਤੇ ਇੱਕ ਵਾਇਦੇ ਦੀ ਮੰਗ ਕਰਦੇ ਹਨ ਜੋ ਤਦ ਹੀ ਖਤਮ ਹੁੰਦਾ ਹੈ ਜਦੋਂ ਇੱਕ ਜੀਵਨ ਸਾਥੀ ਮਰ ਜਾਂਦਾ ਹੈ (ਰੋਮੀਆਂ 7:1-2)।
ਪਰਮੇਸ਼ੁਰ ਇਹ ਚਾਹੁੰਦਾ ਹੈ ਕਿ ਵਿਆਹ ਇੱਕ ਆਦਮੀ ਅਤੇ ਇੱਕ ਔਰਤ ਵਿੱਚ ਜੀਵਨ ਭਰ ਦਾ ਨੇਮ ਹੋਵੇ (ਮੱਤੀ 19:3-6)। ਪੌਲੁਸ ਆਖਦਾ ਹੈ ਕਿ ਵਿਸ਼ਵਾਸੀ ਤਦ ਬੰਧਨ ਦੇ ਵਿੱਚ ਨਹੀਂ ਹਨ, ਜਦੋਂ ਉਨ੍ਹਾਂ ਦੇ ਅਵਿਸ਼ਵਾਸੀ ਜੀਵਨ ਸਾਥੀ ਉਨ੍ਹਾਂ ਤੋਂ ਵੱਖ ਹੋ ਜਾਂਦੇ ਹਨ (1 ਕੁਰਿੰਥੀਆਂ 7:15), ਪਰ ਇੱਕ ਵਿਸ਼ਵਾਸੀ ਜੀਵਨ ਸਾਥੀ ਨੂੰ ਆਪਣੇ ਅਵਿਸ਼ਵਾਸੀ ਜੀਵਨ ਸਾਥੀ ਤੋਂ ਵੱਖ ਹੋਣ ਦੀ ਇੱਛਾ ਨਹੀਂ ਰੱਖਣੀ ਚਾਹੀਦੀ (1 ਕੁਰਿੰਥੀਆਂ 7:12-14, 16)। ਪੌਲੁਸ ਨੇ ਪਹਿਲਾਂ ਹੀ ਲਿਖਿਆ ਸੀ ਕਿ ਪਰਮੇਸ਼ੁਰ ਨੇ ਵੀ ਇਹੋ ਆਖਿਆ ਹੈ: ਵਿਸ਼ਵਾਸੀਆਂ ਨੂੰ ਆਪਣੇ ਜੀਵਨ ਸਾਥੀਆਂ ਤੋਂ ਵੱਖ ਹੋਣ ਜਾਂ ਉਨ੍ਹਾਂ ਨੂੰ ਛੱਡਣ ਦਾ ਫੈਸਲਾ ਨਹੀਂ ਲੈਣਾ ਚਾਹੀਦਾ, ਪਰ ਜੇ ਉਹ ਅਜਿਹਾ ਕਰਦੇ ਹਨ, ਤਾਂ ਉਨ੍ਹਾਂ ਨੂੰ ਕਿਸੇ ਹੋਰ ਨਾਲ ਵਿਆਹ ਨਹੀਂ ਕਰਨਾ ਚਾਹੀਦਾ (1 ਕੁਰਿੰਥੀਆਂ 7:10-11, ਮੱਤੀ 5:31-32, ਮੱਤੀ 19:9)।
ਨੇਮ ਦਾ ਪਿਆਰ ਤਦ ਵੀ ਖੁਦ ਦਾ ਤਿਆਗ ਕਰਨ ਵਾਲਾ, ਆਦਰਵਾਨ, ਅਤੇ ਸੁੰਦਰ ਬਣਾਉਣ ਵਾਲਾ ਹੁੰਦਾ ਹੈ, ਜਦੋਂ ਰਿਸ਼ਤੇ ਵਿੱਚ ਮੁਸ਼ਕਲਾਂ ਹੁੰਦੀਆਂ ਹਨ (1 ਕੁਰਿੰਥੀਆਂ 13)। ਕਮਜ਼ੋਰ ਸਮਰਪਣ ਤੋਂ ਅਸਥਾਈ ਜਤਨ, ਭਾਵਨਾਤਮਕ ਅਲੱਗਾਵ, ਵੱਖ ਹੋਣਾ, ਅਤੇ ਪਰਤਾਵੇ ਉਤਪੰਨ ਹੁੰਦੇ ਹਨ।
ਇੱਕ ਪਤੀ ਉਦੋਂ ਨੇਮ ਦੇ ਪਿਆਰ ਨੂੰ ਵਿਖਾ ਰਿਹਾ ਹੁੰਦਾ ਹੈ ਜਦੋਂ ਉਹ ਕਦੇ ਵੀ ਆਪਣੀ ਦੁਲਹਨ ਦੇ ਲਈ ਹਾਰ ਨਹੀਂ ਮੰਨਦਾ ਭਾਵੇਂ ਉਹ ਜਵਾਬ ਨਾ ਦੇਣ ਵਾਲੀ ਜਾਂ ਗੁਸਤਾਖ ਜਾਂ ਬੀਮਾਰ ਹੋਵੇ। ਇੱਕ ਪਤਨੀ ਉਦੋਂ ਨੇਮ ਦੇ ਪਿਆਰ ਨੂੰ ਵਿਖਾ ਰਹੀ ਹੁੰਦੀ ਹੈ ਜਦੋਂ ਉਹ ਮਸੀਹ ਦੇ ਨਮਿੱਤ ਆਪਣੇ ਪਤੀ ਦਾ ਆਦਰ ਕਰਨ ਅਤੇ ਉਸ ਦੀ ਆਗਿਆ ਦਾ ਪਾਲਣ ਕਰਨ ਦਾ ਫੈਸਲਾ ਲੈਂਦੀ ਹੈ, ਭਾਵੇਂ ਕਿ ਉਸ ਦਾ ਪਤੀ ਉਸ ਨੂੰ ਪਿਆਰ ਨਾ ਕਰ ਰਿਹਾ ਹੋਵੇ।
ਪਤੀ ਦਾ ਪਿਆਰ ਪਤਨੀ ਦੇ ਆਦਰ ਨੂੰ ਪ੍ਰਾਪਤ ਕਰਦਾ ਹੈ, ਅਤੇ ਪਤਨੀ ਦਾ ਆਦਰ ਪਤੀ ਦੇ ਪਿਆਰ ਨੂੰ ਪ੍ਰਾਪਤ ਕਰਦਾ ਹੈ। ਅਤੇ ਉਹ ਲਗਾਤਾਰ ਵਧਦੇ ਰਹਿੰਦੇ ਹਨ!
