ਗਰਭ ਕਾਲ ਦੌਰਾਨ ਇੱਕ ਬੱਚੇ ਦਾ ਵਿਕਾਸ  
► ਇੱਕ ਵਿਦਿਆਰਥੀ ਨੂੰ ਸਮੂਹ ਲਈ ਜ਼ਬੂਰ 139:13-18 ਨੂੰ ਪੜ੍ਹਨਾ ਚਾਹੀਦਾ ਹੈ।
ਇਹ ਹਵਾਲਾ ਸਾਨੂੰ ਦੱਸਦਾ ਹੈ ਕਿ ਪਰਮੇਸ਼ੁਰ ਸਾਨੂੰ ਉਸ ਸਮੇਂ ਤੋਂ ਜਾਣਦਾ ਸੀ ਜਦੋਂ ਅਸੀਂ ਗਰਭ ਵਿੱਚ ਆਏ ਸੀ, ਸਾਡੇ ਸਰੀਰ ਬਣਨ ਤੋਂ ਪਹਿਲਾਂ ਵੀ (ਆਇਤ 16)। ਪਰਮੇਸ਼ੁਰ ਤੁਹਾਨੂੰ ਜਾਣਦਾ ਸੀ ਅਤੇ ਉਸ ਨੇ ਤੁਹਾਡੇ ਜਨਮ ਤੋਂ ਪਹਿਲਾਂ ਹੀ ਤੁਹਾਡੇ ਲਈ ਇੱਕ ਯੋਜਨਾ ਬਣਾਈ ਸੀ।
ਜਿਸ ਪਲ ਇੱਕ ਆਦਮੀ ਦਾ ਸ਼ੁਕਰਾਣੂ ਇੱਕ ਔਰਤ ਦੇ ਅੰਦਰ ਉਸ ਦੇ ਅੰਡੇ ਨਾਲ ਜੁੜਦਾ ਹੈ, ਇੱਕ ਬੱਚੇ ਦਾ ਗਰਭ ਧਾਰਣ ਹੁੰਦਾ ਹੈ। ਉਸ ਪਲ, ਇੱਕ ਨਵਾਂ ਮਨੁੱਖੀ ਜੀਵਨ - ਇੱਕ ਨਵਾਂ ਵਿਅਕਤੀ – ਹੋਂਦ ਵਿੱਚ ਆਉਂਦਾ ਹੈ! ਉਸ ਵਿਅਕਤੀ ਲਈ ਸਾਰੀ ਜੈਨੇਟਿਕ ਜਾਣਕਾਰੀ ਉਸ ਇੱਕ ਨਵੇਂ ਸੈੱਲ ਵਿੱਚ ਮੌਜੂਦ ਹੁੰਦੀ ਹੈ। ਗਰਭ ਧਾਰਣ ਦੇ 24 ਘੰਟਿਆਂ ਦੇ ਅੰਦਰ, ਉਹ ਸੈੱਲ ਦੋ ਸੈੱਲਾਂ ਵਿੱਚ ਵੰਡਿਆ ਜਾਂਦਾ ਹੈ। ਉਨ੍ਹਾਂ ਵਿੱਚੋਂ ਹਰੇਕ ਸੈੱਲ ਦੋ ਹੋਰ ਸੈੱਲਾਂ ਵਿੱਚ ਵੰਡਿਆ ਜਾਂਦਾ ਹੈ। ਹਰੇਕ ਸੈੱਲ ਦੇ ਦੋ ਵਿੱਚ ਵੰਡੇ ਜਾਣ ਨਾਲ ਸੈੱਲਾਂ ਦੀ ਗਿਣਤੀ ਵਧਦੀ ਰਹਿੰਦੀ ਹੈ। ਲਗਭਗ ਇੱਕ ਹਫ਼ਤੇ ਦੇ ਅੰਦਰ, ਬੱਚਾ, ਹੁਣ ਬਹੁਤ ਸਾਰੇ ਸੈੱਲ, ਆਪਣੀ ਮਾਂ ਦੇ ਗਰਭ ਦੇ ਅੰਦਰ ਜੁੜਿਆ ਹੁੰਦਾ ਹੈ, ਜਿੱਥੇ ਇਹ ਵਧਦਾ ਅਤੇ ਵਿਕਸਤ ਹੁੰਦਾ ਰਹਿੰਦਾ ਹੈ। ਹਰੇਕ ਸੈੱਲ ਵਿੱਚ ਉਸ ਵਿਅਕਤੀ (ਡੀਐਨਏ) ਨੂੰ ਬਣਾਉਣ ਲਈ "ਕੋਡ" ਹੁੰਦਾ ਹੈ। ਸੈੱਲ ਕੋਡ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹਨ ਅਤੇ ਸਰੀਰ ਦੇ ਹਰੇਕ ਹਿੱਸੇ ਨੂੰ ਬਣਾਉਣ ਲਈ ਮਾਹਰ ਹੁੰਦੇ ਹਨ।
ਹਫ਼ਤੇ 3 ਤੱਕ, ਬੱਚੇ ਦੀ ਰੀੜ੍ਹ ਦੀ ਹੱਡੀ ਅਤੇ ਦਿਮਾਗ ਬਣਨਾ ਸ਼ੁਰੂ ਹੋ ਜਾਂਦੇ ਹਨ। ਗਰਭ ਅਵਸਥਾ ਦੇ ਚੌਥੇ ਹਫ਼ਤੇ ਦੇ ਆਸ-ਪਾਸ, ਬੱਚੇ ਦੀਆਂ ਅੱਖਾਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਹਨ, ਦਿਲ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ, ਅਤੇ ਬੱਚੇ ਦੀਆਂ ਬਾਹਾਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਹਨ। ਗਰਭ ਅਵਸਥਾ ਦੇ 12 ਹਫ਼ਤਿਆਂ ਤੱਕ ਬੱਚੇ ਦੇ ਸਰੀਰ ਵਿੱਚ ਹਰ ਜ਼ਰੂਰੀ ਅੰਗ ਹੁੰਦਾ ਹੈ।
ਗਰਭ ਧਾਰਣ ਦੇ 14 ਹਫ਼ਤਿਆਂ ਬਾਅਦ, ਬੱਚੇ ਦੇ ਵਿਲੱਖਣ ਉਂਗਲਾਂ ਦੇ ਨਿਸ਼ਾਨ ਪੂਰੀ ਤਰ੍ਹਾਂ ਬਣ ਜਾਂਦੇ ਹਨ। ਗਰਭ ਅਵਸਥਾ ਦੇ 16-24 ਹਫ਼ਤਿਆਂ ਤੱਕ, ਇੱਕ ਮਾਂ ਆਪਣੇ ਬੱਚੇ ਨੂੰ ਆਪਣੀ ਕੁੱਖ ਵਿੱਚ ਹਿਲਦੇ ਹੋਏ ਮਹਿਸੂਸ ਕਰ ਸਕਦੀ ਹੈ। 26-28 ਹਫ਼ਤਿਆਂ ਦੇ ਆਸ-ਪਾਸ ਬੱਚੇ ਦੇ ਫੇਫੜੇ ਸਾਹ ਲੈਣ ਲਈ ਕਾਫ਼ੀ ਵਿਕਸਤ ਹੋ ਜਾਂਦੇ ਹਨ, ਅਤੇ ਬੱਚੇ ਦਾ ਭਾਰ ਲਗਭਗ ਇੱਕ ਕਿੱਲੋਗ੍ਰਾਮ ਹੋ ਜਾਂਦਾ ਹੈ। ਬੱਚੇ ਆਮ ਤੌਰ 'ਤੇ ਗਰਭ ਧਾਰਣ ਦੇ 38-40 ਹਫ਼ਤਿਆਂ ਬਾਅਦ ਪੈਦਾ ਹੁੰਦੇ ਹਨ। ਹਰ ਬੱਚਾ ਸਾਡੇ ਸਿਰਜਣਹਾਰ ਪਰਮੇਸ਼ੁਰ ਦੁਆਰਾ ਬਣਾਈ ਗਈ ਇੱਕ ਸ਼ਾਨਦਾਰ, ਵਿਸ਼ੇਸ਼ ਰਚਨਾ ਹੈ।
► ਇੱਕ ਵਿਦਿਆਰਥੀ ਨੂੰ ਸਮੂਹ ਲਈ ਉਪਦੇਸ਼ਕ 11:5 ਨੂੰ ਪੜ੍ਹਨਾ ਚਾਹੀਦਾ ਹੈ।
ਇਹ ਸੱਚਮੁੱਚ ਚਮਤਕਾਰੀ ਹੈ ਕਿ ਪਰਮੇਸ਼ੁਰ ਮਾਂ ਦੀ ਕੁੱਖ ਵਿੱਚ ਇੱਕ ਬੱਚੇ ਨੂੰ ਕਿਵੇਂ ਬਣਾਉਂਦਾ ਹੈ, ਆਕਾਰ ਦਿੰਦਾ ਹੈ ਅਤੇ ਵਿਕਸਤ ਕਰਦਾ ਹੈ। ਲੋਕ ਕਦੇ ਵੀ ਪ੍ਰਕਿਰਿਆਵਾਂ ਜਾਂ ਇਸ ਵਿੱਚ ਸ਼ਾਮਲ ਸਾਰੀਆਂ ਚੀਜ਼ਾਂ ਨੂੰ ਪੂਰੀ ਤਰ੍ਹਾਂ ਨਹੀਂ ਸਮਝ ਸਕਦੇ। ਫਿਰ ਵੀ, ਸਾਰੇ ਮਹਾਂਦੀਪਾਂ, ਸਮਾਜਾਂ ਅਤੇ ਸੱਭਿਆਚਾਰਾਂ ਵਿੱਚ, ਮਨੁੱਖਾਂ ਦਾ ਵਿਕਾਸ ਇੱਕੋ ਕ੍ਰਮ ਅਤੇ ਪੈਟਰਨ ਦੀ ਪਾਲਣਾ ਕਰਦਾ ਹੈ। ਸਿਰਜਣਹਾਰ ਦੀ ਬਣਤਰ ਸੰਪੂਰਣ ਹੈ!
► ਇੱਕ ਵਿਦਿਆਰਥੀ ਨੂੰ ਸਮੂਹ ਲਈ ਅੱਯੂਬ 10:8-12 ਨੂੰ ਪੜ੍ਹਨਾ ਚਾਹੀਦਾ ਹੈ।
ਇਨ੍ਹਾਂ ਆਇਤਾਂ ਵਿੱਚ ਅੱਯੂਬ ਅਜਿਹੀਆਂ ਉਦਾਹਰਣਾਂ ਦੀ ਵਰਤੋਂ ਕਰਦਾ ਹੈ ਜੋ ਗਰਭ ਧਾਰਣ ਅਤੇ ਉਸ ਦੀ ਮਾਂ ਦੇ ਗਰਭ ਵਿੱਚ ਇੱਕ ਬੱਚੇ ਦੇ ਵਿਕਾਸ ਦਾ ਹਵਾਲਾ ਦਿੰਦੀਆਂ ਹਨ। ਅੱਯੂਬ ਸਾਨੂੰ ਦੱਸਦਾ ਹੈ ਕਿ ਸਿਰਜਣਹਾਰ ਪਰਮੇਸ਼ੁਰ ਜੀਵਨ ਦੇਣ ਵਾਲਾ ਹੈ।
