ਸਾਰੇ ਸੱਭਿਆਚਾਰ ਬੱਚਿਆਂ ਦੀ ਕਦਰ ਕਰਨ ਦੇ ਤਰੀਕੇ ਵਿੱਚ ਇੱਕੋ ਜਿਹੇ ਨਹੀਂ ਹੁੰਦੇ। ਕੁਝ ਦੇਸਾਂ ਵਿੱਚ, ਪਰਿਵਾਰ ਬਹੁਤ ਸਾਰੇ ਬੱਚੇ ਪੈਦਾ ਕਰਨਾ ਚਾਹੁੰਦੇ ਹਨ। ਬੱਚੇ ਪਰਿਵਾਰ ਦਾ ਸਮਰਥਨ ਕਰਨ ਵਾਲੇ ਕੰਮ ਵਿੱਚ ਮਦਦ ਕਰ ਸਕਦੇ ਹਨ। ਵਿਸਤ੍ਰਿਤ ਪਰਿਵਾਰ ਦੇ ਮੈਂਬਰ, ਚਚੇਰੇ ਭਰਾਵਾਂ ਅਤੇ ਚਾਚਿਆਂ ਅਤੇ ਹੋਰਾਂ ਨਾਲ, ਲੋੜ ਪੈਣ 'ਤੇ ਮੈਂਬਰਾਂ ਦੀ ਰੱਖਿਆ ਅਤੇ ਦੇਖਭਾਲ ਕਰਦੇ ਹਨ। ਵਿਸਤ੍ਰਿਤ ਪਰਿਵਾਰ ਵਿੱਚ ਹਰੇਕ ਪਤਨੀ ਬੱਚੇ ਪੈਦਾ ਕਰਕੇ ਪਰਿਵਾਰ ਵਿੱਚ ਹੋਰ ਮੈਂਬਰਾਂ ਨੂੰ ਜੋੜਨਾ ਚਾਹੁੰਦੀ ਹੈ। ਇੱਕ ਆਦਮੀ ਜਿਸ ਦੇ ਬਹੁਤ ਸਾਰੇ ਬੱਚੇ ਹਨ, ਖਾਸ ਕਰਕੇ ਪੁੱਤਰ, ਉਹ ਵਿਸਤ੍ਰਿਤ ਪਰਿਵਾਰ ਵਿੱਚ ਮਹੱਤਵਪੂਰਣ ਹੁੰਦਾ ਹੈ। ਪਰਿਵਾਰ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਬਜ਼ੁਰਗ ਪਰਿਵਾਰਕ ਮੈਂਬਰਾਂ ਦੀ ਦੇਖਭਾਲ ਕਰੇ।
ਦੂਸਰੇ ਦੇਸਾਂ ਵਿੱਚ, ਜ਼ਿਆਦਾਤਰ ਪਰਿਵਾਰ ਸ਼ਹਿਰਾਂ ਜਾਂ ਕਸਬਿਆਂ ਵਿੱਚ ਰਹਿੰਦੇ ਹਨ ਅਤੇ ਪਿਤਾ ਅਤੇ ਮਾਂ ਦੇ ਰੁਜ਼ਗਾਰ ਦੁਆਰਾ ਉਨ੍ਹਾਂ ਦਾ ਪਾਲਣ-ਪੋਸ਼ਣ ਕੀਤਾ ਜਾਂਦਾ ਹੈ। ਸ਼ਹਿਰ ਵਿੱਚ, ਬੱਚੇ ਪਰਿਵਾਰ ਨੂੰ ਸਹਿਯੋਗ ਦੇਣ ਵਿੱਚ ਘੱਟ ਸਮਰੱਥ ਹੁੰਦੇ ਹਨ। ਬੱਚਿਆਂ ਦਾ ਪਾਲਣ-ਪੋਸ਼ਣ ਅਤੇ ਉਨ੍ਹਾਂ ਨੂੰ ਸਿੱਖਿਆ ਦੇਣਾ ਮਹਿੰਗਾ ਹੋ ਸਕਦਾ ਹੈ। ਸਮੇਂ ਦੇ ਨਾਲ, ਜਦੋਂ ਪਰਿਵਾਰ ਕਈ ਪੀੜ੍ਹੀਆਂ ਤੋਂ ਸ਼ਹਿਰ ਵਿੱਚ ਰਹਿੰਦੇ ਹਨ, ਹੋ ਸਕਦਾ ਹੈ ਕਿ ਉਹ ਚਾਹੁਣ ਕਿ ਉਨ੍ਹਾਂ ਦੇ ਘੱਟ ਬੱਚੇ ਹੋਣ। ਬਹੁਤ ਸਾਰੇ ਸ਼ਹਿਰੀ ਪਰਿਵਾਰ ਸਿਰਫ਼ ਇੱਕ ਜਾਂ ਦੋ ਬੱਚੇ ਹੀ ਚਾਹੁੰਦੇ ਹਨ।