► ਤਦ ਕੀ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਜਦੋਂ ਲੋਕ ਇਹ ਸੋਚ ਕੇ ਵਿਆਹ ਕਰਾਉਂਦੇ ਹਨ ਕਿ ਜੇ ਉਹ ਨਾਖੁਸ਼ ਹੋਏ ਤਾਂ ਉਹ ਬਾਅਦ ਵਿੱਚ ਆਪਣੇ ਫੈਸਲੇ ਨੂੰ ਬਦਲ ਸਕਦੇ ਹਨ? ਜਦੋਂ ਇੱਕ ਵਿਅਕਤੀ ਮੰਨਦਾ ਹੈ ਕਿ ਉਸ ਦਾ ਵਿਆਹ ਸਥਾਈ ਹੈ ਤਾਂ ਪੂਰਾ ਸਮਰਪਣ ਕੀ ਅੰਤਰ ਲਿਆਉਂਦਾ ਹੈ?
ਬਾਈਬਲ ਅਧਾਰਤ ਵਿਆਹ ਲਿੰਗਕ ਸੰਤੁਸ਼ਟੀ ਅਤੇ ਬੱਚੇ ਪੈਦਾ ਕਰਨ ਲਈ ਇੱਕ ਸਥਾਨ ਹੈ  
ਪਰਮੇਸ਼ੁਰ ਨੇ ਲਿੰਗਕ ਸੰਬੰਧਾਂ ਨੂੰ ਅਨੰਦਮਈ ਅਤੇ ਅਨੋਖੇ ਢੰਗ ਨਾਲ ਸ਼ਕਤੀਸ਼ਾਲੀ ਹੋਣ ਲਈ ਬਣਾਇਆ ਹੈ। ਇਹ ਇੱਕ ਕਿਰਿਆ ਹੈ ਜੋ ਸਰੀਰਿਕ, ਭਾਵਨਾਤਮਕ, ਅਤੇ ਆਤਮਿਕ ਤੌਰ ’ਤੇ ਇੱਕ ਕਰਨ ਲਈ ਹੈ। ਸਿਹਤਮੰਦ ਲਿੰਗਕ ਸੰਬੰਧ ਕੇਵਲ ਅਨੰਦਦਾਇਕ ਹੀ ਨਹੀਂ ਹੁੰਦੇ ਅਤੇ ਏਕਤਾ ਹੀ ਨਹੀਂ ਲਿਆਉਂਦੇ, ਸਗੋਂ ਇਹ ਵਿਆਹੁਤਾ ਰਿਸ਼ਤੇ ਨੂੰ ਪੋਸ਼ਣ ਵੀ ਦਿੰਦੇ ਹਨ। ਜੋ ਲਿੰਗਕ ਸੰਬੰਧਾਂ ਬਾਰੇ ਬਾਈਬਲ ਦੀ ਨੈਤਕਿਤਾ ਦਾ ਪਾਲਣ ਕਰਨਾ ਚਾਹੁੰਦੇ ਹਨ, ਉਨ੍ਹਾਂ ਲਈ ਲਿੰਗਕ ਸੰਬੰਧ ਪਰਮੇਸ਼ੁਰ ਦਾ ਤੋਹਫ਼ਾ ਹਨ ਜਿਨ੍ਹਾਂ ਦਾ ਕੇਵਲ ਵਿਆਹੁਤਾ ਰਿਸ਼ਤੇ ਵਿੱਚ ਹੀ ਅਨੰਦ ਮਾਣਿਆ ਜਾਣਾ ਚਾਹੀਦਾ ਹੈ।[3] 
 
► ਵਿਦਿਆਰਥੀਆਂ ਨੂੰ ਸਮੂਹ ਲਈ 1 ਕੁਰਿੰਥੀਆਂ 7:1-5 ਅਤੇ ਇਬਰਾਨੀਆਂ 13:4 ਨੂੰ ਪੜ੍ਹਨਾ ਚਾਹੀਦਾ ਹੈ।
1 ਕੁਰਿੰਥੀਆਂ ਵਿੱਚ ਇਹ ਆਇਤਾਂ ਸਾਨੂੰ ਦੱਸਦੀਆਂ ਹਨ ਕਿ ਵਿਆਹ ਦਾ ਇੱਕ ਮਕਸਦ ਲਿੰਗਕ ਇੱਛਾਵਾਂ ਨੂੰ ਪੂਰਾ ਕਰਨਾ ਹੈ। ਪਤੀ ਅਤੇ ਪਤਨੀ ਨੇ ਆਪਣੇ ਆਪ ਨੂੰ ਇੱਕ ਦੂਸਰੇ ਨੂੰ ਦੇ ਦਿੱਤਾ ਹੈ ਅਤੇ ਆਪਣੀਆਂ ਦੇਹੀਆਂ ਉੱਤੇ ਆਪਣੀ ਮਲਕੀਅਤ ਨੂੰ ਤਿਆਗ ਦਿੱਤਾ ਹੈ। ਜਿਸ ਦਾ ਅਰਥ ਹੈ ਕਿ ਇੱਕ ਵਿਆਹੇ ਵਿਅਕਤੀ ਨੂੰ ਉਦੋਂ ਲਿੰਗਕ ਸੰਬੰਧ ਬਣਾਉਣ ਦੀ ਉਮੀਦ ਨਹੀਂ ਰੱਖਣੀ ਚਾਹੀਦੀ ਜਦੋਂ ਉਹ ਚਾਹੁੰਦਾ ਹੈ ਜਾਂ ਚਾਹੁੰਦੀ ਹੈ, ਸਗੋਂ ਉਨ੍ਹਾਂ ਨੂੰ ਦੂਸਰੇ ਜੀਵਨ ਸਾਥੀ ਦੀਆਂ ਇੱਛਾਵਾਂ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ। ਇਹ ਆਇਤਾਂ ਸਾਨੂੰ ਇਹ ਨਹੀਂ ਦੱਸਦੀਆਂ ਕਿ ਇੱਕ ਵਿਅਕਤੀ ਦੂਸਰੇ ਜੀਵਨ ਸਾਥੀ ਦੀ ਇੱਛਾ ਦੇ ਉਲਟ ਸੰਤੁਸ਼ਟੀ ਦੀ ਮੰਗ ਕਰ ਸਕਦਾ ਹੈ ਜਾਂ ਸਕਦੀ ਹੈ। ਇਸ ਦੇ ਬਜਾਏ, ਇਹ ਆਇਤਾਂ ਹਰੇਕ ਨੂੰ ਇਹ ਦੱਸਦੀਆਂ ਹਨ ਕਿ ਉਹ ਦੂਸਰੇ ਦੀਆਂ ਲੋੜਾਂ ਦਾ ਖਿਆਲ ਰੱਖਣ।
ਇਹ ਭਾਗ ਸਾਨੂੰ ਦੱਸਦਾ ਹੈ ਕਿ ਵਿਆਹੇ ਹੋਏ ਜੋੜਿਆਂ ਨੂੰ ਇੱਕ ਦੂਸਰੇ ਨੂੰ ਇਸ ਵਿਸ਼ੇਸ਼ ਅਧਿਕਾਰ ਤੋਂ ਵਾਂਝਾ ਨਹੀਂ ਰੱਖਣਾ ਚਾਹੀਦਾ। ਵਰਤ ਦੇ ਨਾਲ ਕੁਝ ਸਮੇਂ ਲਈ ਲਿੰਗਕ ਸੰਬੰਧਾਂ ਤੋਂ ਦੂਰ ਰਹਿਣਾ ਜਾਇਜ਼ ਹੈ, ਪਰ ਲੰਬੀ ਜੁਦਾਈ ਅਸੰਤੁਸ਼ਟ ਇੱਛਾਵਾਂ ਦੇ ਕਾਰਨ ਪਰਤਾਵੇ ਦਾ ਕਾਰਣ ਬਣੇਗੀ। ਕਈ ਵਾਰ ਜੋੜੇ ਕਈ ਮਹੀਨਿਆਂ ਤਕ ਜਾਂ ਇਸ ਤੋਂ ਵਧ ਸਮੇਂ ਲਈ ਵੱਖ ਰਹਿਣ ਦਾ ਫੈਸਲਾ ਲੈਂਦੇ ਹਨ ਕਿਉਂਕਿ ਇੱਕ ਸਾਥੀ ਕੰਮ ’ਤੇ ਜਾਂਦਾ ਹੈ ਜਾਂ ਕਿਤੇ ਦੂਰ ਪੜ੍ਹਾਈ ਕਰਦਾ ਹੈ। ਅਜਿਹਾ ਫੈਸਲਾ ਲੈਣ ਤੋਂ ਪਹਿਲਾਂ, ਉਨ੍ਹਾਂ ਨੂੰ ਸੋਚਣਾ ਚਾਹੀਦਾ ਹੈ ਕਿ ਕੀ ਅਜਿਹੀ ਯੋਜਨਾ ਪਰਮੇਸ਼ੁਰ ਦੀ ਯੋਜਨਾ ਦੇ ਅਨੁਸਾਰ ਹੈ ਜਾਂ ਨਹੀਂ। ਲੰਬੀ ਜੁਦਾਈ ਦੇ ਕਾਰਨ ਉਹ ਜ਼ਰੂਰ ਸਮੱਸਿਆਵਾਂ ਦਾ ਸਾਹਮਣਾ ਕਰਨਗੇ।
ਕਈ ਲੋਕ ਅਜਿਹੀ ਜੀਵਨਸ਼ੈਲੀ ਦੀ ਪਾਲਣਾ ਕਰਨ ਨੂੰ ਤਰਜੀਹ ਦਿੰਦੇ ਹਨ ਜਿਸ ਵਿੱਚ ਬੱਚੇ ਸ਼ਾਮਲ ਨਹੀਂ ਹੁੰਦੇ, ਪਰ ਬਾਈਬਲ ਸਿਖਾਉਂਦੀ ਹੈ ਕਿ ਜਦੋਂ ਮਾਪਿਆਂ ਦੇ ਧਰਮੀ ਬੱਚੇ ਹੁੰਦੇ ਹਨ ਤਾਂ ਪਰਮੇਸ਼ੁਰ ਪ੍ਰਸੰਨ ਹੁੰਦਾ ਹੈ (ਮਲਾਕੀ 2:15)। ਇਸ ਗੱਲ ’ਤੇ ਧਿਆਨ ਦੇਣਾ ਮਹੱਤਵਪੂਰਣ ਹੈ ਕਿ ਪਰਮੇਸ਼ੁਰ ਕੇਵਲ ਇਹ ਨਹੀਂ ਚਾਹੁੰਦਾ ਕਿ ਬੱਚੇ ਪੈਦਾ ਕੀਤੇ ਜਾਣ, ਪਰ ਪਰਮੇਸ਼ੁਰ ਧਰਮੀ  ਬੱਚੇ ਚਾਹੁੰਦਾ ਹੈ। ਮਾਪਿਆਂ ਨੂੰ ਪਰਮੇਸ਼ੁਰ ਦੁਆਰਾ ਇਸ ਲਈ ਬੁਲਾਇਆ ਗਿਆ ਹੈ ਕਿ ਉਹ ਆਪਣੇ ਬੱਚਿਆਂ ਨੂੰ ਮਸੀਹ ਦਾ ਅਨੁਸਰਣ ਕਰਨਾ ਸਿਖਾਉਣ।
ਬਾਈਬਲ ਅਧਾਰਤ ਵਿਆਹ ਮਸੀਹ ਲਈ ਹੈ  