ਪਰਮੇਸ਼ੁਰ ਦੇ ਸਰੂਪ ਉੱਤੇ ਬਣਾਏ ਹੋਣ ਦਾ ਮਹੱਤਵ  
ਉਤਪਤ 1:26-27 ਅਤੇ ਉਤਪਤ 9:6 ਸਾਨੂੰ ਦੱਸਦੇ ਹਨ ਕਿ ਅਸੀਂ ਪਰਮੇਸ਼ੁਰ ਦੇ ਸਰੂਪ ਉੱਤੇ ਬਣਾਏ ਗਏ ਹਾਂ। ਸਾਰਾ ਮਨੁੱਖੀ ਜੀਵਨ ਪਵਿੱਤਰ ਹੈ। ਇਸ ਕਰਕੇ, ਕਿਸੇ ਵੀ ਮਨੁੱਖ ਦਾ ਕਤਲ ਕਰਨਾ ਪਾਪ ਹੈ (ਉਤਪਤ 9:5, ਕੂਚ 20:13)।
ਹਿਜ਼ਕੀਏਲ 16:20-21, 36, 38 ਵਿੱਚ ਪਰਮੇਸ਼ੁਰ ਉਨ੍ਹਾਂ ਲੋਕਾਂ ਦੇ ਵਿਰੁੱਧ ਸਖ਼ਤੀ ਨਾਲ ਬੋਲਦਾ ਹੈ ਜੋ ਇੱਕ ਬੱਚੇ ਦੇ ਜੀਵਨ ਨੂੰ ਖਤਮ ਕਰ ਦੇਣਗੇ। ਉਹ ਇਸਰਾਏਲੀਆਂ ਨੂੰ ਮੂਰਤੀਆਂ ਅੱਗੇ ਬੱਚਿਆਂ ਦੀਆਂ ਬਲੀਆਂ ਚੜ੍ਹਾਉਣ ਬਾਰੇ ਚੇਤਾਵਨੀ ਦਿੰਦਾ ਹੈ ਅਤੇ ਘੋਸ਼ਣਾ ਕਰਦਾ ਹੈ ਕਿ ਉਨ੍ਹਾਂ ਦੀ ਸਜ਼ਾ ਸਖ਼ਤ ਹੋਵੇਗੀ।
ਯਸਾਯਾਹ 46:3-4 ਵਿੱਚ, ਪਰਮੇਸ਼ੁਰ ਮਨੁੱਖੀ ਵਿਕਾਸ ਦੇ ਸਾਰੇ ਪੜਾਵਾਂ ਦੌਰਾਨ ਮਨੁੱਖਤਾ ਲਈ ਆਪ ਦੇਖਭਾਲ ਕਰਨ ਬਾਰੇ ਗੱਲ ਕਰਦਾ ਹੈ, ਜਦੋਂ ਉਹ ਆਖਦਾ ਹੈ:
ਹੇ ਯਾਕੂਬ ਦੇ ਘਰਾਣੇ, ਮੇਰੀ ਸੁਣੋ, ਨਾਲੇ ਇਸਰਾਏਲ ਦੇ ਘਰਾਣੇ ਦੇ ਸਾਰੇ ਬਕੀਏ, ਤੁਸੀਂ ਜਿਹੜੇ ਢਿੱਡੋਂ ਮੈਥੋਂ ਸੰਭਾਲੇ ਗਏ, ਜਿਹੜੇ ਕੁੱਖੋਂ ਹੀ ਚੁੱਕੇ ਗਏ, ਬੁਢੇਪੇ ਤੀਕ ਮੈਂ ਉਹੀ ਹਾਂ, ਅਤੇ ਧੌਲਿਆਂ ਤੀਕ ਮੈਂ ਤੈਨੂੰ ਉਠਾਵਾਂਗਾ, ਮੈਂ ਬਣਾਇਆ ਤੇ ਮੈਂ ਚੁੱਕਾਂਗਾ, ਮੈਂ ਉਠਾਵਾਂਗਾ ਤੇ ਮੈਂ ਛੁਡਾਵਾਂਗਾ।
 
ਕਿੰਨਾ ਸੁੰਦਰ ਵਾਇਦਾ ਹੈ!
ਸਾਰੇ ਲੋਕ ਮਹੱਤਵਪੂਰਣ ਹਨ, ਜਿਸ ਵਿੱਚ ਅਣਜੰਮੇ ਬੱਚੇ, ਅਪਾਹਜ, ਖਾਸ ਲੋੜਾਂ ਵਾਲੇ ਲੋਕ ਅਤੇ ਬਜ਼ੁਰਗ ਵੀ ਸ਼ਾਮਲ ਹਨ। ਇੱਕ ਵਿਅਕਤੀ ਦਾ ਮਹੱਤਵ ਇਸ ਗੱਲ 'ਤੇ ਨਿਰਭਰ ਨਹੀਂ ਕਰਦਾ ਕਿ ਉਹ ਕੀ ਕਰ ਸਕਦਾ ਹੈ ਜਾਂ ਕੀ ਉਹ ਇਕੱਲਾ ਹੋਣ ’ਤੇ ਵੀ ਆਪਣੇ ਜੀਵਨ ਨੂੰ ਬਚਾ ਸਕਦਾ ਹੈ ਜਾਂ ਨਹੀਂ। ਹਰ ਵਿਅਕਤੀ ਦਾ ਮਹੱਤਵ ਹੈ ਕਿਉਂਕਿ ਸਾਰੇ ਲੋਕ ਪਰਮੇਸ਼ੁਰ ਦੇ ਸਰੂਪ ’ਤੇ ਬਣਾਏ ਗਏ ਹਨ।
ਬਾਈਬਲ ਸਾਨੂੰ ਦੱਸਦੀ ਹੈ ਕਿ ਹਰੇਕ ਬੱਚਾ ਗਰਭ ਧਾਰਣ ਦੇ ਸਮੇਂ ਤੋਂ ਹੀ ਪਰਮੇਸ਼ੁਰ ਦੀ ਨਜ਼ਰ ਵਿੱਚ ਅਨਮੋਲ ਹੈ (ਜ਼ਬੂਰ 139:13-18)। ਇਸ ਕਰਕੇ, ਅਸੀਂ ਜਾਣਦੇ ਹਾਂ ਕਿ ਅਸੀਂ ਗਰਭ ਧਾਰਣ ਦੇ ਸਮੇਂ ਤੋਂ ਹੀ ਮਨੁੱਖ ਹਾਂ। ਗਰਭਪਾਤ ਰਾਹੀਂ ਗਰਭ ਅਵਸਥਾ ਨੂੰ ਜਾਣਬੁੱਝ ਕੇ ਖਤਮ ਕਰਨਾ ਇੱਕ ਮਨੁੱਖ ਦਾ ਕਤਲ ਕਰਨਾ ਹੈ।
ਘੱਟੋ-ਘੱਟ ਚਾਰ ਤਰੀਕੇ ਹਨ ਜਿਨ੍ਹਾਂ ਨਾਲ ਮਸੀਹ ਦੇ ਚੇਲਿਆਂ ਨੂੰ ਅਣਜੰਮੇ ਬੱਚਿਆਂ ਦੀ ਜਾਨ ਬਚਾਉਣ ਅਤੇ ਮਾਵਾਂ ਦੀ ਸੇਵਾ ਕਰਨ ਲਈ ਕੰਮ ਕਰਨਾ ਚਾਹੀਦਾ ਹੈ।
1. ਉਨ੍ਹਾਂ ਨੂੰ ਆਪਣੀਆਂ ਸਰਕਾਰਾਂ ਅਤੇ ਆਪਣੇ ਦੇਸ ਦੀਆਂ ਅਦਾਲਤੀ ਪ੍ਰਣਾਲੀਆਂ ਨੂੰ ਅਜਿਹੇ ਕਾਨੂੰਨ ਬਣਾਉਣ ਅਤੇ ਫੈਸਲੇ ਪਾਸ ਕਰਨ ਲਈ ਪ੍ਰਭਾਵਿਤ ਕਰਨਾ ਚਾਹੀਦਾ ਹੈ, ਜੋ ਅਣਜੰਮੇ ਬੱਚਿਆਂ ਨੂੰ ਮਾਰੇ ਜਾਣ ਤੋਂ ਬਚਾਉਂਦੇ ਹਨ।
2. ਉਨ੍ਹਾਂ ਨੂੰ ਗਰਭਵਤੀ ਔਰਤਾਂ ਨੂੰ ਵਿਹਾਰਕ ਮਦਦ ਦੇਣੀ ਚਾਹੀਦੀ ਹੈ ਜੋ ਮਹਿਸੂਸ ਕਰਦੀਆਂ ਹਨ ਕਿ ਗਰਭਪਾਤ ਉਨ੍ਹਾਂ ਲਈ ਇੱਕੋ ਇੱਕ ਵਿਕਲਪ ਹੈ, ਤਾਂ ਜੋ ਉਹ ਆਪਣੇ ਬੱਚਿਆਂ ਦੇ ਜੀਵਨ ਦੀ ਰੱਖਿਆ ਕਰਨ ਦੇ ਯੋਗ ਮਹਿਸੂਸ ਕਰਨ।
3. ਉਨ੍ਹਾਂ ਨੂੰ ਅਣਚਾਹੇ ਬੱਚਿਆਂ ਦੀ ਦੇਖਭਾਲ ਕਰਨੀ ਚਾਹੀਦੀ ਹੈ।
4. ਉਨ੍ਹਾਂ ਨੂੰ ਉਨ੍ਹਾਂ ਔਰਤਾਂ ਲਈ ਕਿਰਪਾ ਅਤੇ ਆਤਮਿਕ ਮਦਦ ਦੀ ਪੇਸ਼ਕਸ਼ ਕਰਨੀ ਚਾਹੀਦੀ ਹੈ ਜੋ ਅਤੀਤ ਦੇ ਗਰਭਪਾਤਾਂ ਦੇ ਦੋਸ਼ ਤੋਂ ਪੀੜਤ ਹਨ।