ਬਹੁਤ ਸਾਰੇ ਸੱਭਿਆਚਾਰਾਂ ਵਿੱਚ ਬੱਚਿਆਂ ਦਾ ਮਹੱਤਵ ਐਨਾ ਦ੍ਰਿੜ੍ਹ ਹੁੰਦਾ ਹੈ ਕਿ ਆਦਰ ਅਤੇ ਕਦਰ ਮਹਿਸੂਸ ਕਰਨ ਲਈ ਹਰ ਜੋੜੇ ਦੇ ਬੱਚੇ ਹੋਣੇ ਚਾਹੀਦੇ ਹਨ। ਇੱਕ ਬੇਔਲਾਦ ਔਰਤ ਮਹਿਸੂਸ ਕਰਦੀ ਹੈ ਕਿ ਉਹ ਆਪਣੀ ਸਭ ਤੋਂ ਮਹੱਤਵਪੂਰਣ ਭੂਮਿਕਾ ਨਿਭਾਉਣ ਵਿੱਚ ਅਸਫਲ ਹੋ ਰਹੀ ਹੈ। ਇੱਕ ਔਰਤ ਜੋ ਕਦੇ ਵਿਆਹ ਨਹੀਂ ਕਰਵਾਉਂਦੀ, ਸ਼ਰਮਿੰਦਗੀ ਮਹਿਸੂਸ ਕਰਦੀ ਹੈ ਕਿਉਂਕਿ ਉਸ ਦੇ ਬੱਚੇ ਨਹੀਂ ਹੁੰਦੇ ਅਤੇ ਉਸ ਨੂੰ ਕਿਸੇ ਦੀ ਪਤਨੀ ਬਣਨ ਲਈ ਨਹੀਂ ਚੁਣਿਆ ਗਿਆ ਸੀ।
ਬਹੁਤ ਸਾਰੇ ਸੱਭਿਆਚਾਰਾਂ ਵਿੱਚ ਪਰਿਵਾਰ ਚਾਹੁੰਦੇ ਹਨ ਕਿ ਅਗਲੀ ਪੀੜ੍ਹੀ ਵਿੱਚ ਪਰਿਵਾਰ ਦੀ ਅਗਵਾਈ ਕਰਨ ਅਤੇ ਅਗਲੀ ਪੀੜ੍ਹੀ ਨੂੰ ਮਜ਼ਬੂਤ ਕਰਨ ਲਈ ਉਨ੍ਹਾਂ ਦੇ ਪੁੱਤਰ ਹੋਣ। ਧੀਆਂ ਨੂੰ ਬਹੁਤ ਘੱਟ ਮਹੱਤਵ ਦਿੱਤਾ ਜਾਂਦਾ ਹੈ। ਬੱਚੀਆਂ ਦਾ ਗਰਭਪਾਤ ਜਾਂ ਤਿਆਗ ਕੀਤਾ ਜਾ ਸਕਦਾ ਹੈ। ਕੁਝ ਦੇਸਾਂ ਨੇ ਅਣਜੰਮੇ ਬੱਚੇ ਦੇ ਲਿੰਗ ਦਾ ਪਤਾ ਲਗਾਉਣ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਹੈ ਕਿਉਂਕਿ ਬਹੁਤ ਸਾਰੇ ਪਰਿਵਾਰ ਅਣਜੰਮੀਆਂ ਧੀਆਂ ਨੂੰ ਮਾਰ ਦਿੰਦੇ ਹਨ। ਅਸੀਂ ਵਚਨ ਤੋਂ ਜਾਣਦੇ ਹਾਂ ਕਿ ਕੁੜੀਆਂ ਦਾ ਵੀ ਮੁੰਡਿਆਂ ਦੇ ਬਰਾਬਰ ਮਾਣ ਅਤੇ ਮਹੱਤਵ ਹੁੰਦਾ ਹੈ, ਕਿਉਂਕਿ ਉਹ ਸਾਰੇ ਪਰਮੇਸ਼ੁਰ ਦੇ ਸਰੂਪ ਉੱਤੇ ਬਣੇ ਹਨ (ਉਤਪਤ 1:27)। ਇਸ ਲਈ, ਮਸੀਹ ਦਾ ਅਨੁਸਰਣ ਕਰਨ ਵਾਲੇ ਪਰਿਵਾਰਾਂ ਨੂੰ ਪੁੱਤਰਾਂ ਅਤੇ ਧੀਆਂ ਦੋਵਾਂ ਨੂੰ ਬਰਾਬਰ ਮਹੱਤਵ ਦੇਣਾ ਚਾਹੀਦਾ ਹੈ, ਭਾਵੇਂ ਉਨ੍ਹਾਂ ਦੇ ਸੱਭਿਆਚਾਰ ਵਿੱਚ ਇਹ ਆਮ ਨਾ ਹੋਵੇ।
ਜੇਕਰ ਕਿਸੇ ਪਰਿਵਾਰ ਨੂੰ ਕਿਸੇ ਬੱਚੇ ’ਤੇ ਮਾਣ ਕਰਨ ਦੀ ਸਖ਼ਤ ਜ਼ਰੂਰਤ ਹੈ, ਤਾਂ ਉਹ ਸਰੀਰਕ ਜਾਂ ਮਾਨਸਿਕ ਤੌਰ 'ਤੇ ਅਪਾਹਜ ਬੱਚੇ ਨੂੰ ਰੱਦ ਕਰ ਸਕਦੇ ਹਨ। ਕੁਝ ਦੇਸਾਂ ਵਿੱਚ, ਬਹੁਤ ਸਾਰੇ ਅਪਾਹਜ ਬੱਚੇ ਅਨਾਥ ਆਸ਼ਰਮਾਂ ਵਿੱਚ ਹਨ ਕਿਉਂਕਿ ਉਨ੍ਹਾਂ ਦੇ ਮਾਪੇ ਉਨ੍ਹਾਂ ਨੂੰ ਨਹੀਂ ਚਾਹੁੰਦੇ ਸਨ। ਬੱਚਿਆਂ ਨਾਲ ਇਹ ਵਿਹਾਰ ਗਲਤ ਹੈ, ਕਿਉਂਕਿ ਉਹ ਪਰਮੇਸ਼ੁਰ ਦੇ ਸਰੂਪ ਉੱਤੇ ਬਣੇ ਹਨ ਅਤੇ ਉਸ ਦੀ ਨਜ਼ਰ ਵਿੱਚ ਮਹੱਤਵਪੂਰਣ ਹਨ, ਭਾਵੇਂ ਉਨ੍ਹਾਂ ਦੀਆਂ ਯੋਗਤਾਵਾਂ ਜਾਂ ਸੀਮਾਵਾਂ ਕੁਝ ਵੀ ਹੋਣ।
ਕੁਝ ਸੱਭਿਆਚਾਰਾਂ ਵਿੱਚ ਬਹੁ-ਵਿਆਹ ਦੀ ਪ੍ਰਥਾ ਬੱਚਿਆਂ ਦੇ ਮਹੱਤਵ ’ਤੇ ਅਧਾਰਤ ਹੈ। ਇੱਕ ਆਦਮੀ ਆਪਣੇ ਬੱਚਿਆਂ ਨੂੰ ਕਈ ਪਤਨੀਆਂ ਰੱਖਣ ਦੁਆਰਾ ਵਧਾਉਣਾ ਚਾਹੁੰਦਾ ਹੈ। ਬਾਈਬਲ ਸਾਨੂੰ ਦੱਸਦੀ ਹੈ ਕਿ ਪਰਮੇਸ਼ੁਰ ਦੀ ਯੋਜਨਾ ਹੈ ਕਿ ਇੱਕ ਆਦਮੀ ਇੱਕ ਪਤਨੀ ਰੱਖੇ (ਉਤਪਤ 2:22-24, 1 ਤਿਮੋਥਿਉਸ 3:2)।
ਪੁਰਾਣਾ ਨੇਮ ਉਨ੍ਹਾਂ ਸਮਿਆਂ ਨੂੰ ਦਰਜ ਕਰਦਾ ਹੈ ਜਦੋਂ ਇੱਕ ਪਤਨੀ ਬੱਚੇ ਪੈਦਾ ਕਰਨ ਲਈ ਆਪਣੇ ਪਤੀ ਨੂੰ ਇੱਕ ਸੇਵਕ ਔਰਤ ਦਿੰਦੀ ਸੀ। ਪਤਨੀ ਨੇ ਆਪਣੀ ਸੇਵਕ ਦੇ ਬੱਚਿਆਂ ਦੁਆਰਾ ਆਦਰ ਪ੍ਰਾਪਤ ਕੀਤਾ। ਯਾਕੂਬ ਦੀਆਂ ਪਤਨੀਆਂ, ਰਾਖੇਲ ਅਤੇ ਲੇਆਹ, ਹਰੇਕ ਨੇ ਯਾਕੂਬ ਨੂੰ ਇੱਕ ਸੇਵਕ ਔਰਤ ਦਿੱਤੀ ਤਾਂ ਜੋ ਉਹ ਹੋਰ ਬੱਚਿਆਂ ਦੁਆਰਾ ਆਦਰ ਪ੍ਰਾਪਤ ਕਰਨ।
ਪਰਿਵਾਰ ਬੱਚਿਆਂ ਨੂੰ ਜੋੜਨ ਲਈ ਸੇਵਕਾਂ ਦੀ ਵਰਤੋਂ ਕਰਨਾ ਰਿਸ਼ਤਿਆਂ ਵਿੱਚ ਉਲਝਣਾਂ ਦਾ ਕਾਰਣ ਬਣਿਆ। ਸਾਰਈ ਨੇ ਹਾਜਰਾ ਨੂੰ ਅਬਰਾਹਾਮ ਨੂੰ ਦੇ ਦਿੱਤਾ, ਇਹ ਉਮੀਦ ਕਰਦੇ ਹੋਏ ਕਿ ਜੇਕਰ ਹਾਜਰਾ ਦੇ ਬੱਚੇ ਹੁੰਦੇ ਹਨ ਤਾਂ ਉਸ ਦਾ ਆਪਣਾ ਆਦਰ ਬਿਹਤਰ ਹੋਵੇਗਾ (ਉਤਪਤ 16:2-6)। ਹਾਜਰਾ ਗਰਭਵਤੀ ਹੋ ਗਈ ਅਤੇ ਸਾਰਈ ਤੋਂ ਉੱਤਮ ਮਹਿਸੂਸ ਕਰਨ ਲੱਗੀ। ਸਾਰਈ ਨੇ ਉਸ ਨੂੰ ਸਖ਼ਤ ਸਜ਼ਾ ਦਿੱਤੀ, ਆਪਣਾ ਅਧਿਕਾਰ ਸਥਾਪਤ ਕਰਨ ਦੀ ਕੋਸ਼ਿਸ਼ ਕਰਦੇ ਹੋਏ।
ਲੇਲੀਆ ਦਾ ਜਨਮ ਇੱਕ ਪੱਛਮੀ ਅਫ਼ਰੀਕੀ ਦੇਸ਼ ਵਿੱਚ ਹੋਇਆ ਸੀ। ਵਿਆਹ ਤੋਂ ਤਿੰਨ ਸਾਲ ਬਾਅਦ ਵੀ ਉਸ ਦਾ ਕੋਈ ਬੱਚਾ ਨਹੀਂ ਹੋਇਆ। ਲੇਲੀਆ ਦੇ ਸੱਭਿਆਚਾਰ ਵਿੱਚ, ਬੱਚੇ ਨੂੰ ਗੋਦ ਲੈਣਾ ਕਿਸੇ ਔਰਤ ਦੀ ਉਸ ਸ਼ਰਮ ਨੂੰ ਦੂਰ ਨਹੀਂ ਕਰਦਾ ਜੋ ਉਸ ਨੂੰ ਬੱਚਾ ਨਾ ਪੈਦਾ ਕਰਨ ਦੇ ਕਾਰਣ ਹੁੰਦੀ ਹੈ। ਲੇਲੀਆ ਨੂੰ ਇੱਕ ਗਰੀਬ ਪੇਂਡੂ ਪਰਿਵਾਰ ਵਿੱਚ ਇੱਕ ਔਰਤ ਮਿਲੀ ਜੋ ਗਰਭਵਤੀ ਸੀ ਅਤੇ ਉਸ ਨੇ ਉਸ ਦੇ ਬੱਚੇ ਨੂੰ ਖਰੀਦਣ ਦਾ ਪ੍ਰਬੰਧ ਕੀਤਾ। ਲੇਲੀਆ ਨੇ ਕਈ ਮਹੀਨਿਆਂ ਤੱਕ ਆਪਣੇ ਆਪ ਨੂੰ ਗਰਭਵਤੀ ਦਿਖਾਉਣ ਲਈ ਆਪਣੀ ਕਮੀਜ਼ ਦੇ ਹੇਠਾਂ ਕੁਝ ਪਾਇਆ। ਜਦੋਂ ਬੱਚੇ ਦੇ ਜਨਮ ਦਾ ਸਮਾਂ ਆਇਆ, ਤਾਂ ਲੇਲੀਆ ਨੇ ਬੱਚੇ ਦੇ ਜਨਮ ਲਈ ਹਸਪਤਾਲ ਜਾਣ ਦਾ ਦਿਖਾਵਾ ਕੀਤਾ, ਫਿਰ ਪਿੰਡ ਤੋਂ ਬੱਚੇ ਨੂੰ ਲੈ ਕੇ ਘਰ ਆ ਗਈ।