► ਵਿਦਿਆਰਥੀਆਂ ਨੂੰ ਸਮੂਹ ਲਈ 1 ਪਤਰਸ 3:1-7 ਅਤੇ ਅਫ਼ਸੀਆਂ 5:22-23 ਨੂੰ ਪੜ੍ਹਨਾ ਚਾਹੀਦਾ ਹੈ। ਇਸ ਚਰਚਾ ਦੇ ਦੌਰਾਨ, ਸਮੂਹ ਨੂੰ ਜਾਂਚ ਲਈ ਵਚਨ ਦੇ ਇਨ੍ਹਾਂ ਭਾਗਾਂ ਨੂੰ ਖੋਲ੍ਹ ਕੇ ਰੱਖਣਾ ਚਾਹੀਦਾ ਹੈ।
ਅਫ਼ਸੀਆਂ 5:30-32 ਵਿੱਚ, ਪਵਿੱਤਰ ਆਤਮਾ ਵਿਆਹ ਦੇ ਹੋਰ ਡੂੰਘੇ ਅਰਥ ਦਾ ਖੁਲਾਸਾ ਕਰਦਾ ਹੈ, ਜੋ ਯਿਸੂ ਦੇ ਆਉਣ ਤਕ ਛੁਪਿਆ ਹੋਇਆ ਸੀ। ਵਿਆਹ ਯਿਸੂ ਮਸੀਹ ਅਤੇ ਉਸ ਦੀ ਕਲੀਸਿਯਾ ਵਿਚਲੇ ਰਿਸ਼ਤੇ ਦੀ ਧਰਤੀ ਉੱਤੇ ਇੱਕ ਤਸਵੀਰ ਹੈ, ਇੱਕ ਪ੍ਰਤੀਬਿੰਬ ਹੈ।
ਪੌਲੁਸ ਵਿਸ਼ਵਾਸੀਆਂ ਨੂੰ ਪਵਿੱਤਰ ਆਤਮਾ ਨਾਲ ਭਰਪੂਰ ਹੋਣ ਦਾ ਉਪਦੇਸ਼ ਦਿੰਦੇ ਹੋਏ ਇਸ ਭਾਗ ਨੂੰ ਸ਼ੁਰੂ ਕਰਦਾ ਹੈ (ਅਫ਼ਸੀਆਂ 5:18)। ਇਸੇ ਸੰਦਰਭ ਵਿੱਚ ਉਹ ਵਿਆਹੁਤਾ ਰਿਸ਼ਤੇ ਲਈ ਹੇਠ ਲਿਖਿਆ ਨਿਰਦੇਸ਼ ਦਿੰਦਾ ਹੈ।
ਆਤਮਾ ਦੇ ਨਾਲ ਭਰਪੂਰ ਦੁਲਹਨ  ਪ੍ਰਭੂ ਵਿੱਚ ਆਪਣੇ ਦੁਲ੍ਹੇ (ਆਪਣੇ “ਸਿਰ”) ਦੇ ਅਧੀਨ  ਹੋਵੇਗੀ, ਉਸੇ ਤਰ੍ਹਾਂ ਜਿਵੇਂ ਵਿਸ਼ਵਾਸੀ ਮਸੀਹ ਦੇ ਅਧੀਨ ਹੁੰਦੇ ਹਨ (ਅਫ਼ਸੀਆਂ 5:24, 32; 1 ਪਤਰਸ 3:1 ਵੀ ਵੇਖੋ)। ਇਸੇ ਤਰ੍ਹਾਂ ਉਹ ਯਿਸੂ ਲਈ ਅਤੇ ਆਪਣੇ ਪਤੀ ਲਈ ਆਦਰ ਵਿਖਾਉਂਦੀ ਹੈ। ਪਤਨੀ ਨੂੰ ਆਪਣੇ ਪਤੀ ਦੀ ਅਗਵਾਈ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਭਾਵੇਂ ਪਤੀ ਵਿਸ਼ਵਾਸੀ ਨਾ ਵੀ ਹੋਵੇ। ਜੇ ਉਹ ਅਜਿਹਾ ਕਰਦੀ ਹੈ, ਤਾਂ ਉਸ ਦੇ ਅਵਿਸ਼ਵਾਸੀ ਪਤੀ ਦੇ ਵਿਸ਼ਵਾਸੀ ਬਣਨ ਦੀ ਸੰਭਾਵਨਾ ਵਧ ਜਾਂਦੀ ਹੈ।
ਹਰੇਕ ਪਤਨੀ ਲਈ ਇਹ ਮਹੱਤਵਪੂਰਣ ਹੈ ਕਿ ਉਹ ਆਪਣੀ ਅਧੀਨਗੀ ਵਿੱਚ ਪ੍ਰਭੂ ਨੂੰ ਆਪਣੇ ਮਨ ਵਿੱਚ ਰੱਖੇ। ਇਹ ਉਸ ਲਈ ਅਤੇ ਉਸ ਅੱਗੇ ਹੈ ਕਿ ਉਹ ਅਧੀਨ ਹੁੰਦੀ ਹੈ ਅਤੇ ਕੇਵਲ ਆਪਣੇ ਪਤੀ ਦੇ ਲਈ ਨਹੀਂ। ਉਸ ਦੀ ਨਜ਼ਰ ਯਿਸੂ ਉੱਤੇ ਹੈ, ਕੇਵਲ ਉਹੋ ਹੈ ਜਿਸ ਵਿੱਚ ਕੋਈ ਗਲਤੀ ਨਹੀਂ ਹੈ। ਇੱਕ ਪਤਨੀ ਦਾ ਸਵੈ-ਇੱਛਾ ਦੇ ਨਾਲ ਆਪਣੇ ਪਤੀ ਦੇ ਅਧੀਨ ਹੋਣਾ, ਯਿਸੂ ਦੀ ਅਰਾਧਨਾ ਦਾ ਇੱਕ ਕੰਮ ਹੈ।
