ਯੂਹੰਨਾ 13-16 ਦੀ ਤੁਲਨਾ ਪੁਰਾਣੇ ਨੇਮ ਦੇ ਵਿੱਚ ਯਾਕੂਬ, ਮੂਸਾ, ਯਹੋਸ਼ੁਆ ਅਤੇ ਦਾਊਦ ਦੇ ਆਖਰੀ ਸੰਦੇਸ਼ਾਂ ਦੇ ਨਾਲ ਕੀਤੀ ਜਾ ਸਕਦੀ ਹੈ।[1] ਯਿਸੂ ਦਾ “ਆਖਰੀ ਸੰਦੇਸ਼” ਉਸਦੀ ਕੁਝ ਬਹੁਤ ਹੀ ਡੂੰਘੀ ਅਤੇ ਨੇੜਤਾ ਦੀ ਸਿੱਖਿਆ ਦਿੰਦਾ ਹੈ।
ਯੂਹੰਨਾ 13:1 ਇਸ ਆਖਰੀ ਸੰਦੇਸ਼ ਦੇ ਪ੍ਰਸੰਗ ਬਾਰੇ ਦੱਸਦਾ ਹੈ। ਯਿਸੂ ਜਾਣਦਾ ਸੀ ਕਿ ਉਸਦਾ ਸਮਾਂ ਆ ਪਹੁੰਚਿਆ ਹੈ ਕਿ ਉਹ ਸੰਸਾਰ ਨੂੰ ਛੱਡ ਕੇ ਪਿਤਾ ਦੇ ਕੋਲ ਜਾਵੇ। ਜੇਕਰ ਤੁਸੀਂ ਜਾਣਦੇ ਹੋਵੋ ਕਿ ਤੁਸੀਂ ਅੱਗਲੇ 48 ਘੰਟਿਆਂ ਦੇ ਵਿੱਚ ਮਰ ਜਾਓਗੇ, ਤਾਂ ਤੁਸੀਂ ਉਨ੍ਹਾਂ ਲੋਕਾਂ ਨੂੰ ਕੀ ਕਹੋਗੇ ਜੋ ਤੁਹਾਡੀ ਸੇਵਕਾਈ ਨੂੰ ਜਾਰੀ ਰੱਖਣਗੇ? ਉਹ ਸ਼ਬਦ ਉਨ੍ਹਾਂ ਗੱਲਾਂ ਨੂੰ ਦਰਸਾਉਣਗੇ ਜਿੰਨ੍ਹਾਂ ਨੂੰ ਤੁਸੀਂ ਆਪਣੇ ਚੇਲ੍ਹਿਆਂ ਦੇ ਲਈ ਬਹੁਤ ਮਹੱਤਵਪੂਰਨ ਸਮਝਦੇ ਹੋ।
ਅੰਤਿਮ ਭੋਜ ਤੇ ਯਿਸੂ ਨੇ ਆਪਣੇ ਕੰਮਾਂ (ਉਨ੍ਹਾਂ ਦੇ ਪੈਰ ਧੋ ਕੇ) ਅਤੇ ਆਪਣੇ ਸ਼ਬਦਾਂ ਦੇ ਦੁਆਰਾ ਆਪਣੇ ਚੇਲ੍ਹਿਆਂ ਦੇ ਲਈ ਸੰਪੂਰਨ ਪਿਆਰ ਨੂੰ ਵਿਖਾਇਆ। ਯਿਸੂ ਨੇ “ਨਿੱਜ ਲੋਕਾਂ ਨਾਲ ਜਿਹੜੇ ਜਗਤ ਵਿੱਚ ਸਨ ਪਿਆਰ ਕਰ ਕੇ ਉਨ੍ਹਾਂ ਨੂੰ ਅੰਤ ਤੋੜੀ ਪਿਆਰ ਕਰਦਾ ਰਿਹਾ" (ਯੂਹੰਨਾ 13:1)। “ਅੰਤ ਤੱਕ” ਦੋ ਤਰ੍ਹਾਂ ਦੇ ਵਿਚਾਰਾਂ ਬਾਰੇ ਦੱਸਦਾ ਹੈ:
1. ਇਸਦਾ ਅਰਥ ਹੈ ਕਿ ਯਿਸੂ ਨੇ ਆਪਣੇ ਸਮੇਂ ਦੇ ਅੰਤ ਤੱਕ ਉਨ੍ਹਾਂ ਨੂੰ ਪਿਆਰ ਕੀਤਾ।
2. ਇਸਦਾ ਅਰਥ ਹੈ ਕਿ ਯਿਸੂ ਨੇ ਉਨ੍ਹਾਂ ਨੂੰ ਬੇਹੱਦ ਪਿਆਰ ਕੀਤਾ। ਯਿਸੂ ਨੇ ਉਨ੍ਹਾਂ ਨੂੰ ਸੰਪੂਰਨ ਪਿਆਰ ਕੀਤਾ।
► ਪੜ੍ਹੋ ਯੂਹੰਨਾ 13:31-14:31.
ਯਿਸੂ ਦੇ ਆਖਰੀ ਸੰਦੇਸ਼ ਵਿੱਚ ਪਾਏ ਜਾਣ ਵਾਲੇ ਹੁਕਮ ਅਤੇ ਵਾਇਦੇ
ਇੱਕ ਹੁਕਮ: ਇੱਕ ਦੂਸਰੇ ਨੂੰ ਪਿਆਰ ਕਰਨਾ (ਯੂਹੰਨਾ 13:34)।
“ਮੈਂ ਤੁਹਾਨੂੰ ਨਵਾਂ ਹੁਕਮ ਦਿੰਦਾ ਹਾਂ ਕਿ ਇੱਕ ਦੂਏ ਨੂੰ ਪਿਆਰ ਕਰੋ ਅਰਥਾਤ ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ ਤਿਵੇਂ ਤੁਸੀਂ ਇੱਕ ਦੂਏ ਨੂੰ ਪਿਆਰ ਕਰੋ” ਇੱਕ ਅਜਿਹੇ ਚੇਲ੍ਹਿਆਂ ਦੇ ਸਮੂਹ ਲਈ ਇਹ ਇੱਕ ਕਠਿਨ ਹੁਕਮ ਸੀ ਜੋ ਆਪਣੇ ਪਿਆਰ ਨਾਲੋਂ ਜਿਆਦਾ ਝਗੜੇ ਦੇ ਲਈ ਜਾਣੇ ਜਾਂਦੇ ਸਨ।
ਇਹ ਇੱਕ ਨਵਾਂ ਹੁਕਮ ਕਿਵੇਂ ਸੀ? ਭਾਵੇਂਕਿ ਪੁਰਾਣੇ ਨੇਮ ਦੇ ਵਿੱਚ ਪਰਮੇਸ਼ੁਰ ਨੇ “ਆਪਣੇ ਗੁਆਂਢੀਆਂ ਦੇ ਨਾਲ” ਪਿਆਰ ਕਰਨ ਦੇ ਲਈ ਕਿਹਾ ਸੀ। ਪਰ ਪਿਆਰ ਦੇ ਬਾਰੇ ਯਿਸੂ ਦੀ ਸਿੱਖਿਆ ਦੇ ਵਿੱਚ ਦੋ ਨਵੇਂ ਤੱਥ ਹਨ। [2]
ਪਹਿਲੇ, ਯਿਸੂ ਨੇ ਉਸ ਦੁਆਰਾ ਦਿੱਤੇ ਹੋਏ ਹੁਕਮ ਦੇ ਲਈ ਇੱਕ ਨਮੂਨਾ ਪ੍ਰਦਾਨ ਕੀਤਾ। ਉਨ੍ਹਾਂ ਨੇ ਉਸਦੀ ਤਰ੍ਹਾਂ ਪਿਆਰ ਕਰਨਾ ਸੀ। ਹਲੀਮੀ ਦੇ ਨਾਲ ਉਨ੍ਹਾਂ ਦੇ ਪੈਰ ਧੋਣ ਤੋਂ ਬਾਅਦ, ਯਿਸੂ ਨੇ ਕਿਹਾ, “ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ ਤਿਵੇਂ ਤੁਸੀਂ ਇੱਕ ਦੂਏ ਨੂੰ ਪਿਆਰ ਕਰੋ । ” ਉਸਨੇ ਅਜਿਹਾ ਪਿਆਰ ਪੇਸ਼ ਕੀਤਾ ਜਿਸਦਾ ਪ੍ਰਗਟਾਵਾ ਹਲੀਮੀ ਭਰੀ ਸੇਵਾ ਦੇ ਵਿੱਚ ਹੁੰਦਾ ਹੈ। ਚੇਲ੍ਹਿਆਂ ਨੂੰ ਉਸ ਸਮੇਂ ਵੀ ਅਤੇ ਹੁਣ ਵੀ ਯਿਸੂ ਦੀ ਤਰ੍ਹਾਂ ਪਿਆਰ ਕਰਨਾ ਚਾਹੀਦਾ ਹੈ। ਪਿਆਰ ਸੇਵਾ ਕਰਨ ਦੇ ਲਈ ਤੋਲੀਆ ਚੁੱਕਦਾ ਹੈ। ਪਿਆਰ ਧੋਖੇਬਾਜ ਦੀ ਵੀ ਸੇਵਾ ਕਰਦਾ ਹੈ। ਪਿਆਰ ਮੌਤ ਤੱਕ ਧੀਰਜ ਬਣਾਈ ਰੱਖਦਾ ਹੈ।
ਦੂਸਰਾ, ਮਸੀਹੀਆਂ ਦੇ ਵਿੱਚਕਾਰ ਪਿਆਰ ਯਿਸੂ ਦੇ ਸੰਦੇਸ਼ ਦੀ ਇੱਕ ਖਾਸ ਗਵਾਹੀ ਸੀ। “ਜੇ ਤੁਸੀਂ ਆਪੋ ਵਿੱਚ ਪ੍ਰੇਮ ਰੱਖੋ ਤਾਂ ਇਸੇ ਤੋਂ ਸਭ ਜਾਣਨਗੇ ਭਈ ਤੁਸੀਂ ਮੇਰੇ ਚੇਲੇ ਹੋ” (ਯੂਹੰਨਾ 13:35)। ਬਾਅਦ ਦੇ ਵਿੱਚ, ਯਿਸੂ ਪ੍ਰਾਥਨਾ ਕਰਦਾ ਹੈ “ਕਿ ਉਹ ਸਿੱਧ ਹੋ ਕੇ ਇੱਕ ਹੋ ਜਾਣ ਭਈ ਜਗਤ ਜਾਣ ਲਵੇ ਜੋ ਤੈਂ ਮੈਨੂੰ ਘੱਲਿਆ ਅਤੇ ਓਹਨਾਂ ਨਾਲ ਪਿਆਰ ਕੀਤਾ ਜਿਵੇਂ ਤੈਂ ਮੇਰੇ ਨਾਲ ਪਿਆਰ ਕੀਤਾ” (ਯੂਹੰਨਾ 17:23)। ਕਲੀਸਿਆ ਦਾ ਪਿਆਰ ਅਤੇ ਏਕਤਾ ਯਿਸੂ ਦੇ ਸੰਦੇਸ਼ ਦੀ ਗਵਾਹੀ ਹੋਣੀ ਚਾਹੀਦੀ ਹੈ।
ਬਹੁਤ ਸਾਰੇ ਮਸੀਹੀਆਂ ਨੇ ਖੋਜ ਕੀਤੀ ਹੈ ਕਿ ਅਵਿਸ਼ਵਾਸੀ ਗੁਆਂਢੀਆਂ ਦੇ ਨਾਲ ਪਿਆਰ ਕਰਨਾ ਅਜਿਹੇ ਮਸੀਹੀ ਨਾਲ ਪਿਆਰ ