ਅਫ਼ਸੀਆਂ 5:33 ਹੁਕਮ ਦਿੰਦੀ ਹੈ, “ਪਰ ਤੁਸਾਂ ਵਿੱਚੋਂ ਭੀ ਹਰੇਕ ਆਪੋ ਆਪਣੀ ਪਤਨੀ ਨਾਲ ਆਪਣੇ ਹੀ ਜਿਹਾ ਪ੍ਰੇਮ  ਕਰੇ ਅਰ ਪਤਨੀ ਆਪਣੇ ਪਤੀ ਦਾ ਮਾਨ  ਕਰੇ।”
ਇੱਕ ਪੁਰਸ਼ ਨੂੰ ਆਦਰ ਦੀ ਲੋੜ ਹੈ। ਜ਼ਿਆਦਾਤਰ ਪੁਰਸ਼ ਇਹ ਚਾਹੁੰਦੇ ਹਨ ਕਿ ਦੂਸਰੇ ਲੋਕ ਉਨ੍ਹਾਂ ਨੂੰ ਪਸੰਦ ਕਰਨ ਦੇ ਬਜਾਏ ਉਨ੍ਹਾਂ ਦਾ ਆਦਰ ਕਰਨ। ਪਰਮੇਸ਼ੁਰ ਨੇ ਪੁਰਸ਼ਾਂ ਨੂੰ ਇਸ ਤਰ੍ਹਾਂ ਬਣਾਇਆ ਹੈ ਕਿ ਉਹ ਆਪਣੇ ਪਰਿਵਾਰਾਂ ਨੂੰ ਸੁਰੱਖਿਆ ਦੇਣ, ਉਨ੍ਹਾਂ ਦਾ ਸਮਰਥਨ ਕਰਨ, ਅਤੇ ਉਨ੍ਹਾਂ ਦੀ ਅਗਵਾਈ ਕਰਨ। ਇੱਕ ਪਿਤਾ ਅਤੇ ਪਤੀ ਦਾ ਅਹੁਦਾ ਆਦਰ ਪ੍ਰਾਪਤ ਕਰਨ ਲਈ ਕੁਝ ਕਰਨ ਤੋਂ ਪਹਿਲਾਂ ਹੀ ਆਦਰ ਦਾ ਹੱਕਦਾਰ ਹੈ। ਭਾਵੇਂ ਪਤੀ ਦੇ ਕੰਮ ਗਲਤ ਹੀ ਹਨ, ਪਰ ਤਾਂ ਵੀ ਪਤਨੀ ਨੂੰ ਆਪਣੇ ਪਤੀ ਪ੍ਰਤੀ ਆਦਰ ਭਰਿਆ ਵਿਹਾਰ ਕਰਨਾ ਚਾਹੀਦਾ ਹੈ। ਉਸ ਨੂੰ ਉਸ ਦੇ ਨਾਲ ਅਜਿਹਾ ਵਿਹਾਰ ਕਰਨਾ ਚਾਹੀਦਾ ਹੈ ਜਿਵੇਂ ਉਹ ਪਰਮੇਸ਼ੁਰ ਦੇ ਸਰੂਪ ਉੱਤੇ ਬਣਾਇਆ ਗਿਆ ਹੈ, ਜੋ ਤਦ ਵੀ ਮਹੱਤਵਪੂਰਣ ਹੈ ਜਦੋਂ ਉਹ ਆਪਣੇ ਅਧਿਕਾਰ ਦੀ ਵਰਤੋਂ ਪੂਰੀ ਤਰ੍ਹਾਂ ਸਹੀ ਢੰਗ ਨਾਲ ਨਹੀਂ ਕਰਦਾ ਹੈ (ਅਫ਼ਸੀਆਂ 5:23)। ਇਸ ਦਾ ਅਰਥ ਇਹ ਨਹੀਂ ਹੈ ਕਿ ਉਹ ਆਪਣੇ ਪਤੀ ਨੂੰ ਇਹ ਨਹੀਂ ਦੱਸ ਸਕਦੀ ਕਿ ਉਹ ਉਸ ਦੇ ਕੰਮਾਂ ਜਾਂ ਫੈਸਲਿਆਂ ਦੇ ਨਾਲ ਸਹਿਮਤ ਨਹੀਂ ਹੈ, ਪਰ ਉਸ ਨੂੰ ਆਪਣੇ ਪਤੀ ਦੇ ਨਾਲ ਨਿਰਾਦਰ ਭਰਿਆ ਵਿਹਾਰ ਨਹੀਂ ਕਰਨਾ ਚਾਹੀਦਾ।
ਜਦੋਂ ਇੱਕ ਪਤਨੀ ਆਪਣੇ ਪਤੀ ਦੇ ਅਧਿਕਾਰ ਹੇਠ ਆਪਣੇ ਆਪ ਨੂੰ ਅਧੀਨ ਕਰਨ ਦੁਆਰਾ ਉਸ ਦਾ ਆਦਰ ਕਰਦੀ ਹੈ, ਉਹ ਯਿਸੂ ਲਈ ਆਪਣੇ ਪਿਆਰ ਨੂੰ ਪਰਗਟ ਕਰਦੀ ਹੈ (ਅਫ਼ਸੀਆਂ 5:22, 31-33)।
ਕੁਝ ਪਤਨੀਆਂ ਸੋਚਦੀਆਂ ਹਨ ਕਿ ਉਹ ਤਦ ਵੀ ਆਪਣੇ ਪਤੀਆਂ ਨੂੰ ਪਿਆਰ ਕਰਦੀਆਂ ਹਨ ਜਦੋਂ ਉਹ ਉਨ੍ਹਾਂ ਦੇ ਨਾਲ ਨਿਰਾਦਰ ਭਰਿਆ ਵਿਹਾਰ ਕਰਦੀਆਂ ਹਨ – ਉਨ੍ਹਾਂ ਦੇ ਮਿੱਤਰਾਂ ਕੋਲ ਉਨ੍ਹਾਂ ਦੀ ਅਲੋਚਨਾ ਕਰਦੀਆਂ ਹਨ, ਭੇਤਪੂਰਣ ਵਿਹਾਰ ਕਰਦੀਆਂ ਹਨ, ਅਤੇ ਠੇਸ ਪਹੁੰਚਾਉਣ ਵਾਲੇ ਸ਼ਬਦਾਂ ਦੀ ਵਰਤੋਂ ਕਰਦੀਆਂ ਹਨ। ਉਨ੍ਹਾਂ ਨੂੰ ਸਮਝਣਾ ਚਾਹੀਦਾ ਹੈ ਕਿ ਸਨੇਹ ਦੀ ਕੋਈ ਵੀ ਮਾਤਰਾ ਨਿਰਾਦਰ ਦੀ ਭਰਪਾਈ ਨਹੀਂ ਕਰ ਸਕਦੀ।
ਜ਼ਿਆਦਾਤਰ ਇਸਤਰੀਆਂ ਦਾ ਇੱਕ ਛੋਟੇ ਬੱਚੇ ਦੀ ਦੇਖਭਾਲ ਕਰਨ ਵੱਲ ਵੱਡਾ ਝੁਕਾਅ ਹੁੰਦਾ ਹੈ। ਇੱਕ ਛੋਟੇ ਬੱਚੇ ਦੀ ਦੇਖਭਾਲ ਕਰਨ ਲਈ ਉਨ੍ਹਾਂ ਦੇ ਅੰਦਰ ਇੱਕ ਸੁਭਾਵਿਕ ਯੋਗਤਾ ਅਤੇ ਇੱਕ ਸੁਭਾਵਿਕ ਇੱਛਾ ਹੈ। ਕਲਪਨਾ ਕਰੋ ਕਿ ਇੱਕ ਇਸਤਰੀ ਤਦ ਕਿਵੇਂ ਮਹਿਸੂਸ ਕਰੇਗੀ ਜਦੋਂ ਉਸ ਨੂੰ ਕੋਈ ਆਖਦਾ ਹੈ, “ਤੂੰ ਇੱਕ ਬੱਚੇ ਦੀ ਦੇਖਭਾਲ ਕਰਨ ਦੇ ਯੋਗ ਨਹੀਂ ਹੈਂ।” ਉਸੇ ਤਰ੍ਹਾਂ ਹੀ, ਪੁਰਸ਼ਾਂ ਦਾ ਵੱਡਾ ਝੁਕਾਅ ਸੁਰੱਖਿਆ ਦੇਣ, ਮੁਹੱਈਆ ਕਰਾਉਣ, ਅਤੇ ਅਗਵਾਈ ਕਰਨ ਵੱਲ ਹੁੰਦਾ ਹੈ। ਜਦੋਂ ਇੱਕ ਪੁਰਸ਼ ਦੀ ਪਤਨੀ ਉਸ ਨੂੰ ਦੱਸਦੀ ਹੈ ਕਿ ਉਹ ਇਹ ਸਾਰੇ ਕੰਮ ਨਹੀਂ ਕਰ ਸਕਦਾ ਹੈ, ਉਹ ਮਹਿਸੂਸ ਕਰਦਾ ਹੈ ਕਿ ਉਹ ਇੱਕ ਪੁਰਸ਼ ਦੇ ਰੂਪ ਵਿੱਚ ਅਸਫ਼ਲ ਹੋਇਆ ਹੈ।
ਇੱਕ ਪਤਨੀ ਨੂੰ ਸਮਝਣਾ ਚਾਹੀਦਾ ਹੈ ਕਿ ਦੂਸਰੇ ਪੁਰਸ਼ ਹੋਣਗੇ ਜਿਨ੍ਹਾਂ ਦੀ ਸਖਸ਼ੀਅਤ ਉਸ ਦੇ ਪਤੀ ਨਾਲੋਂ ਜ਼ਿਆਦਾ ਦ੍ਰਿੜ੍ਹ ਹੋਵੇਗੀ, ਜੋ ਉਸ ਦੇ ਪਤੀ ਨਾਲੋਂ ਜ਼ਿਆਦਾ ਪੈਸਾ ਕਮਾਉਂਦੇ ਹੋਣਗੇ, ਜਾਂ ਜੋ ਉਸ ਦੇ ਪਤੀ ਨਾਲੋਂ ਉੱਚੀ ਪਦਵੀ ’ਤੇ ਹੋਣਗੇ। ਉਸ ਨੂੰ ਚਾਹੀਦਾ ਹੈ ਕਿ ਉਹ ਆਪਣੇ ਪਤੀ ਦੀ ਤੁਲਨਾ ਦੂਸਰਿਆਂ ਨਾਲ ਕਰਨ ਦੁਆਰਾ ਉਸ ਨੂੰ ਅਸਫ਼ਲ ਮਹਿਸੂਸ ਨਾ ਕਰਾਵੇ। ਜਿਵੇਂ ਅਸੀਂ ਅਫ਼ਸੀਆਂ 5:21-33 ਤੋਂ ਸਿੱਖਦੇ ਹਾਂ, ਇੱਕ ਪਤਨੀ ਆਪਣੇ ਪਤੀ ਦੇ ਨਾਲ ਇੱਕ ਹੈ। ਜਦੋਂ ਇੱਕ ਪਤਨੀ ਉਸ ਦੀ ਅਲੋਚਨਾ ਕਰਦੀ ਹੈ ਜਾਂ ਦੂਸਰਿਆਂ ਨਾਲ ਉਸ ਦੀ ਤੁਲਨਾ ਕਰਦੀ ਹੈ, ਉਹ ਦੋਵਾਂ  ਨੂੰ ਅਤੇ ਉਨ੍ਹਾਂ ਦੇ ਰਿਸ਼ਤੇ ਨੂੰ ਨੁਕਸਾਨ ਪਹੁੰਚਾਉਂਦੀ ਹੈ।