ਪਿਆਰ ਦੇ ਵਾਂਗ ਹੀ, ਬਾਈਬਲ ਅਧਾਰਤ ਅਧੀਨਗੀ ਲਈ ਮਜ਼ਬੂਰ ਨਹੀਂ ਕੀਤਾ ਜਾ ਸਕਦਾ। ਬਾਈਬਲ ਅਧਾਰਤ ਅਧੀਨਗੀ ਇੱਕ ਤੋਹਫ਼ਾ ਹੈ ਜੋ ਮਸੀਹ ਲਈ ਆਦਰ ਦੇ ਕਾਰਣ ਪਤਨੀਆਂ ਆਪਣੇ ਪਤੀਆਂ ਨੂੰ ਦਿੰਦੀਆਂ ਹਨ (ਅਫ਼ਸੀਆਂ 5:22-24)। ਹਰੇਕ ਚੀਜ਼ ਵਿੱਚ ਅਧੀਨ ਹੋਣਾ ਯਿਸੂ ਦੀ ਅਰਾਧਨਾ ਕਰਨ ਦਾ ਇੱਕ ਕੰਮ ਹੈ।[4] 
ਇੱਕ ਪਤਨੀ ਦਾ ਆਪਣੇ ਪਤੀ ਦੇ ਅਧੀਨ ਹੋਣਾ ਉਸ ਪ੍ਰਤੀ ਆਦਰ (ਅਫ਼ਸੀਆਂ 5:33) ਦਾ ਇੱਕ ਕੰਮ ਹੈ, ਆਤਮਾ ਦੇ ਨਾਲ ਭਰਪੂਰ ਜੀਵਨ ਦੇ ਇੱਕ ਹਿੱਸੇ ਵਜੋਂ (ਅਫ਼ਸੀਆਂ 5:18-21)। ਇਹ ਆਦਰ ਜੋ ਕੋਮਲ ਅਤੇ ਸ਼ਾਂਤ ਆਤਮਾ ਤੋਂ ਆਉਂਦਾ ਹੈ, ਉਹ ਪਰਮੇਸ਼ੁਰ ਦੀ ਨਜ਼ਰ ਵਿੱਚ ਬੇਸ਼ਕੀਮਤੀ ਹੈ (1 ਪਤਰਸ 3:4)।
ਆਤਮ ਦੇ ਨਾਲ ਭਰਪੂਰ ਦੁਲ੍ਹਾ  ਆਪਣੀ ਪਤਨੀ ਨੂੰ ਓਵੇਂ ਪਿਆਰ  ਕਰੇਗਾ ਜੀਵਨ ਯਿਸੂ ਕਲੀਸਿਯਾ ਨੂੰ ਪਿਆਰ ਕਰਦਾ ਹੈ (ਅਫ਼ਸੀਆਂ 5:25)। ਦੁਲ੍ਹੇ ਨੂੰ ਉਸ ਨੂੰ ਓਵੇਂ ਹੀ ਪਿਆਰ ਕਰਨਾ ਚਾਹੀਦਾ ਹੈ ਜਿਵੇਂ ਉਹ ਆਪਣੇ ਸਰੀਰ ਨੂੰ ਪਿਆਰ ਕਰਦਾ ਹੈ (ਅਫ਼ਸੀਆਂ 5:28-29)। ਪਤੀ ਨੂੰ ਉਸ ਲਈ ਉਸੇ ਤਰ੍ਹਾਂ ਦਾ ਹੀ ਆਤਮਾ ਨਾਲ ਭਰਪੂਰ ਸਵੈ-ਬਲੀਦਾਨ ਪਰਗਟ ਕਰਨਾ ਚਾਹੀਦਾ ਹੈ ਜਿਵੇਂ ਯਿਸੂ ਨੇ ਆਪਣੀ ਕਲੀਸਿਯਾ ਦੇ ਲਈ ਪਰਗਟ ਕੀਤਾ ਜਦੋਂ ਉਸ ਨੇ ਉਸ ਲਈ ਆਪਣੇ ਆਪ ਨੂੰ ਦੇ ਦਿੱਤਾ। ਇਹ ਪਰਮੇਸ਼ੁਰ ਅੱਗੇ ਅਧੀਨਗੀ ਦਾ ਇੱਕ ਕੰਮ ਹੈ (ਅਫ਼ਸੀਆਂ 5:21)। ਇੱਕ ਟਿੱਪਣੀਕਾਰ ਨੇ ਇਸ ਬਾਰੇ ਇਸ ਤਰ੍ਹਾਂ ਲਿਖਿਆ ਹੈ:
ਜਿਵੇਂ ਉਸ (ਯਿਸੂ) ਨੇ ਕਲੀਸਿਯਾ ਨੂੰ ਬਚਾਉਣ ਲਈ ਆਪਣੇ ਆਪ ਨੂੰ ਸਲੀਬ ਉੱਤੇ ਦੁੱਖ ਉਠਾਉਣ ਲਈ ਦੇ ਦਿੱਤਾ, ਉਸੇ ਤਰ੍ਹਾਂ ਸਾਨੂੰ ਵੀ ਆਪਣੇ ਆਪ ਦਾ ਇਨਕਾਰ ਕਰਨ ਅਤੇ [ਕਠੋਰ ਮਿਹਨਤ ਅਤੇ ਮੁਸ਼ਕਲਾਂ ਨੂੰ] ਸਹਿਣ ਲਈ ਤਿਆਰ ਰਹਿਣਾ ਚਾਹੀਦਾ ਹੈ, ਤਾਂ ਕਿ ਅਸੀਂ ਪਤਨੀ ਦੀ ਖੁਸ਼ੀ ਨੂੰ ਵਧਾ ਸਕੀਏ। ਇਹ ਪਤੀ ਦਾ ਫਰਜ਼ ਹੈ ਕਿ ਉਸ ਦਾ ਸਾਥ ਦੇਣ ਲਈ (ਲਗਨ ਨਾਲ ਕੰਮ) ਕਰੇ; ਉਸ ਦੀਆਂ ਲੋੜਾਂ ਨੂੰ ਪੂਰਾ ਕਰਨਾ ਲਈ; ਅਤੇ ਉਸ ਦੀ ਬਿਮਾਰੀ ਵਿੱਚ ਉਸ ਦੀ ਦੇਖਭਾਲ ਕਰਨ ਲਈ, ਜੇ ਲੋੜ ਪਵੇ ਤਾਂ ਆਪਣੇ ਅਰਾਮ ਅਤੇ ਚੈਨ ਦਾ ਤਿਆਗ ਕਰੇ; ਖਤਰੇ ਵਿੱਚ ਉਸ ਦੇ ਅੱਗੇ ਜਾਣ ਲਈ; ਜੇ ਉਹ ਕਿਸੇ [ਖਤਰਨਾਕ ਸਥਿੱਤੀ ਵਿੱਚ] ਹੈ ਤਾਂ ਉਸ ਦਾ ਬਚਾਅ ਕਰਨ ਲਈ; ਜਦੋਂ ਉਹ ਚਿੜਚਿੜੀ ਹੈ ਤਾਂ ਉਸ ਨੂੰ ਸਹਿਣ ਕਰਨ ਲਈ; ਜਦੋਂ ਉਹ ਉਸ ਨੂੰ ਦੂਰ ਧੱਕਦੀ ਹੈ ਤਦ ਉਸ ਨੂੰ ਘੁੱਟ ਕੇ ਫੜ੍ਹੀ ਰੱਖਣ ਲਈ; ਜਦੋਂ ਉਹ ਆਤਮਿਕ ਮੁਸ਼ਕਿਲ ਵਿੱਚ ਹੈ ਤਦ ਉਸ ਨਾਲ ਪ੍ਰਾਰਥਨਾ ਕਰਨ ਲਈ; ਅਤੇ ਉਸ ਨੂੰ ਬਚਾਉਣ ਲਈ ਮਰਨ ਵਾਸਤੇ ਤਿਆਰ ਰਹਿਣ ਲਈ। ਅਜਿਹਾ ਕਿਉਂ ਨਹੀਂ ਹੋਣਾ ਚਾਹੀਦਾ? ਜੇ ਉਨ੍ਹਾਂ ਦਾ ਸਮੁੰਦਰੀ ਜਹਾਜ਼ ਤਬਾਹ ਹੋ ਜਾਂਦਾ ਹੈ, ਅਤੇ ਉੱਥੇ ਇੱਕ ਲੱਕੜੀ ਹੈ ਜਿਸ ਉੱਤੇ ਜਾ ਕੇ ਸੁਰੱਖਿਅਤ ਰਿਹਾ ਜਾ ਸਕਦਾ ਹੈ, ਤਾਂ ਕੀ ਉਸ ਨੂੰ ਆਪਣੀ ਪਤਨੀ ਨੂੰ ਉਸ ਉੱਤੇ ਨਹੀਂ ਬਿਠਾਉਣਾ ਚਾਹੀਦਾ, ਅਤੇ ਆਪਣੇ ਲਈ ਸਾਰੇ ਖਤਰਿਆਂ ਵਿੱਚ ਉਸ ਨੂੰ ਸੁਰੱਖਿਅਤ ਨਹੀਂ ਵੇਖਣਾ ਚਾਹੀਦਾ? ਪਰ ਇਸ ਤੋਂ ਵਧਕੇ ਹੋਰ ਵੀ ਹੈ... ਪਤੀ ਨੂੰ ਇਹ ਮਹਿਸੂਸ ਕਰਨਾ ਚਾਹੀਦਾ ਹੈ ਕਿ ਆਪਣੀ ਪਤਨੀ ਦੀ ਮੁਕਤੀ ਦੀ ਭਾਲ ਕਰਨਾ ਉਸ ਦੇ ਜੀਵਨ ਦਾ ਇੱਕ ਵੱਡਾ ਟੀਚਾ ਹੋਣਾ ਚਾਹੀਦਾ ਹੈ। ਉਸ ਨੂੰ ਆਪਣੀ ਪਤਨੀ ਨੂੰ ਉਹ ਸਭ ਦੇਣਾ ਚਾਹੀਦਾ ਹੈ ਜਿਸ ਦੀ ਉਸ ਨੂੰ ਆਪਣੀ ਆਤਮਾ ਦੇ ਲਈ ਲੋੜ ਹੋਵੇਗੀ... ਅਤੇ ਪਤੀ ਨੂੰ ਮਿਸਾਲ ਕਾਇਮ ਕਰਨੀ ਚਾਹੀਦੀ ਹੈ; ਜੇ ਉਸ ਨੂੰ ਸਲਾਹ ਦੀ ਲੋੜ ਹੈ ਤਾਂ ਉਸ ਨੂੰ ਸਲਾਹ ਦੇਣ ਲਈ; ਅਤੇ ਜਿੰਨਾ ਸੰਭਵ ਹੋ ਸਕੇ ਉਸ ਲਈ ਮੁਕਤੀ ਦਾ ਮਾਰਗ ਸੌਖਾ ਬਣਾਉਣ ਲਈ। ਜੇ ਪਤੀ ਦੇ ਵਿੱਚ ਮੁਕਤੀਦਾਤਾ ਦਾ ਆਤਮਾ ਅਤੇ ਉਸ ਵਰਗਾ ਹੀ ਸਵੈ-ਤਿਆਗ ਹੈ, ਤਾਂ ਉਹ ਆਪਣੇ ਪਰਿਵਾਰ ਦੀ ਮੁਕਤੀ ਦੇ ਲਈ ਕਿਸੇ ਵੀ ਬਲੀਦਾਨ ਨੂੰ ਬਹੁਤ ਵੱਡਾ ਨਹੀਂ ਸਮਝੇਗਾ।[5] 
 
