► ਜਦੋਂ ਅਸੀਂ ਆਦਮ ਅਤੇ ਹੱਵਾਹ, ਅਤੇ ਅਬਰਾਹਾਮ ਅਤੇ ਸਾਰਾਹ ਦੇ ਜੀਵਨਾਂ ਦਾ ਅਧਿਐਨ ਕਰਦੇ ਹਾਂ, ਤਾਂ ਆਪਣੀ ਬਾਈਬਲ ਵਿੱਚ ਉਤਪਤ ਦੀ ਪੁਸਤਕ ਨੂੰ ਖੋਲ੍ਹ ਕੇ ਰੱਖੋ।
ਪਹਿਲਾ ਵਿਆਹ  
ਆਦਮ ਅਤੇ ਹੱਵਾਹ ਪਹਿਲਾ ਮਨੁੱਖੀ ਪਰਿਵਾਰ ਸਨ: ਇੱਕ ਪਤੀ ਅਤੇ ਇੱਕ ਪਤਨੀ, ਇੱਕ ਆਦਮੀ ਅਤੇ ਇੱਕ ਔਰਤ ਵਿਆਹੁਤਾ ਰਿਸ਼ਤੇ ਵਿੱਚ ਇਕੱਠੇ ਹੋਏ। ਪਹਿਲੇ ਵਿਆਹ ਦੇ ਸਮੇਂ, ਆਦਮ ਨੇ ਆਖਿਆ, “ਇਹ ਹੁਣ ਮੇਰੀਆਂ ਹੱਡੀਆਂ ਵਿੱਚੋਂ ਹੱਡੀ ਹੈ ਅਰ ਮੇਰੇ ਮਾਸ ਵਿੱਚੋਂ ਮਾਸ ਹੈ ਸੋ ਇਹ ਇਸ ਕਾਰਨ ਨਾਰੀ ਆਖਵਾਏਗੀ ਜੋ ਇਹ ਨਰ ਵਿੱਚੋਂ ਕੱਢੀ ਗਈ ਹੈ” (ਉਤਪਤ 2:23)।
ਅਗਲੀ ਆਇਤ ਬਾਈਬਲ ਅਨੁਸਾਰ ਵਿਆਹ ਦੀ ਪਰਿਭਾਸ਼ਾ ਦੱਸਦੀ ਹੈ: “ਸੋ ਮਰਦ ਆਪਣੇ ਮਾਪੇ ਛੱਡਕੇ ਆਪਣੀ ਤੀਵੀਂ ਨਾਲ ਮਿਲਿਆ ਰਹੇਗਾ ਅਤੇ ਓਹ ਇੱਕ ਸਰੀਰ ਹੋਣਗੇ” (ਉਤਪਤ 2:24)। ਇਹੋ ਪੰਕਤੀ ਨੂੰ ਨਵੇਂ ਨੇਮ ਵਿੱਚ ਮੱਤੀ 19:5 ਅਤੇ ਅਫ਼ਸੀਆਂ 5:31 ਵਿੱਚ ਦੁਹਰਾਇਆ ਗਿਆ ਹੈ। ਆਦਮੀ ਅਤੇ ਔਰਤ ਦਾ ਇੱਕ ਸਰੀਰ ਹੋਣਾ ਸ਼ਰਤ ਤੋਂ ਬਗੈਰ ਇੱਕ ਸਮਰਪਣ ਹੈ, ਪਰਮੇਸ਼ੁਰ ਅਤੇ ਮਨੁੱਖ ਦੇ ਸਾਹਮਣੇ ਇੱਕ ਵਾਇਦਾ ਹੈ ਜੋ ਜੀਵਨ ਭਰ ਦੇ ਲਈ ਹੈ। 
ਵਿਆਹ ਇੱਕ ਤੀਹਰਾ ਚਮਤਕਾਰ ਹੈ। ਇਹ ਜੀਵ ਵਿਗਿਆਨ ਦਾ ਇੱਕ ਚਮਤਕਾਰ ਹੈ ਜਿਸ ਰਾਹੀਂ ਦੋ ਲੋਕ ਇੱਕ ਸਰੀਰ ਹੁੰਦੇ ਹਨ; ਇਹ ਇੱਕ ਸਮਾਜਿਕ ਚਮਤਕਾਰ ਹੈ ਜਿਸ ਰਾਹੀਂ ਦੋ ਪਰਿਵਾਰਾਂ ਨੂੰ ਇਕੱਠੇ ਪਿਉਂਦ ਚੜ੍ਹਾਈ ਜਾਂਦੀ ਹੈ; ਇਹ ਇੱਕ ਆਤਮਿਕ ਚਮਤਕਾਰ ਹੈ ਜਿਸ ਵਿੱਚ ਵਿਆਹੁਤਾ ਰਿਸ਼ਤਾ ਮਸੀਹ ਦਾ ਉਸ ਦੀ ਦੁਲਹਨ, ਕਲੀਸਿਯਾ ਦੇ ਨਾਲ ਇੱਕ ਹੋਣ ਦੀ ਤਸਵੀਰ ਹੈ।[1] 
 