ਜੇਕਰ ਕੋਈ ਪਰਿਵਾਰ ਮੁੱਖ ਤੌਰ ’ਤੇ ਪਰਿਵਾਰ ਦੇ ਲਾਭ ਲਈ ਬੱਚੇ ਚਾਹੁੰਦਾ ਹੈ, ਤਾਂ ਉਹ ਇੱਕ ਬੱਚੇ ਨੂੰ ਪਰਮੇਸ਼ੁਰ ਦੇ ਸਰੂਪ ਉੱਤੇ ਬਣੇ ਮਨੁੱਖ ਵਜੋਂ ਮਹੱਤਵ ਦੇਣ ਵਿੱਚ ਅਸਫਲ ਹੋ ਸਕਦੇ ਹਨ। ਉਹ ਇੱਕ ਅਪਾਹਜ ਬੱਚੇ ਨੂੰ ਪਿਆਰ ਕਰਨ ਅਤੇ ਸਵੀਕਾਰ ਕਰਨ ਤੋਂ ਇਨਕਾਰ ਕਰ ਸਕਦੇ ਹਨ। ਉਹ ਇੱਕ ਧੀ ਨੂੰ ਰੱਦ ਕਰ ਸਕਦੇ ਹਨ ਕਿਉਂਕਿ ਉਹ ਇੱਕ ਪੁੱਤਰ ਚਾਹੁੰਦੇ ਹਨ। ਉਹ ਇੱਕ ਬੇਔਲਾਦ ਔਰਤ ਨੂੰ ਸ਼ਰਮਿੰਦਾ ਅਤੇ ਬੇਕਾਰ ਮਹਿਸੂਸ ਕਰਵਾਉਂਦੇ ਹਨ। ਉਹ ਅਨਾਥ ਜਾਂ ਬੇਘਰ ਬੱਚਿਆਂ ਨੂੰ ਗੋਦ ਲੈਣ ਦੇ ਮਹੱਤਵ ਨੂੰ ਨਹੀਂ ਵੇਖਦੇ। ਇਹ ਸਾਰੇ ਰਵੱਈਏ ਅਤੇ ਕੰਮ ਸੁਆਰਥੀ ਅਤੇ ਗਲਤ ਹਨ। ਜਦੋਂ ਅਸੀਂ ਇਨ੍ਹਾਂ ਵਿੱਚੋਂ ਕਿਸੇ ਵੀ ਕਾਰਣ ਕਰਕੇ ਵਿਅਕਤੀਆਂ ਨਾਲ ਬੁਰਾ ਵਿਹਾਰ ਕਰਦੇ ਹਾਂ, ਤਦ ਅਸੀਂ ਆਪਣੇ ਸਿਰਜਣਹਾਰ ਦਾ ਨਿਰਾਦਰ ਕਰਦੇ ਹਾਂ (ਕੂਚ 4:11, ਕਹਾਉਤਾਂ 14:31)।
ਹੈਨਰੀ ਅੱਠਵਾਂ 1509-1547 ਤੱਕ ਇੰਗਲੈਂਡ ਦਾ ਰਾਜਾ ਸੀ। ਉਹ ਇੱਕ ਪੁੱਤਰ ਲਈ ਬਹੁਤ ਇੱਛਾ ਰੱਖਦਾ ਸੀ। ਕਿਉਂਕਿ ਉਸ ਦੀ ਪਤਨੀ ਕੋਲ ਇੱਕ ਧੀ ਸੀ ਪਰ ਇੱਕ ਪੁੱਤਰ ਬਚਿਆ ਨਹੀਂ ਸੀ, ਇਸ ਲਈ ਹੈਨਰੀ ਨੇ ਉਸ ਨੂੰ ਤਲਾਕ ਦੇ ਦਿੱਤਾ ਅਤੇ ਇੱਕ ਹੋਰ ਔਰਤ ਨਾਲ ਵਿਆਹ ਕਰਵਾ ਲਿਆ। ਜਦੋਂ ਉਸ ਦੀ ਦੂਸਰੀ ਪਤਨੀ ਪੁੱਤਰ ਪੈਦਾ ਕਰਨ ਵਿੱਚ ਅਸਫਲ ਰਹੀ, ਤਾਂ ਉਸ ਨੇ ਉਸ ਉੱਤੇ ਦੇਸ਼ਧ੍ਰੋਹ ਦਾ ਦੋਸ਼ ਲਗਾਇਆ ਅਤੇ ਉਸ ਨੂੰ ਫਾਂਸੀ ਦੇਣ ਦਾ ਹੁਕਮ ਦਿੱਤਾ।
ਡਾਕਟਰੀ ਵਿਗਿਆਨ ਨੇ ਸਾਬਤ ਕੀਤਾ ਹੈ ਕਿ ਇੱਕ ਆਦਮੀ ਦਾ ਸ਼ੁਕਰਾਣੂ ਬੱਚੇ ਦਾ ਲਿੰਗ ਨਿਰਧਾਰਤ ਕਰਦਾ ਹੈ। ਔਰਤ ਦਾ ਸਰੀਰ ਇਹ ਨਿਰਧਾਰਤ ਨਹੀਂ ਕਰਦਾ ਕਿ ਉਸ ਦੇ ਪੁੱਤਰ ਹੋਵੇਗਾ ਜਾਂ ਧੀ। ਹਾਲਾਂਕਿ, ਬਹੁਤ ਸਾਰੇ ਆਦਮੀ ਆਪਣੀਆਂ ਪਤਨੀਆਂ 'ਤੇ ਗੁੱਸੇ ਹੋਏ ਹਨ ਕਿਉਂਕਿ ਉਨ੍ਹਾਂ ਦੀਆਂ ਧੀਆਂ ਹਨ ਨਾ ਕਿ ਪੁੱਤਰ।
ਦਲਜੀਤ ਨਾਮ ਦੇ ਇੱਕ ਆਦਮੀ ਅਤੇ ਉਸ ਦੀ ਪਤਨੀ ਦੀਆਂ ਦੋ ਧੀਆਂ ਸਨ। ਜਦੋਂ ਦਲਜੀਤ ਦੀ ਪਤਨੀ ਆਪਣੇ ਤੀਜੇ ਬੱਚੇ ਨੂੰ ਜਨਮ ਦੇਣ ਲਈ ਹਸਪਤਾਲ ਗਈ, ਤਾਂ ਦਲਜੀਤ ਨੂੰ ਇੱਕ ਪੁੱਤਰ ਦੀ ਉਮੀਦ ਸੀ। ਤੀਜਾ ਬੱਚਾ ਇੱਕ ਧੀ ਸੀ। ਦਲਜੀਤ ਐਨਾ ਗੁੱਸੇ ਵਿੱਚ ਸੀ ਕਿ ਉਸ ਨੇ ਆਪਣੀ ਪਤਨੀ ਨੂੰ ਮਿਲਣ ਜਾਂ ਹਸਪਤਾਲ ਦਾ ਬਿੱਲ ਦੇਣ ਲਈ ਹਸਪਤਾਲ ਜਾਣ ਤੋਂ ਇਨਕਾਰ ਕਰ ਦਿੱਤਾ।
ਅੱਯੂਬ 24 ਵਿੱਚ, ਅੱਯੂਬ ਨੇ ਇੱਕ ਦੁਸ਼ਟ ਆਦਮੀ ਦੇ ਕੰਮਾਂ ਦਾ ਇੱਕ ਲੰਮਾ ਵਰਣਨ ਦਿੱਤਾ ਹੈ। ਇੱਕ ਕਾਰਵਾਈ ਦਾ ਜ਼ਿਕਰ ਇਹ ਹੈ ਕਿ ਦੁਸ਼ਟ ਆਦਮੀ ਇੱਕ ਬੇਔਲਾਦ ਔਰਤ ਨਾਲ ਬੁਰਾ ਸਲੂਕ ਕਰਦਾ ਹੈ (ਅੱਯੂਬ 24:21)। ਜਦੋਂ ਇੱਕ ਬੇਔਲਾਦ ਔਰਤ ਨਾਲ ਬੇਰਹਿਮ ਸਲੂਕ ਕੀਤਾ ਜਾਂਦਾ ਹੈ ਤਾਂ ਪਰਮੇਸ਼ੁਰ ਖੁਸ਼ ਨਹੀਂ ਹੁੰਦਾ।
► ਤੁਹਾਡਾ ਸੱਭਿਆਚਾਰ ਬੱਚਿਆਂ ਨੂੰ ਕਿਵੇਂ ਮਹੱਤਵ ਦਿੰਦਾ ਹੈ? ਕਿਹੜੇ ਕੁਝ ਕਾਰਣ ਹਨ ਜਿਨ੍ਹਾਂ ਕਰਕੇ ਲੋਕ ਬੱਚੇ ਪੈਦਾ ਕਰਨਾ ਚਾਹੁੰਦੇ ਹਨ?
► ਤੁਹਾਡੇ ਸੱਭਿਆਚਾਰ ਵਿੱਚ ਰੀਤੀ-ਰਿਵਾਜਾਂ ਕਾਰਨ ਕਿਹੜੀਆਂ ਬੇਇਨਸਾਫ਼ੀਆਂ ਹੁੰਦੀਆਂ ਹਨ?
                                     
                                    
                                    
                                        
                                                                                                                                    
                                                
                                                     
                                                    Previous
                                                 
                                                                                    
                                                                                                                                    
                                                
                                                    Next