ਦੁਲ੍ਹੇ ਨੂੰ ਆਪਣੀ ਦੁਲਹਨ ਦੀ ਸ਼ੁੱਧਤਾ ਦੀ ਭਾਲ ਕਰਨੀ ਚਾਹੀਦੀ ਹੈ ਜਿਵੇਂ ਮਸੀਹ ਨੇ ਆਪਣੀ ਦੁਲਹਨ, ਕਲੀਸਿਯਾ ਨੂੰ ਸ਼ੁੱਧ ਕੀਤਾ ਹੈ (ਅਫ਼ਸੀਆਂ 5:26-27)।
1 ਪਤਰਸ 3:7 ਵਿੱਚ ਲਿਖਿਆ ਹੈ ਕਿ ਇੱਕ ਪਤੀ ਨੂੰ ਆਪਣੀ ਪਤਨੀ ਨਾਲ ਸਮਝਦਾਰੀ ਨਾਲ ਰਹਿਣਾ ਚਾਹੀਦਾ ਹੈ, ਜਿਸ ਦਾ ਅਰਥ ਹੈ ਕਿ ਉਹ ਆਪਣੀ ਪਤਨੀ ਨੂੰ ਸਮਝਣ ਲਈ ਆਪਣੀ ਪੂਰੀ ਕੋਸ਼ਿਸ਼ ਕਰੇ। ਉਸ ਨੂੰ ਆਪਣੀ ਪਤਨੀ ਨੂੰ ਸਮਝਣਾ ਚਾਹੀਦਾ ਹੈ ਤਾਂ ਕਿ ਉਹ ਆਪਣੀ ਪਤਨੀ ਦੀਆਂ ਲੋੜਾਂ ਨੂੰ ਸਮਝ ਸਕੇ। ਇਸ ਆਇਤ ਵਿੱਚ ਔਰਤ ਨੂੰ “ਕੋਮਲ ਸਰੀਰ” ਆਖਿਆ ਗਿਆ ਹੈ। ਇੱਕ ਪਤਨੀ ਨੂੰ ਲੋੜ ਹੁੰਦੀ ਹੈ ਕਿ ਉਸ ਦਾ ਪਤੀ ਉਸ ਵੱਲ ਧਿਆਨ ਦੇਵੇ। ਉਸ ਨੂੰ ਆਪਣੀ ਪਤਨੀ ਨੂੰ ਕੇਵਲ ਸਰੀਰਕ ਨੁਕਸਾਨ ਤੋਂ ਹੀ ਨਹੀਂ ਬਚਾਉਣਾ ਚਾਹੀਦਾ, ਸਗੋਂ ਉਸ ਨੂੰ ਚਿੰਤਾ ਅਤੇ ਭਾਵਨਾਤਮਕ ਤਣਾਅ ਤੋਂ ਵੀ ਬਚਾਉਣਾ ਚਾਹੀਦਾ ਹੈ।
ਪਤੀ ਨੂੰ ਆਪਣੀ ਪਤਨੀ ਦੇ ਵਧਣ-ਫੁੱਲਣ ਲਈ ਹਰ ਲੋੜੀਂਦਾ ਸਾਧਨ ਪ੍ਰਦਾਨ ਕਰਨਾ ਚਾਹੀਦਾ ਹੈ: ਵਫ਼ਾਦਾਰੀ, ਬਿਨਾਂ ਸ਼ਰਤ ਤੋਂ ਪਿਆਰ, ਸਮਝਣਾ, ਪ੍ਰਾਰਥਨਾ, ਸਲਾਹ, ਸਿਖਾਉਣਾ, ਅਤੇ ਦਿਆਲਗੀ।
ਜਦੋਂ ਪਤੀ ਆਪਣੀ ਪਤਨੀ ਨਾਲ ਅਜਿਹਾ ਪਿਆਰ ਭਰਿਆ ਵਿਹਾਰ ਕਰਦਾ ਹੈ, ਤਾਂ ਉਸ ਨੂੰ ਬਦਲੇ ਵਿੱਚ ਖੁਸ਼ੀ ਮਿਲੇਗੀ। ਪੌਲੁਸ ਆਖਦਾ ਹੈ, “ਜਿਹੜਾ ਆਪਣੀ ਪਤਨੀ ਨਾਲ ਪ੍ਰੇਮ ਕਰਦਾ ਹੈ ਉਹ ਆਪਣੇ ਨਾਲ ਹੀ ਪ੍ਰੇਮ ਕਰਦਾ ਹੈ” (ਅਫ਼ਸੀਆਂ 5:28)। ਜਿਹੜੇ ਪਤੀ ਆਪਣੀਆਂ ਪਤਨੀਆਂ ਨੂੰ ਖੁਦ ਦਾ ਤਿਆਗ ਕਰਦੇ ਹੋਏ ਪਿਆਰ ਕਰਦੇ ਹਨ ਉਨ੍ਹਾਂ ਨੂੰ ਪਰਮੇਸ਼ੁਰ ਦੁਆਰਾ ਵਧੇਰੇ ਫਲ ਦਿੱਤਾ ਜਾਵੇਗਾ, ਅਤੇ ਸਭ ਤੋਂ ਜ਼ਿਆਦਾ ਸੰਭਵਨਾ ਹੈ ਕਿ ਇਹ ਪਤਨੀ ਵੱਲੋਂ ਆਦਰ, ਸਨੇਹ, ਅਤੇ ਵਫ਼ਾਦਾਰੀ ਦੇ ਰੂਪ ਵਿੱਚ ਮਿਲੇਗਾ।
► ਇੱਕ ਪਤੀ ਨੂੰ ਆਪਣੀ ਪਤਨੀ ਨੂੰ ਆਤਮਿਕ ਤੌਰ ’ਤੇ ਸਹਿਯੋਗ ਦੇਣ ਲਈ ਕਿਹੜੇ ਖਾਸ ਕੰਮ ਕਰਨੇ ਚਾਹੀਦੇ ਹਨ?