► ਇੱਕ ਵਿਦਿਆਰਥੀ ਨੂੰ ਸਮੂਹ ਲਈ ਕਹਾਉਤਾਂ 31:11-12, 26 ਨੂੰ ਪੜ੍ਹਨਾ ਚਾਹੀਦਾ ਹੈ। ਇਹ ਆਇਤਾਂ ਸਾਨੂੰ ਇਸ ਬਾਰੇ ਕੀ ਸਿਖਾਉਂਦੀਆਂ ਹਨ ਕਿ ਇੱਕ ਧਰਮੀ ਪਤਨੀ ਆਪਣੇ ਵਿਹਾਰ ਅਤੇ ਸ਼ਬਦਾਂ ਦੇ ਵਿੱਚ ਆਪਣੇ ਪਤੀ ਨਾਲ ਕਿਸ ਤਰ੍ਹਾਂ ਦਾ ਵਿਹਾਰ ਕਰਦੀ ਹੈ?
(1) ਇੱਕ ਪਤਨੀ ਪੁਸ਼ਟੀ ਦੇ ਸ਼ਬਦਾਂ ਨਾਲ ਆਪਣੇ ਪਤੀ ਦਾ ਆਦਰ ਕਰਦੀ ਹੈ।  
ਇੱਕ ਪਤਨੀ ਨੂੰ ਆਪਣੇ ਪਤੀ ਦੀ ਸੰਭਾਵੀ ਸਮਰੱਥਾ ਦੀ ਪੁਸ਼ਟੀ ਕਰਨੀ ਚਾਹੀਦੀ ਹੈ। ਆਦਰ ਉਨ੍ਹਾਂ ਪੁਸ਼ਟੀ ਦੇ ਸ਼ਬਦਾਂ ਵਿੱਚ ਸਪਸ਼ਟ ਵਿਖਾਈ ਦੇਵੇਗਾ ਜੋ ਸ਼ਬਦ ਇੱਕ ਪਤਨੀ ਆਪਣੇ ਪਤੀ ਲਈ ਬੋਲਦੀ ਹੈ। ਸ਼ਬਦ ਜ਼ਿਆਦਾਤਰ ਪੁਰਸ਼ਾਂ ਉੱਤੇ ਸ਼ਕਤੀਸ਼ਾਲੀ ਪ੍ਰਭਾਵ ਪਾਉਂਦੇ ਹਨ। ਉਹ ਜਾਂ ਤਾਂ ਨਿਰਮਾਣ ਕਰਨਗੇ ਜਾਂ ਉਹ ਪਾੜ ਦੇਣਗੇ (ਕਹਾਉਤਾਂ 14:1)। ਉਹ ਜਾਂ ਤਾਂ ਉਤਸ਼ਾਹਿਤ ਕਰਨਗੇ ਜਾਂ ਕਮਜ਼ੋਰ ਬਣਾਉਣਗੇ। ਉਹ ਜਾਂ ਤਾਂ ਉਸ ਦੀ ਦਲੇਰੀ ਨੂੰ ਹੋਰ ਮਜ਼ਬੂਤ ਬਣਾਉਣਗੇ ਜਾਂ ਉਸ ਦੇ ਆਤਮਾ ਨੂੰ ਤੋੜ ਦੇਣਗੇ (ਕਹਾਉਤਾਂ 18:21)। ਹੋ ਸਕਦਾ ਹੈ ਕਿ ਇੱਕ ਪੁਰਸ਼ ਹਰੇਕ ਉੱਦਮ ਵਿੱਚ ਸਫਲ ਨਾ ਹੋਵੇ ਜਾਂ ਕੁਝ ਅਹੁਦਿਆਂ ਨੂੰ ਨਾ ਸੰਭਾਲ ਸਕੇ, ਪਰ ਇੱਕ ਪਤਨੀ ਨੂੰ ਚਾਹੀਦਾ ਹੈ ਕਿ ਘਰ ਲਈ ਮੁਹੱਈਆ ਕਰਾਉਣ ਅਤੇ ਉਸ ਦੇ ਪਰਿਵਾਰ ਦੀ ਸੁਰੱਖਿਆ ਲਈ ਉਸ ਦੀਆਂ ਕੋਸ਼ਿਸ਼ਾਂ ਦੀ ਪੁਸ਼ਟੀ ਕਰੇ। ਪਤਨੀ ਨੂੰ ਚਾਹੀਦਾ ਹੈ ਕਿ ਉਹ ਉਸ ਨੂੰ ਨਵੇਂ ਵਿਚਾਰਾਂ ਪ੍ਰਤੀ ਕੋਸ਼ਿਸ਼ ਕਰਨ ਅਤੇ ਨਵੀਆਂ ਚੁਣੌਤੀਆਂ ਲੈਣ ਲਈ ਨਿਰਾਸ਼ ਨਾ ਕਰੇ।
► ਇੱਕ ਵਿਦਿਆਰਥੀ ਨੂੰ ਸਮੂਹ ਲਈ ਕਹਾਉਤਾਂ 15:4 ਅਤੇ ਕਹਾਉਤਾਂ 16:24 ਨੂੰ ਪੜ੍ਹਨਾ ਚਾਹੀਦਾ ਹੈ।
(2) ਇੱਕ ਪਤਨੀ ਅਧੀਨ ਹੋਣ ਦੁਆਰਾ ਆਪਣੇ ਪਤੀ ਦਾ ਆਦਰ ਕਰਦੀ ਹੈ (1 ਪਤਰਸ 3:5)।  
ਇੱਕ ਪਤਨੀ ਦੇ ਅਧੀਨ ਹੋਣ ਦਾ ਅਰਥ ਇਹ ਨਹੀਂ ਹੈ ਕਿ ਉਹ ਆਪਣੇ ਪਤੀ ਨਾਲੋਂ ਨੀਵੀਂ ਹੈ। ਸਗੋਂ ਇਸ ਦਾ ਅਰਥ ਇਹ ਹੈ ਕਿ ਉਨ੍ਹਾਂ ਦੀਆਂ ਭੂਮਿਕਾਵਾਂ ਵੱਖ-ਵੱਖ ਹਨ। ਤ੍ਰਿਏਕਤਾ ਦੇ ਵਿੱਚ ਵੀ ਅਸੀਂ ਵੇਖਦੇ ਹਾਂ ਕਿ ਪੁੱਤਰ ਪਿਤਾ ਦੇ ਅਧੀਨ ਹੁੰਦਾ ਹੈ, ਭਾਵੇਂ ਕਿ ਪੁੱਤਰ ਸੁਭਾਅ ਜਾਂ ਸਮਰੱਥਾ ਜਾਂ ਕਿਸੇ ਗੁਣ ਦੇ ਵਿੱਚ ਪਿਤਾ ਨਾਲੋਂ ਘੱਟ ਨਹੀਂ ਹੈ।
ਇਹ ਸਿਧਾਂਤ ਕੁਝ ਪਤਨੀਆਂ ਦੇ ਲਈ ਸੌਖਾ ਨਹੀਂ ਹੈ, ਖਾਸ ਕਰਕੇ ਜੇ ਉਨ੍ਹਾਂ ਦੇ ਪਤੀ ਪਰਮੇਸ਼ੁਰ ਦੇ ਵਚਨ ਅਨੁਸਾਰ ਨਹੀਂ ਜੀਉਂਦੇ ਹਨ, ਜਾਂ ਜੇ ਉਹ ਉਨ੍ਹਾਂ ਪ੍ਰਤੀ ਦਿਆਲੂ ਨਹੀਂ ਹਨ। ਕੁਝ ਪਤਨੀਆਂ ਸੋਚਦੀਆਂ ਹਨ ਕਿ ਉਹ ਆਪਣੇ ਲਈ ਜਾਂ ਆਪਣੇ ਪਰਿਵਾਰ ਲਈ ਆਪਣੇ ਪਤੀਆਂ ਨਾਲੋਂ ਬਿਹਤਰ ਫੈਸਲੇ ਲੈ ਸਕਦੀਆਂ ਹਨ। ਕਈ ਵਾਰ ਪਤਨੀ ਸਹੀ ਹੁੰਦੀ ਹੈ, ਅਤੇ ਪਤੀ ਗਲਤ ਹੁੰਦਾ ਹੈ। ਹਾਲਾਂਕਿ, ਜੇ ਇੱਕ ਪਤਨੀ ਆਪਣੇ ਪਤੀ ਦੇ ਉਦੋਂ ਹੀ ਅਧੀਨ ਹੁੰਦੀ ਹੈ ਜਦੋਂ ਉਹ ਉਸ ਦੇ ਨਾਲ ਸਹਿਮਤ ਹੁੰਦੀ ਹੈ, ਤਾਂ ਉਹ ਅਧਿਕਾਰ ਨੂੰ ਆਪਣੇ ਹੱਥ ਵਿੱਚ ਲੈ ਰਹੀ ਹੈ ਅਤੇ ਸੱਚਮੁੱਚ ਅਧੀਨ ਨਹੀਂ ਹੈ। ਅਧੀਨ ਹੋਣ ਦਾ ਅਰਥ ਹੈ ਕਿ ਦੂਸਰੇ ਨੂੰ ਫੈਸਲੇ ਲੈਣ ਦੀ ਅਨੁਮਤੀ ਦੇਣਾ।
ਪਤਰਸ ਪਤਨੀਆਂ ਨੂੰ ਦੱਸਦਾ ਹੈ,
ਇਸੇ ਪਰਕਾਰ ਹੇ ਪਤਨੀਓ, ਆਪਣਿਆਂ ਪਤੀਆਂ ਦੇ ਅਧੀਨ ਹੋਵੋ ਭਈ ਜੇ ਕੋਈ ਬਚਨ ਨਾ ਵੀ ਮੰਨਦੇ ਹੋਣ ਤਾਂ ਓਹ ਬਚਨ ਤੋਂ ਬਿਨਾ ਆਪਣੀਆਂ ਪਤਨੀਆਂ ਦੀ ਚਾਲ ਢਾਲ ਦੇ ਕਾਰਨ ਖਿੱਚੇ ਜਾਣ... ਤੇ ਤੁਹਾਡਾ ਸਿੰਗਾਰ ਸਿਰ ਗੁੰਦਣ ਅਤੇ ਸੋਨੇ ਦੇ ਗਹਿਣੇ ਪਾਉਣ ਅਥਵਾ ਬਸਤਰ ਪਹਿਨਣ ਦੇ ਨਾਲ ਬਾਹਰਲਾ ਨਾ ਹੋਵੇ ਪਰ ਉਹ ਮਨ ਦੀ ਗੁਪਤ ਇਨਸਾਨੀਅਤ ਹੋਵੇ ਜਿਹੜੀ ਓਸ ਅਵਨਾਸੀ ਸਿੰਗਾਰ ਨਾਲ ਹੈ ਅਰਥਾਤ ਕੋਮਲ ਅਤੇ ਗੰਭੀਰ ਆਤਮਾ ਨਾਲ ਕਿਉਂ ਜੋ ਇਹ ਪਰਮੇਸ਼ੁਰ ਦੇ ਲੇਖੇ ਵੱਡੇ ਮੁੱਲ ਦਾ ਹੈ (1 ਪਤਰਸ 3:1, 3-4)।
 
ਬਹੁਤ ਸਾਰੇ ਮੁਸ਼ਕਲ ਹਾਲਾਤ ਹੁੰਦੇ ਹਨ। ਬਹੁਤ ਸਾਰੀਆਂ ਪਤਨੀਆਂ ਸਵਾਲ ਪੁੱਛਦੀਆਂ ਹਨ। “ਜੇ ਉਹ ਮੈਨੂੰ ________ ਕਰਨ ਲਈ ਆਖਦਾ ਹੈ, ਤਾਂ ਕੀ ਮੈਂ ਇਹ ਕਰਨਾ ਹੈ?” ਇਹ ਪਾਠ ਉਨ੍ਹਾਂ ਹਾਲਾਤਾਂ ਦੀ ਵੱਡੀ ਭਿੰਨਤਾ ਬਾਰੇ ਗੱਲ ਨਹੀਂ ਕਰ ਸਕਦਾ ਜੋ ਹੋਂਦ ਵਿੱਚ ਹਨ। ਹਾਲਾਂਕਿ, ਅਧੀਨਗੀ ਦੀ ਸਮੱਸਿਆ ਇਹ ਕਾਰਣ ਨਹੀਂ ਹੈ ਕਿਉਂਕਿ ਇੱਕ ਪਤੀ ਉਨ੍ਹਾਂ ਚੀਜ਼ਾਂ ਦੀ ਮੰਗ ਕਰਦਾ ਹੈ ਜੋ ਇੱਕ ਪਤਨੀ ਨੂੰ ਨਹੀਂ ਕਰਨਾ ਚਾਹੀਦਾ। ਹੋ ਸਕਦਾ ਹੈ ਕਿ ਇੱਕ ਪਤਨੀ ਇਸ ਲਈ ਅਧੀਨ ਹੋਣਾ ਨਾ ਚਾਹੀਦੇ ਕਿਉਂਕਿ ਉਹ ਸੋਚਦੀ ਹੈ ਜੇ ਉਹ ਇਹ ਕਰਦੀ ਹੈ ਤਾਂ ਉਸ ਦਾ ਅਣਉਚਿੱਤ ਹੋਵੇਗਾ। ਹੋ ਸਕਦਾ ਹੈ ਕਿ ਪਤੀ ਪਿਆਰ ਕਰਨਾ ਅਤੇ ਦਿਆਲੂ ਨਹੀਂ ਹੈ। ਹੋ ਸਕਦਾ ਹੈ ਕਿ ਇੱਕ ਪਤਨੀ ਆਪਣੇ ਫੈਸਲੇ ਲੈਣ ਦੀ ਆਪਣੀ ਆਜ਼ਾਦੀ ਨੂੰ ਸਮਰਪਿਤ ਕਰਨਾ ਨਾ ਚਾਹੁੰਦੀ ਹੋਵੇ। ਪਤਨੀ ਦਾ ਇੱਕ ਢੀਠ ਰਵੱਈਆ ਹੋ ਸਕਦਾ ਹੈ। ਪਤਨੀ ਪਤੀ ਦੇ ਅਧਿਕਾਰ ਤੋਂ ਇਨਕਾਰ ਕਰਨ ਦੇ ਲਈ ਉਸ ਦੇ ਰੁੱਖੇ ਵਿਹਾਰ ਜਾਂ ਉਸ ਦੀਆਂ ਗਲਤੀਆਂ ਦੀਆਂ ਉਦਾਹਰਣਾਂ ਨੂੰ ਬਹਾਨੇ ਦੇ ਤੌਰ ’ਤੇ ਵਰਤਦੀ ਹੈ। ਇਹ ਪਰਮੇਸ਼ੁਰ ਦੇ ਵਚਨ ਦੇ ਹੁਕਮਾਂ ਦੀ ਉਲੰਘਣਾ ਹੈ।
ਬਾਈਬਲ ਸਾਨੂੰ ਦੱਸਦੀ ਹੈ ਕਿ ਇੱਕ ਧਰਮੀ, ਅਧੀਨ ਪਤਨੀ ਆਪਣੇ ਪਤੀ ਨੂੰ ਪ੍ਰਭੂ ਦੇ ਲਈ ਜਿੱਤ ਸਕਦੀ ਹੈ। ਸਾਨੂੰ ਇਹ ਪੱਕਾ ਭਰੋਸਾ ਨਹੀਂ ਦਿੱਤਾ ਗਿਆ ਕਿ ਇੱਕ ਪਤੀ ਇੱਕ ਚੰਗੀ ਪਤਨੀ ਦੇ ਕਾਰਣ ਇੱਕ ਵਿਸ਼ਵਾਸੀ ਬਣ ਜਾਵੇਗਾ, ਪਰ ਜੇ ਉਸ ਦੀ ਮਸੀਹੀ ਪਤਨੀ ਢੀਠ ਹੈ ਤਾਂ ਉਸ ਦੇ ਵਿਸ਼ਵਾਸੀ ਬਣਨ ਦੀ ਕੋਈ ਸੰਭਾਵਨਾ ਨਹੀਂ ਰਹੇਗੀ। ਇੱਕ ਪਤਨੀ ਆਪਣੇ ਪਤੀ ਨੂੰ ਆਦਰ ਦੇਣ ਦੇ ਦੁਆਰਾ ਉਸ ਵੱਲੋਂ ਵੱਡੀ ਕਿਰਪਾ ਨੂੰ ਪ੍ਰਾਪਤ ਕਰ ਸਕਦੀ ਹੈ, ਪਰ ਇਹ ਆਦਰ ਦੇਣ ਦੇ ਲਈ ਮੁੱਖ ਕਾਰਣ ਨਹੀਂ ਹੈ। ਉਸ ਨੂੰ ਇਸ ਲਈ ਆਪਣੇ ਪਤੀ ਦਾ ਆਦਰ ਕਰਨਾ ਚਾਹੀਦਾ ਹੈ ਕਿਉਂਕਿ ਇਹ ਉਸ ਦਾ ਫ਼ਰਜ਼ ਹੈ ਅਤੇ ਕਿਉਂਕਿ ਉਹ ਪਰਮੇਸ਼ੁਰ ਨੂੰ ਪ੍ਰਸੰਨ ਕਰਨਾ ਚਾਹੁੰਦੀ ਹੈ।
ਕਹਾਉਤਾਂ 12:4 ਆਖਦੀ ਹੈ, “ਪਤਵੰਤੀ ਤੀਵੀਂ ਆਪਣੇ ਪਤੀ ਦਾ ਮੁਕਟ ਹੈ, ਪਰ ਖੱਜਲ ਕਰਨ ਵਾਲੀ ਉਹ ਦੀਆਂ ਹੱਡੀਆਂ ਦਾ ਸਾੜਾ ਹੈ।” ਜੇ ਇੱਕ ਪਤਨੀ ਆਪਣੇ ਪਤੀ ਦੇ ਦੋਸਤਾਂ ਦੇ ਸਾਹਮਣੇ ਉਸ ਨਾਲ ਨਿਰਾਦਰ ਭਰਿਆ ਵਿਹਾਰ ਕਰਦੀ ਹੈ, ਇਹ ਉਸ ਦੇ ਆਦਰ ਨੂੰ ਖੋਹ ਲੈਂਦਾ ਹੈ ਜਿਸ ਨੂੰ ਉਹ ਫਿਰ ਕਦੇ ਵੀ ਬਹਾਲ ਨਹੀਂ ਕਰ ਸਕੇਗੀ। ਪੁਰਸ਼ ਉਨ੍ਹਾਂ ਦੂਸਰੇ ਪੁਰਸ਼ਾਂ ਦੀ ਪ੍ਰਸ਼ੰਸ਼ਾ ਕਰਦੇ ਹਨ ਜਿਨ੍ਹਾਂ ਦੀਆਂ ਪਤਨੀਆਂ ਸਮਰਪਿਤ ਹੁੰਦੀਆਂ ਹਨ। ਪੁਰਸ਼ ਉਨ੍ਹਾਂ ਦੂਸਰੇ ਪੁਰਸ਼ਾਂ ਪ੍ਰਤੀ ਤਰਸ ਦੀ ਭਾਵਨਾ ਰੱਖਦੇ ਹਨ ਜਿਨ੍ਹਾਂ ਦੀਆਂ ਪਤਨੀਆਂ ਨਿਰਾਦਰ ਕਰਦੀਆਂ ਹਨ।
(3) ਪਤਨੀ ਆਪਣੇ ਪਤੀ ਦੀਆਂ ਲੋੜਾਂ ਵੱਲ ਧਿਆਨ ਦੇਣ ਦੁਆਰਾ ਉਸ ਦਾ ਆਦਰ ਕਰਦੀ ਹੈ (ਕਹਾਉਤਾਂ 31:15, 21, 25, 27)।  
ਜਦੋਂ ਇੱਕ ਪਤਨੀ ਉਸ ਢੰਗ ਨਾਲ ਖਾਣਾ ਬਣਾਉਣ ਅਤੇ ਘਰ ਦੀ ਦੇਖਭਾਲ ਕਰਨ ਬਾਰੇ ਵਿਸਥਾਰ ਨਾਲ ਸਿੱਖਦੀ ਹੈ, ਜੋ ਢੰਗ ਉਸ ਦੇ ਪਤੀ ਨੂੰ ਪ੍ਰਸੰਨ ਕਰਦਾ ਹੈ, ਤਾਂ ਪਤੀ ਆਦਰਵਾਨ ਮਹਿਸੂਸ ਕਰਦਾ ਹੈ। ਜੇ ਪਤਨੀ ਉਸ ਦੇ ਲਈ ਆਪਣੀਆਂ ਆਦਤਾਂ ਨੂੰ ਬਦਲਣ ਤੋਂ ਇਨਕਾਰ ਕਰਦੀ ਹੈ, ਤਾਂ ਉਹ ਮਹਿਸੂਸ ਕਰਦਾ ਹੈ ਕਿ ਉਹ ਉਸ ਦੇ ਮਹੱਤਵਪੂਰਣ ਨਹੀਂ ਹੈ।
ਜੇ ਇੱਕ ਪਤਨੀ ਕੰਮ ਵਿੱਚ ਜਾਂ ਦੋਸਤਾਂ ਦੇ ਨਾਲ ਜਾਂ ਕਲੀਸਿਯਾ ਵਿੱਚ ਜਾਂ ਮੰਨੋਰੰਜਨ ਵਿੱਚ ਰੁਝੀ ਹੋਈ ਹੈ ਅਤੇ ਆਪਣੇ ਪਤੀ ਦੀ ਗੱਲ ਨੂੰ ਸੁਣਨ ਜਾਂ ਉਸ ਦੀਆਂ ਲੋੜਾਂ ਨੂੰ ਵੇਖਣ ਲਈ ਸਮਾਂ ਨਹੀਂ ਕੱਢਦੀ ਹੈ, ਤਾਂ ਪਤੀ ਮਹਿਸੂਸ ਕਰਦਾ ਹੈ ਕਿ ਉਹ ਉਸ ਦੇ ਲਈ ਮਹੱਤਵਪੂਰਣ ਨਹੀਂ ਹੈ।
ਉਤਪਤ 2:18 ਸਿਖਾਉਂਦੀ ਹੈ, “ਫੇਰ ਯਹੋਵਾਹ ਪਰਮੇਸ਼ੁਰ ਨੇ ਆਖਿਆ ਭਈ ਚੰਗਾ ਨਹੀਂ ਕਿ ਆਦਮੀ ਇਕੱਲਾ ਰਹੇ ਸੋ ਮੈਂ ਉਹ ਦੇ ਲਈ ਉਹ ਦੇ ਵਾਂਙੁ ਇੱਕ ਸਹਾਇਕਣ ਬਣਾਵਾਂਗਾ।”