[2] ਵਿਆਹੁਤਾ ਰਿਸ਼ਤਾ ਤ੍ਰਿਏਕਤਾ ਵਿਚਲੇ ਰਿਸ਼ਤਿਆਂ ਨੂੰ ਦਰਸਾਉਂਦਾ ਹੈ 
ਵਿਆਹ ਨੂੰ ਪਰਮੇਸ਼ੁਰ ਦੇ ਚਰਿੱਤਰ ਅਤੇ ਉਸ ਦੇ ਰਿਸ਼ਤਿਆਂ ਨੂੰ ਦਰਸਾਉਣ ਲਈ ਰਚਿਆ ਗਿਆ ਹੈ। ਪਰਮੇਸ਼ੁਰ ਪਿਤਾ, ਪਰਮੇਸ਼ੁਰ ਪੁੱਤਰ, ਅਤੇ ਪਰਮੇਸ਼ੁਰ ਪਵਿੱਤਰ ਆਤਮਾ ਹਮੇਸ਼ਾ ਇੱਕ ਦੂਸਰੇ ਨਾਲ ਰਿਸ਼ਤੇ ਵਿੱਚ ਰਹੇ ਹਨ ਅਤੇ ਹਮੇਸ਼ਾ ਇੱਕ ਦੂਸਰੇ ਨਾਲ ਰਿਸ਼ਤੇ ਵਿੱਚ ਰਹਿਣਗੇ। ਹਰੇਕ ਆਪਣੀ ਭੂਮਿਕਾ ਵਿੱਚ ਅਨੋਖਾ ਹੈ, ਪਰ ਤ੍ਰਿਏਕਤਾ ਦੇ ਸਾਰੇ ਵਿਅਕਤੀ ਸਥਾਈ ਤੌਰ ’ਤੇ ਇੱਕ ਹਨ ਅਤੇ ਇੱਕੋ ਤੱਤ ਦੇ ਹਨ। ਤ੍ਰਿਏਕਤਾ ਦੇ ਵਿਅਕਤੀਆਂ ਵਿਚਲੇ ਰਿਸ਼ਤੇ ਵਿੱਚ, ਅਸੀਂ ਏਕਤਾ, ਨੇੜਤਾ, ਵਫ਼ਾਦਾਰੀ, ਅਤੇ ਦ੍ਰਿੜ੍ਹ ਪਿਆਰ ਨੂੰ ਵੇਖਦੇ ਹਾਂ। ਬਾਈਬਲ ਅਧਾਰਤ ਵਿਆਹ ਇਸ ਅਦਭੁਤ ਰਿਸ਼ਤੇ ਦੇ ਨਮੂਨੇ ਅਨੁਸਾਰ ਹੈ। ਹਰੇਕ ਪਤੀ ਅਤੇ ਪਤਨੀ ਲਈ ਪਰਮੇਸ਼ੁਰ ਦੀ ਯੋਜਨਾ ਇਹ ਹੈ ਕਿ ਉਹ ਆਪਣੇ ਪਿਆਰ ਵਿੱਚ ਸ਼ੁੱਧ ਹੋਣ ਅਤੇ ਜੀਵਨ ਭਰ ਇੱਕ ਦੂਸਰੇ ਪ੍ਰਤੀ ਸਮਰਪਿਤ ਰਹਿਣ।
ਮਨੁੱਖੀ ਵਿਆਹੁਤਾ ਰਿਸ਼ਤੇ ਨੂੰ ਤ੍ਰਿਏਕਤਾ ਵਿਚਲੇ ਰਿਸ਼ਤਿਆਂ ਨੂੰ ਇਨ੍ਹਾਂ ਤਰੀਕਿਆਂ ਨਾਲ ਦਰਸਾਉਣਾ ਚਾਹੀਦਾ ਹੈ:
1. ਵਿਆਹ ਇੱਕ ਦੂਸਰੇ ਲਈ ਬਿਨਾਂ ਕਿਸੇ ਸ਼ਰਤ ਦੇ ਇੱਕ ਖਾਸ ਸਮਰਪਣ ਹੋਣਾ ਚਾਹੀਦਾ ਹੈ।
2. ਵਿਆਹ ਖੁਦ ਦਾ ਤਿਆਗ ਕਰਨ ਵਾਲੇ ਪਿਆਰ ਦਾ ਇੱਕ ਰਿਸ਼ਤਾ ਹੋਣਾ ਚਾਹੀਦਾ ਹੈ।
3. ਵਿਆਹ ਇੱਕ ਫਲਦਾਇਕ ਰਿਸ਼ਤਾ ਹੋਣਾ ਚਾਹੀਦਾ ਹੈ।
ਪਹਿਲਾ ਹੁਕਮ 
ਪਹਿਲੇ ਵਿਆਹ ਦੇ ਦੌਰਾਨ, ਜਿਸ ਨੂੰ ਪਰਮੇਸ਼ੁਰ ਦੁਆਰਾ ਰਚਾਇਆ ਗਿਆ ਸੀ,
ਪਰਮੇਸ਼ੁਰ ਨੇ ਉਨ੍ਹਾਂ ਨੂੰ ਅਸੀਸ ਦਿੱਤੀ ਅਤੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਆਖਿਆ ਕਿ ਫਲੋ ਅਰ ਵੱਧੋ ਅਤੇ ਧਰਤੀ ਨੂੰ ਭਰ ਦਿਓ ਅਤੇ ਉਹ ਨੂੰ ਆਪਣੇ ਵੱਸ ਵਿੱਚ ਕਰੋ ਅਤੇ ਸਮੁੰਦਰ ਦੀਆਂ ਮੱਛੀਆਂ ਉੱਤੇ ਅਰ ਅਕਾਸ਼ ਦਿਆਂ ਪੰਛੀਆਂ ਉੱਤੇ ਅਰ ਸਾਰੇ ਧਰਤੀ ਪੁਰ ਘਿੱਸਰਨ ਵਾਲਿਆਂ ਜੀਆਂ ਉੱਤੇ ਰਾਜ ਕਰੋ (ਉਤਪਤ 1:28)।
 