ਇੱਕ ਅਣਜੰਮੇ ਬੱਚੇ ਦੀ ਦੇਖਭਾਲ 
ਇਹ ਸਮਝਣਾ ਮਹੱਤਵਪੂਰਣ ਹੈ ਕਿ ਇੱਕ ਮਾਂ ਜਿਸ ਬੱਚੇ ਨੂੰ ਆਪਣੀ ਕੁੱਖ ਵਿੱਚ ਪਾਲਦੀ ਹੈ, ਉਸ ਦੀ ਇੱਕ ਸਦੀਪਕ ਮੰਜ਼ਿਲ ਹੁੰਦੀ ਹੈ। ਉਹ ਵਿਅਕਤੀ ਹਮੇਸ਼ਾ ਲਈ ਹੋਂਦ ਵਿੱਚ ਰਹੇਗਾ। ਇਸ ਕਰਕੇ, ਮਾਪਿਆਂ ਨੂੰ ਆਪਣੇ ਬੱਚਿਆਂ ਦੀ ਦੇਖਭਾਲ ਉਨ੍ਹਾਂ ਜੀਵਨ ਦੇ ਹਰ ਪਹਿਲੂ ਵਿੱਚ ਕਰਨੀ ਚਾਹੀਦੀ ਹੈ: ਸਰੀਰਕ, ਮਾਨਸਿਕ, ਸਮਾਜਿਕ/ਭਾਵਨਾਤਮਕ, ਅਤੇ ਆਤਮਿਕ!
► ਇੱਕ ਵਿਦਿਆਰਥੀ ਨੂੰ ਸਮੂਹ ਲਈ ਮੱਤੀ 18:2, 10 ਨੂੰ ਪੜ੍ਹਨਾ ਚਾਹੀਦਾ ਹੈ।
ਇੱਕ ਆਦਮੀ ਦਾ ਵਿਹਾਰ ਉਸ ਦੇ ਅਣਜੰਮੇ ਬੱਚੇ ਦੀ ਸਿਹਤ ਨੂੰ ਪ੍ਰਭਾਵਿਤ ਕਰ ਸਕਦਾ ਹੈ ਅਤੇ ਉਸ ਨੂੰ ਪਹਿਲਾਂ ਪਿਤਾ ਬਣਨ ਤੋਂ ਵੀ ਰੋਕ ਸਕਦਾ ਹੈ। ਸ਼ਰਾਬ, ਕੋਕੀਨ, ਜਾਂ ਸਿਗਰਟ ਪੀਣਾ ਮਰਦਾਂ ਦੇ ਸ਼ੁਕਰਾਣੂਆਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਅਤੇ ਬਾਂਝਪਣ (ਗਰਭਧਾਰਣ ਦਾ ਅਸੰਭਵ ਹੋਣਾ) ਜਾਂ ਗਰਭ ਦੇ ਗਿਰ ਜਾਣ (ਗਰਭ ਅਵਸਥਾ ਦੌਰਾਨ ਕੁਦਰਤੀ ਤੌਰ 'ਤੇ ਬੱਚੇ ਦਾ ਮਰ ਜਾਣਾ) ਦੀ ਸੰਭਾਵਨਾ ਨੂੰ ਵਧਾ ਸਕਦਾ ਹੈ।
ਇੱਕ ਗਰਭਵਤੀ ਮਾਂ ਦੁਆਰਾ ਨਸ਼ੀਲੇ ਪਦਾਰਥਾਂ ਦਾ ਸੇਵਨ ਜਿਵੇਂ ਕਿ ਨਸ਼ੀਲੀਆਂ ਦਵਾਈਆਂ, ਸ਼ਰਾਬ, ਜਾਂ ਸਿਗਰਟ ਵਰਗੇ ਨੁਕਸਾਨਦੇਹ ਪਦਾਰਥਾਂ ਦਾ ਸੇਵਨ ਉਸ ਦੇ ਬੱਚੇ ਨੂੰ ਸਥਾਈ ਤੌਰ 'ਤੇ ਨੁਕਸਾਨ ਪਹੁੰਚਾ ਸਕਦਾ ਹੈ। ਅਜਿਹੇ ਪਦਾਰਥ ਬੱਚੇ ਦੇ ਵਿਕਾਸ ਵਿੱਚ ਰੁਕਾਵਟ ਪਾਉਂਦੇ ਹਨ ਅਤੇ ਬੱਚੇ ਦੇ ਸਰੀਰਕ ਜਾਂ ਮਾਨਸਿਕ ਸਮੱਸਿਆਵਾਂ ਨਾਲ ਪੈਦਾ ਹੋਣ ਦਾ ਕਾਰਣ ਬਣਦੇ ਹਨ।[1] 