(4) ਇੱਕ ਪਤਨੀ ਸਰੀਰਕ ਸਨੇਹ ਦੇਣ ਦੁਆਰਾ ਆਪਣੇ ਪਤੀ ਦਾ ਆਦਰ ਕਰਦੀ ਹੈ।  
ਜਾਪਦਾ ਹੈ ਕਿ ਕੁਝ ਪੁਰਸ਼ਾਂ ਦੇ ਲਿੰਗਕ ਸੰਤੁਸ਼ਟੀ ਔਰਤਾਂ ਦੇ ਨਾਲੋਂ ਜ਼ਿਆਦਾ ਮਹੱਤਵ ਰੱਖਦੀ ਹੈ। ਇੱਕ ਔਰਤ ਜਦੋਂ ਤਕ ਉਸ ਦੀਆਂ ਭਾਵਨਾਵਾਂ ਜਾਂ ਮਨ ਹੋਵੇ ਤਦ ਤਕ ਹੋ ਸਕਦਾ ਹੈ ਕਿ ਉਹ ਲਿੰਗਕ ਕਿਰਿਆ ਦੇ ਲਈ ਰੁਚੀ ਨਾ ਵਿਖਾਵੇ, ਪਰ ਇਹ ਉਸ ਨਾਲੋਂ ਬਹੁਤ ਘੱਟ ਵਾਰ ਹੁੰਦਾ ਹੈ ਜਿੰਨਾ ਇੱਕ ਪੁਰਸ਼ ਚਾਹੁੰਦਾ ਹੈ। ਇਸ ਦਾ ਅਰਥ ਹੈ ਕਿ ਇੱਕ ਪਤੀ ਅਕਸਰ ਵੱਖ ਰਹੇਗਾ ਜਦੋਂ ਉਸ ਦੀ ਪਤਨੀ ਉਸ ਦੀ ਲੋੜ ਨੂੰ ਨਹੀਂ ਸਮਝਦੀ ਹੈ। ਹੋ ਸਕਦਾ ਹੈ ਕਿ ਉਹ ਪੁਰਸ਼ ਦੀਆਂ ਲਿੰਗਕ ਇੱਛਾਵਾਂ ਨੂੰ ਇਸ ਲਈ ਨਫਰਤ ਕਰਦੀ ਹੋਵੇ ਕਿਉਂਕਿ ਅਤੀਤ ਵਿੱਚ ਉਸ ਨੇ ਸ਼ੋਸ਼ਣ ਦਾ ਅਨੁਭਵ ਕੀਤਾ ਸੀ ਜਾਂ ਸ਼ੋਸ਼ਣ ਵੇਖਿਆ ਸੀ। ਇਸ ਲਈ ਪਤੀ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹ ਧੀਰਜਵਾਨ ਬਣੇ ਅਤੇ ਆਪਣੀ ਪਤਨੀ ਨੂੰ ਸਮਝੇ। ਪਰ ਇੱਕ ਪਤਨੀ ਨੂੰ ਇਹ ਜਾਣਨਾ ਚਾਹੀਦਾ ਹੈ ਕਿ ਭਾਵੇਂ ਜਦੋਂ ਉਹ ਲਿੰਗਕ ਕਿਰਿਆ ਦੇ ਲਈ ਆਪ ਲੋੜ ਮਹਿਸੂਸ ਨਹੀਂ ਕਰਦੀ ਹੈ, ਪਰ ਇਹ ਉਸ ਲਈ ਚੰਗਾ ਹੈ ਕਿ ਉਹ ਤਦ ਵੀ ਆਪਣੇ ਪਤੀ ਦੀ ਲਿੰਗਕ ਲੋੜ ਨੂੰ ਪੂਰਾ ਕਰੇ। ਜੇ ਇੱਕ ਪੁਰਸ਼ ਵਫ਼ਾਦਾਰ ਹੈ ਅਤੇ ਆਪਣੀ ਪਤਨੀ ਦੇ ਪ੍ਰਤੀ ਸਮਰਪਿਤ ਹੈ, ਉਸ ਦੇ ਦੂਸਰੀਆਂ ਇਸਤਰੀਆਂ ਦੇ ਨਾਲ ਕੋਈ ਗਲਤ ਸੰਬੰਧ ਨਹੀਂ ਹਨ, ਸੋ ਜਦੋਂ ਉਸ ਦੀ ਪਤਨੀ ਉਸ ਦੀ ਲੋੜ ਦੀ ਪਰਵਾਹ ਨਹੀਂ ਕਰਦੀ ਹੈ ਤਾਂ ਉਹ ਨਰਾਜ਼ਗੀ ਮਹਿਸੂਸ ਕਰ ਸਕਦਾ ਹੈ। ਵਿਆਹੁਤਾ ਰਿਸ਼ਤੇ ਦੇ ਲਈ ਸਮਰਪਣ ਪ੍ਰਤੀ ਇੱਕ ਪਤੀ ਦੀ ਵਫ਼ਾਦਾਰੀ ਕਦੇ ਵੀ ਉਸ ਦੀ ਸਰੀਰਕ ਸੰਤੁਸ਼ਟੀ ’ਤੇ ਨਿਰਭਰ ਨਹੀਂ ਹੋਣੀ ਚਾਹੀਦੀ, ਪਰ ਜੇ ਉਸ ਦੀ ਪਤਨੀ ਉਸ ਦੀਆਂ ਲਿੰਗਕ ਲੋੜਾਂ ਵੱਲ ਧਿਆਨ ਦਿੰਦੀ ਹੈ ਤਾਂ ਇਹ ਪਰਤਾਵੇ ਨਾਲ ਉਸ ਦੇ ਸੰਘਰਸ਼ ਨੂੰ ਘੱਟ ਕਰ ਸਕਦਾ ਹੈ।