ਫਲ ਲਿਆਉਣਾ ਅਤੇ ਵਧਣਾ ਪਹਿਲਾ ਹੁਕਮ ਹੈ ਜੋ ਪਰਮੇਸ਼ੁਰ ਨੇ ਬਾਈਬਲ ਵਿੱਚ ਦਿੱਤਾ ਸੀ। ਵਿਆਹ ਨੂੰ ਇਸ ਤਰ੍ਹਾਂ ਰਚਿਆ ਗਿਆ ਹੈ ਕਿ ਇਹ ਖੁਦ ਦਾ ਤਿਆਗ ਕਰਨ ਵਾਲੇ ਪਿਆਰ ਦਾ ਇੱਕ ਫਲਦਾਇਕ ਰਿਸ਼ਤਾ ਹੋਵੇ।  ਵਿਆਹੁਤਾ ਰਿਸ਼ਤੇ ਵਿੱਚ ਬੱਚੇ ਪੈਦਾ ਕਰਨਾ ਸਿਰਜਣਹਾਰ ਨੂੰ ਮਹਿਮਾ ਦਿੰਦਾ ਹੈ, ਜਦੋਂ ਪਤੀ ਅਤੇ ਪਤਨੀ ਮਿਲਕੇ  ਪਰਮੇਸ਼ੁਰ ਦੇ ਰਚਨਾਤਮਕ ਕੰਮ ਨੂੰ ਅੱਗੇ ਵਧਾਉਂਦੇ ਹਨ ਅਤੇ ਪਰਿਵਾਰਕ ਰਿਸ਼ਤੇ ਵਿੱਚ ਹੋਰ ਲੋਕਾਂ ਨੂੰ ਲਿਆਉਂਦੇ ਹਨ। ਕਿੰਨਾ ਅਦਭੁਤ ਮੌਕਾ ਅਤੇ ਕਿੰਨੀ ਅਦਭੁਤ ਜ਼ਿੰਮੇਵਾਰੀ ਹੈ!
► ਇੱਕ ਵਿਦਿਆਰਥੀ ਨੂੰ ਸਮੂਹ ਲਈ ਜ਼ਬੂਰ 127:3-5 ਨੂੰ ਪੜ੍ਹਨਾ ਚਾਹੀਦਾ ਹੈ। ਇਹ ਭਾਗ ਬੱਚਿਆਂ ਦਾ ਵਰਣਨ ਕਰਨ ਲਈ ਸ਼ਬਦ ਚਿੱਤਰਾਂ ਦੀ ਵਰਤੋਂ ਕਰਦਾ ਹੈ। ਕਿਹੜੇ ਸ਼ਬਦ ਚਿੱਤਰ ਹਨ? ਇਨ੍ਹਾਂ ਸ਼ਬਦ ਚਿੱਤਰਾਂ ਦੇ ਅਧਾਰ ’ਤੇ, ਸਾਨੂੰ ਆਪਣੇ ਬੱਚਿਆਂ ਬਾਰੇ ਕਿਵੇਂ ਸੋਚਣਾ ਚਾਹੀਦਾ ਹੈ?