ਇੱਕ ਅਣਜੰਮੇ ਬੱਚੇ ਦੇ ਵਿਕਾਸ ਦੌਰਾਨ ਸਭ ਤੋਂ ਮਹੱਤਵਪੂਰਨ ਸਮਿਆਂ ਵਿੱਚੋਂ ਇੱਕ ਸਮਾਂ ਉਹ ਹੁੰਦਾ ਹੈ ਜਦੋਂ ਅੰਗ ਅਤੇ ਟਿਸ਼ੂ ਪਹਿਲੀ ਵਾਰ ਵਿਕਸਤ ਹੁੰਦੇ ਹਨ, ਖਾਸ ਕਰਕੇ ਗਰਭ ਅਵਸਥਾ ਦੇ 3-4 ਹਫ਼ਤਿਆਂ ਦੇ ਵਿਚਕਾਰ। ਇਸ ਸਮੇਂ ਦੌਰਾਨ, ਬਹੁਤ ਸਾਰੀਆਂ ਔਰਤਾਂ ਨੂੰ ਅਜੇ ਪਤਾ ਹੀ ਨਹੀਂ ਹੁੰਦਾ ਕਿ ਉਨ੍ਹਾਂ ਦੀ ਕੁੱਖ ਦੇ ਵਿੱਚ ਇੱਕ ਬੱਚਾ ਹੈ!
► ਇੱਕ ਵਿਦਿਆਰਥੀ ਨੂੰ ਸਮੂਹ ਲਈ 1 ਕੁਰਿੰਥੀਆਂ 10:31 ਨੂੰ ਪੜ੍ਹਨਾ ਚਾਹੀਦਾ ਹੈ।
ਹਾਲਾਂਕਿ ਇੱਕ ਮਾਂ ਆਪਣੇ ਅਣਜੰਮੇ ਬੱਚੇ ਦੀ ਸਿਹਤ ਨੂੰ ਨਿਯੰਤਰਿਤ ਨਹੀਂ ਕਰ ਸਕਦੀ, ਪਰ ਉਸ ਨੂੰ ਬੱਚੇ ਦੀ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ, ਇਹ ਯਕੀਨੀ ਬਣਾ ਕੇ ਕਿ ਉਸ ਨੂੰ ਚੰਗਾ ਪੋਸ਼ਣ ਮਿਲ ਰਿਹਾ ਹੈ ਅਤੇ ਨੁਕਸਾਨਦੇਹ ਪਦਾਰਥਾਂ ਦੇ ਸੇਵਨ ਤੋਂ ਦੂਰ ਰਹਿ ਕੇ। ਪਰਮੇਸ਼ੁਰ ਆਖਦਾ ਹੈ ਕਿ ਬੱਚੇ ਅਨਮੋਲ ਹਨ, ਅਤੇ ਜਦੋਂ ਅਸੀਂ ਉਨ੍ਹਾਂ ਨਾਲ ਇਸ ਤਰ੍ਹਾਂ ਦਾ ਵਿਹਾਰ ਕਰਦੇ ਹਾਂ ਤਾਂ ਅਸੀਂ ਪਰਮੇਸ਼ੁਰ ਦੀ ਵਡਿਆਈ ਕਰਦੇ ਹਾਂ।
ਇਹ ਇੱਕ ਦੁਖਾਂਤ ਹੈ, ਜਦੋਂ ਇੱਕ ਬੱਚਾ ਜਨਮ ਲੈਣ ਦੇ ਸਮੇਂ ਤੱਕ ਜੀਉਂਦਾ ਨਹੀਂ ਰਹਿੰਦਾ। ਆਮ ਤੌਰ 'ਤੇ ਇੱਕ ਅਣਜੰਮੇ ਬੱਚੇ ਦੀ ਮੌਤ, ਮਾਂ ਦੁਆਰਾ ਕੀਤੇ ਗਏ ਕਿਸੇ ਵੀ ਕੰਮ ਦੇ ਕਾਰਣ ਨਹੀਂ ਹੁੰਦੀ। ਮਾਪਿਆਂ ਲਈ ਨੁਕਸਾਨ ਦੀ ਬਹੁਤ ਵੱਡੀ ਭਾਵਨਾ ਹੁੰਦੀ ਹੈ, ਅਤੇ ਦੂਸਰੇ ਵਿਸ਼ਵਾਸੀਆਂ ਨੂੰ ਉਸ ਸਮੇਂ ਉਨ੍ਹਾਂ ਨੂੰ ਦਿਲਾਸਾ ਦੇਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਜਨਮ 
ਜਦੋਂ ਕਿ ਜਨਮ ਦੇਣ ਦੇ ਅਨੁਭਵ ਨਾਲ ਸਬੰਧਤ ਵਿਲੱਖਣ ਸੱਭਿਆਚਾਰਕ ਰੀਤੀ-ਰਿਵਾਜ ਹਨ, ਪਰ ਦੁਨੀਆਂ ਭਰ ਵਿੱਚ ਔਰਤਾਂ ਲਈ ਜਨਮ ਦੇਣ ਬਾਰੇ ਬਹੁਤ ਕੁਝ ਇੱਕੋ ਜਿਹਾ ਹੈ। ਉਤਪਤ 3:16 ਵਿੱਚ, ਪਰਮੇਸ਼ੁਰ ਨੇ ਆਖਿਆ: “ਉਸ ਨੇ ਤੀਵੀਂ ਨੂੰ ਆਖਿਆ ਕਿ ਮੈਂ ਤੇਰੇ ਗਰਭ ਦੀ ਪੀੜ ਬਹੁਤ ਵਧਾਵਾਂਗਾ। ਪੀੜ ਨਾਲ ਤੂੰ ਬੱਚੇ ਜਣੇਗੀ...”