ਸਰੇਸ਼ਟ ਗੀਤ ਇਹ ਦੱਸਦਾ ਹੈ, “ਮੇਰਾ ਬਾਲਮ ਮੇਰਾ ਹੈ ਤੇ ਮੈਂ ਉਸ ਦੀ ਹਾਂ... ਮੇਰੇ ਬਾਲਮ, ਆ,  ਅਸੀਂ ਖੇਤ ਵਿੱਚ ਚੱਲੀਏ, ਅਤੇ ਪਿੰਡਾਂ ਵਿੱਚ ਰਾਤ ਕਟੀਏ... ਉੱਥੇ ਮੈਂ ਤੈਨੂੰ ਆਪਣਾ ਪ੍ਰੇਮ ਦਿਆਂਗੀ।  (ਸਰੇਸ਼ਟ ਗੀਤ 2:16; ਸਰੇਸ਼ਟ ਗੀਤ 7:11-12, ਜ਼ੋਰ ਦਿੱਤਾ ਗਿਆ ਹੈ; 1 ਕੁਰਿੰਥੀਆਂ 7:3-5 ਨੂੰ ਵੀ ਵੇਖੋ)।
                                     
                                    
                                    
                                        
                                                                                                                                    
                                                
                                                     
                                                    Previous
                                                 
                                                                                    
                                                                                                                                    
                                                
                                                    Next