ਬਾਈਬਲ ਸਾਨੂੰ ਵਿਖਾਉਂਦੀ ਹੈ ਕਿ ਬੱਚੇ ਇੱਕ ਤੋਹਫ਼ਾ ਹਨ, ਇੱਕ ਕੀਮਤੀ ਸੰਪਤੀ ਹਨ। ਉਨ੍ਹਾਂ ਬਾਰੇ ਇਸ ਤਰ੍ਹਾਂ ਨਹੀਂ ਸੋਚਣਾ ਚਾਹੀਦਾ ਕਿ ਉਹ ਬੱਸ ਲਿੰਗਕ ਸੰਬੰਧਾਂ ਦਾ ਨਤੀਜਾ ਹਨ। ਭਾਵੇਂ ਬੱਚੇ ਦੇ ਗਰਭਧਾਰਣ ਦੇ ਸਮੇਂ ਦੇ ਹਾਲਾਤ ਇੱਛਾ ਅਨੁਸਾਰ ਹੋਣ ਜਾਂ ਨਾ ਹੋਣ, ਜਾਂ ਸਹੀ ਹੋਣ ਜਾਂ ਨਾ ਹੋਣ, ਪਰ ਜੀਵਨ ਦੇਣ ਵਾਲੇ ਦਾ ਬੱਚੇ ਦੇ ਗਰਭਧਾਰਣ ਅਤੇ ਹਰੇਕ ਬੱਚੇ ਦੇ ਜਨਮ ਵਿੱਚ ਇੱਕ ਇਰਾਦਾ ਹੈ, ਇਸ ਵਿੱਚ ਤੁਸੀਂ ਅਤੇ ਮੈਂ ਵੀ ਸ਼ਾਮਲ ਹਾਂ। ਭਾਵੇਂ ਕਿਸੇ ਦੇ ਜਨਮ ਲੈਣ ਦੇ ਹਾਲਾਤ ਕਿਹੋ ਜਿਹੇ ਵੀ ਹੋਣ, ਪਰ ਪਰਮੇਸ਼ੁਰ ਕੋਲ ਹਰੇਕ ਵਿਅਕਤੀ ਦੇ ਲਈ ਇੱਕ ਉਦੇਸ਼ ਹੈ।
ਹਾਂ, ਬੱਚੇ ਪਰਮੇਸ਼ੁਰ ਵੱਲੋਂ ਇੱਕ ਦਾਤ ਹਨ, ਪਰ ਉਹ ਮਾਪਿਆਂ ਵੱਲੋਂ ਪਰਮੇਸ਼ੁਰ ਲਈ ਵੀ ਤੋਹਫ਼ਾ ਹਨ।
ਕੀ ਉਸ ਨੇ ਇੱਕ ਨੂੰ ਹੀ ਨਹੀਂ ਰਚਿਆ? ਕੀ ਉਸ ਲਈ ਰੂਹ ਬਾਕੀ ਨਹੀਂ? ਫੇਰ ਇੱਕ ਨੂੰ ਹੀ ਕਿਉਂ? ਉਹ ਪਰਮੇਸ਼ੁਰ ਦੀ ਨਸਲ ਚਾਹੁੰਦਾ ਸੀ ਸੋ ਤੁਸੀਂ ਆਪਣਿਆਂ ਆਤਮਿਆਂ ਵਿੱਚ ਖਬਰਦਾਰ ਰਹੋ ਅਤੇ ਤੂੰ ਆਪਣੀ ਜੁਆਨੀ ਦੀ ਤੀਵੀਂ ਦੀ ਬੇਪਰਤੀਤੀ ਨਾ ਕਰ (ਮਲਾਕੀ 2:15)।
 
ਬੱਚੇ ਇੱਕ ਪਵਿੱਤਰ ਅਮਾਨਤ ਹਨ। ਪਰਮੇਸ਼ੁਰ ਚਾਹੁੰਦਾ ਹੈ ਕਿ ਮਾਪੇ ਆਪਣੇ ਬੱਚਿਆਂ ਦੀ ਪਰਵਰਿਸ਼ ਉਸ ਦੇ ਆਪਣੇ ਉਦੇਸ਼ਾਂ ਨੂੰ ਪੂਰਾ ਕਰਨ ਲਈ ਕਰਨ। ਪਰਮੇਸ਼ੁਰ ਸਾਡੇ ਬੱਚਿਆਂ ਦਾ ਇਸਤੇਮਾਲ ਆਪਣੇ ਰਾਜ ਨੂੰ ਵਧਾਉਣ ਲਈ ਕਰਨਾ ਚਾਹੁੰਦਾ ਹੈ (ਉਤਪਤ 18:19)। ਪਰਮੇਸ਼ੁਰ ਨੇ ਸਾਡੇ ਉੱਤੇ ਭਰੋਸਾ ਕੀਤਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਉਸ ਦੀ ਸੇਵਾ ਕਰਨ ਦੇ ਇੱਕ ਜੀਵਨ ਲਈ ਤਿਆਰ ਕਰੀਏ (ਬਿਵਸਥਾ ਸਾਰ 6:2)। ਅਸੀਂ ਉਨ੍ਹਾਂ ਦੀ ਪਰਵਰਿਸ਼ ਸਾਡੀ ਸੇਵਾ ਕਰਨ ਲਈ ਜਾਂ ਸਾਡੇ ਸੁਫਨਿਆਂ ਨੂੰ ਪੂਰਾ ਕਰਨ ਲਈ ਨਹੀਂ ਕਰ ਰਹੇ ਹਾਂ। ਸਾਨੂੰ ਉਨ੍ਹਾਂ ਨੂੰ ਉਨ੍ਹਾਂ ਤੀਰਾਂ ਵਾਂਗ ਵੇਖਣਾ ਚਾਹੀਦਾ ਹੈ ਜੋ ਉਸ ਨਿਸ਼ਾਨੇ ’ਤੇ ਮਾਰੇ ਜਾਣੇ ਹਨ ਜੋ ਪਰਮੇਸ਼ੁਰ ਨੇ ਉਨ੍ਹਾਂ ਲਈ ਰੱਖਿਆ ਹੈ।
ਪਤਨ ਅਤੇ ਮਨੁੱਖੀ ਪਰਿਵਾਰ ਦਾ ਟੁੱਟਣਾ  
ਉਤਪਤ 3 ਵਿੱਚ, ਇੱਕੋ ਸੰਪੂਰਣ ਪਰਿਵਾਰ ਜੋ ਕਦੇ ਹੋਂਦ ਵਿੱਚ ਸੀ ਉਹ ਟੁੱਟੇ ਹੋਣ ਦੀ ਸਥਿੱਤੀ ਵਿੱਚ ਡਿੱਗ ਪਿਆ ਅਤੇ ਉਸ ਨੂੰ ਪੂਰੀ ਤਰ੍ਹਾਂ ਮੁਕਤੀਦਾਤਾ ਦੀ ਲੋੜ ਸੀ। ਆਦਮ ਅਤੇ ਹੱਵਾਹ ਨੇ ਪਾਪ ਕੀਤਾ, ਅਤੇ ਮਨੁੱਖਤਾ ਉੱਤੇ ਮੌਤ ਦਾ ਸਰਾਪ ਪੈ ਗਿਆ। ਆਦਮ ਅਤੇ ਹੱਵਾਹ ਦਾ ਇੱਕ ਦੂਸਰੇ ਨਾਲ ਰਿਸ਼ਤਾ ਸਥਾਈ ਤੌਰ ’ਤੇ ਨੁਕਸਾਨਿਆ ਗਿਆ, ਅਤੇ ਉਹ ਪਰਮੇਸ਼ੁਰ ਤੋਂ ਵੱਖ ਹੋ ਗਏ ਸਨ।
ਆਦਮੀ ਅਤੇ ਔਰਤ ਦੋਵਾਂ ਨੇ ਹੋਰ ਸਰਾਪਾਂ ਦਾ ਦੁੱਖ ਝੱਲਿਆ:
	
	ਬੱਚੇ ਨੂੰ ਜਨਮ ਦੇਣਾ ਪੀੜਾ ਭਰਿਆ ਹੋਇਆ ਹੋਵੇਗਾ।
	 
	
	ਪਤੀ ਆਪਣੇ ਅਧਿਕਾਰ ਦੀ ਦੁਰਵਰਤੋਂ ਕਰਨਗੇ।
	 
	
	ਪਤਨੀਆਂ ਢੀਠ ਅਤੇ ਗੁਸਤਾਖ ਹੋਣਗੀਆਂ।
	 
	
	ਕੰਮ ਨਿਰਾਸ਼ਾ ਭਰਿਆ ਅਤੇ ਮੁਸ਼ਕਲ ਹੋਵੇਗਾ।[3] 
	 
 
ਪਰਿਵਾਰ ਦੇ ਲਈ ਪਰਮੇਸ਼ੁਰ ਦੀ ਸੰਪੂਰਣ ਯੋਜਨਾ ਵਿਗੜ ਗਈ ਸੀ ਕਿਉਂਕਿ ਲੋਕਾਂ ਨੇ ਸ਼ਤਾਨ ਦੇ ਝੂਠ ਨੂੰ ਸਵੀਕਾਰ ਕਰ ਲਿਆ ਸੀ।
ਉਤਪਤ 4 ਪਤਿਤ ਮਨੁੱਖੀ ਪਰਿਵਾਰ ਦੇ ਟੁੱਟਣ ਬਾਰੇ ਖੁਲਾਸਾ ਕਰਨਾ ਜਾਰੀ ਰੱਖਦਾ ਹੈ।
ਉਤਪਤ 4:1 ਉੱਤੇ ਧਿਆਨ ਦੇਵੋ, ਪਹਿਲਾ ਗਰਭਧਾਰਣ ਅਤੇ ਬੱਚੇ ਦਾ ਜਨਮ। ਇਹ ਆਇਤ ਨੌਂ ਮਹੀਨਿਆਂ ਦੇ ਸਮੇਂ ਨੂੰ ਦੱਸਦੀ ਹੈ – ਇੱਕ ਬੱਚੇ ਦੇ ਗਰਭਧਾਰਣ ਅਤੇ ਜਨਮ ਲੈਣ ਵਿਚਲਾ ਸਮਾਂ। ਇਹ ਕਲਪਨਾ ਕਰਨ ਲਈ ਰੁਕੋ ਕਿ ਗਰਭ ਦੇ ਉਹ ਨੌਂ ਮਹੀਨੇ ਹੱਵਾਹ ਦੇ ਲਈ ਕਿਹੋ ਜਿਹੇ ਰਹੇ ਹੋਣਗੇ, ਜਦੋਂ ਉਸ ਨੇ ਆਪਣੇ ਡਰਾਂ ਅਤੇ ਖੁਸ਼ੀਆਂ ਨੂੰ ਆਦਮ ਦੇ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕੀਤੀ। ਉੱਥੇ ਉਸ ਨੂੰ ਸਲਾਹ ਦੇਣ ਵਾਲਾ ਕੋਈ ਨਹੀਂ ਸੀ, ਕੋਈ ਵੀ ਉਸ ਦੇ ਸਵਾਲਾਂ ਦੇ ਜਵਾਬ ਦੇਣ ਵਾਲਾ ਨਹੀਂ ਸੀ। ਉਸ ਦਾ ਵੱਡਾ ਹੋ ਰਿਹਾ ਪੇਟ, ਪੇਟ ਵਿੱਚ ਬੱਚੇ ਦਾ ਲੱਤਾਂ ਮਾਰਨਾ, ਅਤੇ ਪੇਟ ਦੇ ਸੁੰਗੜਨ ਅਤੇ ਦਰਦ ਦੇ ਨਾਲ ਜਨਮ ਦੇਣ ਦੀ ਪ੍ਰਕਿਰਿਆ, ਇਹ ਸਭ ਇੱਕ ਮਨੁੱਖੀ ਮਾਂ ਦੇ ਲਈ ਪਹਿਲੀ ਵਾਰ ਦਾ ਅਨੁਭਵ ਸੀ। ਕੋਈ ਅਚੰਭਾ ਨਹੀਂ ਹੈ ਕਿ ਹੱਵਾਹ ਨੇ ਕਾਇਨ ਦੇ ਜਨਮ ਬਾਰੇ ਆਖਿਆ, “ਮੈਂ ਇੱਕ ਮਨੁੱਖ ਯਹੋਵਾਹ ਕੋਲੋਂ ਪ੍ਰਾਪਤ ਕੀਤਾ” (ਉਤਪਤ 4:1)।
ਸਮਾਂ ਬੀਤਦਾ ਗਿਆ, ਅਤੇ ਅਗਲੀ ਆਇਤ ਵਿੱਚ ਅਸੀਂ ਦੂਸਰੇ ਗਰਭਧਾਰਣ ਅਤੇ ਬੱਚੇ ਦੇ ਜਨਮ ਬਾਰੇ ਜਾਣਦੇ ਹਾਂ। ਹੁਣ ਆਦਮ ਅਤੇ ਹੱਵਾਹ ਦਾ ਪਰਿਵਾਰ ਚਾਰ ਜੀਆਂ ਦਾ ਹੋ ਗਿਆ ਹੈ। ਉਸੇ ਆਇਤ ਦੇ ਦੂਸਰੇ ਅੱਧ ਵਿੱਚ, ਉਨ੍ਹਾਂ ਦੇ ਪੁੱਤਰਾਂ ਦੇ ਕਿੱਤਿਆਂ ਦਾ ਸਾਰ ਹੈ। ਆਇਤ 3 ਤਕ, ਲੜਕੇ ਵੱਡੇ ਹੋ ਕੇ ਆਦਮੀ ਬਣ ਗਏ ਹਨ, ਅਤੇ ਅਗਲੀਆਂ ਆਇਤਾਂ ਵਿੱਚ ਅਸੀਂ ਪਹਿਲੇ ਕਤਲ ਦੀ ਦੁਖਦਾਇਕ ਕਹਾਣੀ ਪੜ੍ਹਦੇ ਹਾਂ। ਆਦਮ ਅਤੇ ਹੱਵਾਹ ਦੇ ਵੱਡੇ ਪੁੱਤਰ ਨੇ ਗੁੱਸੇ ਅਤੇ ਈਰਖਾ ਦੇ ਕਾਰਣ ਆਪਣੇ ਭਰਾ ਨੂੰ ਮਾਰ ਦਿੱਤਾ ਸੀ। ਕੀ ਤੁਸੀਂ ਸਦਮੇ, ਦੁੱਖ, ਸਵਾਲਾਂ, ਠੇਸ ਅਤੇ ਪੀੜਾ ਦੀ ਕਲਪਨਾ ਕਰ ਸਕਦੇ ਹੋ?
ਉਨ੍ਹਾਂ ਸਵਾਲਾਂ ਲਈ ਤੁਹਾਡੇ ਜਵਾਬ ਇਹ ਹੋ ਸਕਦੇ ਹਨ, “ਹਾਂ! ਮੈਂ ਕਲਪਨਾ ਕਰ ਸਕਦਾ ਹਾਂ। ਅਸਲ ਵਿੱਚ, ਮੇਰੇ ਨਾਲ ਵੀ ਕੁਝ ਅਜਿਹਾ ਹੀ ਹੋਇਆ ਹੈ!” ਮੈਂ ਤੁਹਾਨੂੰ ਉਤਸ਼ਾਹਿਤ ਕਰਨਾ ਚਾਹੁੰਦਾ ਹਾਂ: ਤੁਸੀਂ ਇਕੱਲੇ ਨਹੀਂ ਹੋ। ਤੁਹਾਡੇ ਪਰਿਵਾਰ ਨੂੰ ਛੁਡਾਇਆ ਜਾ ਸਕਦਾ ਹੈ! ਹਰੇਕ ਪਰਿਵਾਰ ਦੇ ਲਈ ਖੁਸ਼ੀ ਦੀ ਖ਼ਬਰ ਹੈ।
ਗੋਰਡਨ ਵੇਨਹਾਮ ਲਿਖਦਾ ਹੈ,
...ਉਤਪਤ ਦਾ ਸੰਦੇਸ਼... ਮਨੁੱਖੀ ਪਾਪ ਦੇ ਬਾਵਜੂਦ ਵੀ ਕਿਰਪਾ ਦੀ ਜਿੱਤ ਦੀ ਕਹਾਣੀ ਹੈ, ਪਾਪ ਦੁਆਰਾ ਟੁੱਟੇ ਹੋਏ ਪਰਿਵਾਰਾਂ ਵਿੱਚ ਵੀ ਕਿਰਪਾ ਦੀ ਜਿੱਤ ਦੀ ਕਹਾਣੀ ਹੈ। ਪੁਸਤਕ ਇੱਕ ਉੱਤਮ ਕਹਾਣੀ ਦੇ ਨਾਲ ਸ਼ੁਰੂ ਹੁੰਦੀ ਹੈ ਜੋ ਸੰਸਾਰ ਦੀ ਰਚਨਾ ਦੇ ਬਾਰੇ ਹੈ ਅਤੇ ਅਖੀਰ ਪਰਮੇਸ਼ੁਰ ਦੇ ਸਰੂਪ ਉੱਤੇ ਮਨੁੱਖਜਾਤੀ ਦੀ ਰਚਨਾ ਕੀਤੀ ਗਈ ਅਤੇ ਜੋ ਕੁਝ ਪਰਮੇਸ਼ੁਰ ਨੇ ਬਣਾਇਆ, ਪਰਮੇਸ਼ੁਰ ਘੋਸ਼ਣਾ ਕਰਦਾ ਹੈ ਕਿ ਉਹ ਸਭ ਚੰਗਾ ਸੀ... ਇਹ ਕੇਵਲ ਅਧਿਆਏ 3 ਵਿੱਚ ਹੈ ਕਿ ਚੀਜ਼ਾਂ ਗਲਤ ਹੋਣ ਲੱਗੀਆਂ, ਅਵੱਗਿਆ ਦੇ ਨਾਲ, (ਸੰਘਰਸ਼), ਅਤੇ ਆਗਿਆਕਾਰੀ, ਏਕਤਾ, ਅਤੇ ਜੀਵਨ ਦਾ ਸਥਾਨ ਮੌਤ ਨੇ ਲੈ ਲਿਆ। ਅਧਿਆਏ 4 ਵਿੱਚ ਚੀਜ਼ਾਂ ਹੋਰ ਵੀ ਗਲਤ ਹੋ ਗਈਆਂ... ਅਤੇ ਅਧਿਆਏ 6 ਵਿੱਚ ਆਪਣੇ [ਸਭ ਤੋਂ ਹੇਠਲੇ ਬਿੰਦੂ] ’ਤੇ ਪਹੁੰਚ ਗਈਆਂ, ਜਿੱਥੇ ਆਖਿਆ ਗਿਆ ਹੈ ਕਿ ਧਰਤੀ ਹਿੰਸਾ ਦੇ ਨਾਲ ਭਰ ਗਈ ਸੀ (ਉਤਪਤ 6:11, 13)।[4] 
 
 
[1] The Woman’s Study Bible , (Thomas Nelson, Inc., 1995), 9.
 
[2] 
“ਵਿਆਹ... ਇੱਕ ਮਹਾਨ ਨੇਮ ਬੰਨ੍ਹਣ ਵਾਲੇ ਅਤੇ ਨੇਮ ਨੂੰ ਨਿਭਾਉਣ ਵਾਲੇ ਵਜੋਂ ਪਰਮੇਸ਼ੁਰ ਦੇ ਚਰਿੱਤਰ ਦਾ ਪਰਗਟਾਵਾ ਹੈ। ਇੱਕ ਨੇਮ ਵਿੱਚ, ਮਹੱਤਵਪੂਰਣ ਤੱਤ ਵਫ਼ਾਦਾਰੀ ਅਤੇ ਇਮਾਨਦਾਰੀ ਹੁੰਦੇ ਹਨ, ਭਾਵਨਾ ਨਹੀਂ।”
- ਰਾਬਰਟਸਨ ਮੈਕਕਿਉਲਕਿਨ 
ਐਨ ਇੰਟਰੋਡਕਸ਼ਨ ਟੂ ਬਿਬਲੀਕਲ ਐਥਿਕਸ 
 
[3] ਇਹ ਦੱਸਣਾ ਮਹੱਤਵਪੂਰਨ ਹੈ ਕਿ 
ਬੱਚੇ ਦਾ ਜਨਮ  ਸਰਾਪ ਦਾ ਹਿੱਸਾ ਨਹੀਂ ਸੀ। ਬੱਚੇ ਦੇ ਜਨਮ ਵਿੱਚ 
ਦਰਦ  ਸਰਾਪ ਦਾ ਨਤੀਜਾ ਹੈ, ਪਰ ਬੱਚੇ ਦਾ ਜਨਮ ਖੁਦ ਹਮੇਸ਼ਾ ਅਗਲੀ ਪੀੜ੍ਹੀ ਨੂੰ ਪੈਦਾ ਕਰਨ ਲਈ ਪਰਮੇਸ਼ੁਰ ਦੀ ਸ਼ਾਨਦਾਰ ਯੋਜਨਾ ਰਿਹਾ ਹੈ। ਨਾ ਤਾਂ 
ਕੰਮ  ਸਰਾਪ ਸੀ, ਸਗੋਂ ਕੰਮ ਦੀ 
ਮੁਸ਼ਕਲ  ਸਰਾਪ ਸੀ। ਦਰਅਸਲ, ਉਤਪਤ 1:28 ਵਿੱਚ ਪਰਮੇਸ਼ੁਰ ਵੱਲੋਂ ਆਦਮ ਅਤੇ ਹੱਵਾਹ ਨੂੰ ਦਿੱਤੇ ਹੋਰ ਹੁਕਮ ਦਰਸਾਉਂਦੇ ਹਨ ਕਿ ਅਸੀਂ ਕੰਮ ਲਈ ਬਣਾਏ ਗਏ ਹਾਂ! ਕੰਮ ਇੱਕ ਅਜਿਹਾ ਤਰੀਕਾ ਹੈ ਜਿਸ ਨਾਲ ਅਸੀਂ ਪਰਮੇਸ਼ੁਰ ਦੇ ਸਰੂਪ ਨੂੰ ਪ੍ਰਤੀਬਿੰਬਤ ਕਰਦੇ ਹਾਂ।
 
[4] Gordon Wenham writing in 
Family in the Bible , edited by Richard S. Hess and M. Daniel Carroll R., Grand Rapids, MI: Baker Academic, 2003, 29
 
                                     
                                    
                                    
                                        
                                                                                                                                    
                                                
                                                     
                                                    Previous
                                                 
                                                                                    
                                                                                                                                    
                                                
                                                    Next