ਸਦੀਆਂ ਬੀਤ ਗਈਆਂ ਹਨ, ਅਤੇ ਪਰਮੇਸ਼ੁਰ ਦੇ ਸ਼ਬਦ ਅਜੇ ਵੀ ਪੂਰੀ ਦੁਨੀਆ ਵਿੱਚ ਸੱਚ ਹਨ। ਆਦਮ ਅਤੇ ਹੱਵਾਹ ਦੇ ਪਹਿਲੇ ਪਾਪ ਦੇ ਪ੍ਰਭਾਵ ਅਜੇ ਵੀ ਜਨਮ ਦੇਣ ਦੀ ਪ੍ਰਕਿਰਿਆ ਵਿੱਚ ਮਹਿਸੂਸ ਕੀਤੇ ਜਾਂਦੇ ਹਨ। ਯਿਸੂ ਦੀ ਮਾਂ ਮਰੀਅਮ ਵੀ ਇਸ ਤੋਂ ਮੁਕਤ ਨਹੀਂ ਸੀ, ਪਰ ਉਸ ਨੇ ਬੱਚੇ ਦੇ ਜਨਮ ਦੇ ਦਰਦ ਦਾ ਅਨੁਭਵ ਕੀਤਾ ਸੀ।
 
[1] Greg Cook & Joan Cook, 
The World of Children , 3rd ed. (Pearson Education, 2013), 85.
 
                                     
                                    
                                    
                                        
                                                                                                                                    
                                                
                                                     
                                                    Previous
                                                 
                                                                                    
                                                                                                                                    
                                                
                                                    Next