ਇਹ ਯਾਦ ਰੱਖਣਾ ਮਹੱਤਵਪੂਰਣ ਹੈ ਕਿ ਇਨ੍ਹਾਂ ਆਇਤਾਂ ਵਿੱਚ ਹੁਕਮ ਕਿਵੇਂ ਦਿੱਤੇ ਗਏ ਹਨ। ਪਤੀ ਨੂੰ ਇਹ ਨਹੀਂ ਆਖਿਆ ਗਿਆ ਕਿ ਉਹ ਆਪਣੀ ਪਤਨੀ ਉੱਤੇ ਆਪਣੇ ਅਧਿਕਾਰ ਨੂੰ ਧੱਕੇਸ਼ਾਹੀ ਨਾਲ ਲਾਗੂ ਕਰੇ। ਪਤਨੀ ਨੂੰ ਆਖਿਆ ਗਿਆ ਹੈ ਕਿ ਉਹ ਆਪਣੇ ਪਤੀ ਦੀ ਆਗਿਆ ਮੰਨੇ, ਪਰ ਪਤੀ ਨੂੰ ਇਹ ਨਹੀਂ ਆਖਿਆ ਗਿਆ ਕਿ ਉਹ ਉਸ ਨੂੰ ਆਗਿਆ ਮੰਨਣ ਲਈ ਮਜ਼ਬੂਰ ਕਰੇ। ਉਸ ਨੂੰ ਆਖਿਆ ਗਿਆ ਹੈ ਕਿ ਉਹ ਆਪਣੀ ਪਤਨੀ ਨੂੰ ਪਿਆਰ ਕਰੇ ਅਤੇ ਉਸ ਦੀ ਦੇਖਭਾਲ ਕਰਨ ਲਈ ਲੋੜੀਂਦਾ ਤਿਆਗ ਕਰੇ। ਇਸੇ ਤਰ੍ਹਾਂ ਹੀ, ਪਤਨੀ ਨੂੰ ਇਹ ਨਹੀਂ ਆਖਿਆ ਗਿਆ ਕਿ ਉਹ ਆਪਣੇ ਪਤੀ ਤੋਂ ਦੇਖਭਾਲ ਦੀ ਮੰਗ ਕਰੇ; ਉਸ ਨੂੰ ਆਖਿਆ ਗਿਆ ਹੈ ਕਿ ਉਹ ਆਪਣੇ ਪਤੀ ਦਾ ਆਦਰ ਕਰੇ।
ਪਤੀ ਤਰਜੀਹ ਇਹ ਨਹੀਂ ਹੋਣੀ ਚਾਹੀਦੀ ਕਿ ਉਸ ਨੇ ਆਪਣੇ ਅਧਿਕਾਰ ਨੂੰ ਬਣਾਕੇ ਰੱਖਣਾ ਹੈ, ਸਗੋਂ ਪਿਆਰ ਦੇ ਨਾਲ ਦੇਖਭਾਲ ਕਰਨਾ ਉਸ ਦੀ ਤਰਜੀਹ ਹੋਣੀ ਚਾਹੀਦੀ ਹੈ। ਪਤਨੀ ਦੀ ਤਰਜੀਹ ਇਹ ਨਹੀਂ ਹੋਣੀ ਚਾਹੀਦੀ ਕਿ ਉਹ ਆਪਣੇ ਪਤੀ ਤੋਂ ਦੇਖਭਾਲ ਕਰਨ ਦੀ ਮੰਗ ਕਰੇ, ਸਗੋਂ ਉਸ ਦੀ ਤਰਜੀਹ ਆਪਣੇ ਪਤੀ ਦਾ ਆਦਰ ਕਰਨਾ ਹੋਣੀ ਚਾਹੀਦੀ ਹੈ।
ਰਸੂਲ ਪਤਰਸ ਪਤੀ ਨੂੰ ਚੇਤਾਵਨੀ ਦਿੰਦਾ ਹੈ ਕਿ ਜੇ ਉਹ ਆਪਣੀ ਪਤਨੀ ਦੀ ਚੰਗੀ ਤਰ੍ਹਾਂ ਦੇਖਭਾਲ ਨਹੀਂ ਕਰਦਾ ਹੈ ਤਾਂ ਉਸ ਦੀਆਂ ਪ੍ਰਾਰਥਨਾਵਾਂ ਵਿੱਚ ਰੁਕਾਵਟ ਆ ਜਾਵੇਗੀ। ਪੌਲੁਸ ਅਤੇ ਪਤਰਸ ਦੇ ਸ਼ਬਦਾਂ ਤੋਂ ਅਸੀਂ ਵੇਖ ਸਕਦੇ ਹਾਂ ਕਿ ਇੱਕ ਆਦਮੀ ਜੋ ਆਪਣੀ ਪਤਨੀ ਦੀ ਦੇਖਭਾਲ ਉਸ ਤਰ੍ਹਾਂ ਨਹੀਂ ਕਰਦਾ ਜਿਵੇਂ ਉਸ ਨੂੰ ਕਰਨੀ ਚਾਹੀਦੀ ਹੈ, ਉਹ ਵਿਅਕਤੀ ਪਰਮੇਸ਼ੁਰ ਨੂੰ ਓਵੇਂ ਪਿਆਰ ਨਹੀਂ ਕਰਦਾ ਜਿਵੇਂ ਉਸ ਨੂੰ ਕਰਨਾ ਚਾਹੀਦਾ ਹੈ। ਇੱਕ ਔਰਤ ਜੋ ਆਪਣੇ ਪਤੀ ਦਾ ਆਦਰ ਨਹੀਂ ਕਰਦੀ ਹੈ ਉਹ ਪਰਮੇਸ਼ੁਰ ਦਾ ਆਦਰ ਓਵੇਂ ਨਹੀਂ ਕਰਦੀ ਜਿਵੇਂ ਉਸ ਨੂੰ ਕਰਨਾ ਚਾਹੀਦਾ ਹੈ। ਵਿਆਹੁਤਾ ਰਿਸ਼ਤੇ ਵਿੱਚ ਸਾਡਾ ਵਿਹਾਰ ਪਰਮੇਸ਼ੁਰ ਨਾਲ ਸਾਡੇ ਰਿਸ਼ਤੇ ਨੂੰ ਪ੍ਰਭਾਵਿਤ ਕਰਦਾ ਹੈ। 
 
[4] ਬਾਈਬਲ ਅਧਾਰਤ ਅਧੀਨਗੀ ਦੇ ਵਿਸ਼ੇ ਦੀ ਹੋਰ ਵਿਆਖਿਆ ਲਈ, ਪਾਠ 10 ਨੂੰ ਵੇਖੋ 
Spiritual Formation , Shepherds Global Classroom ਤੇ ਉਪਲੱਬਧ ਹੈ.
 
                                     
                                    
                                    
                                        
                                                                                                                                    
                                                
                                                     
                                                    Previous
                                                 
                                                                                    
                                                                                                                                    
                                                
                                                    Next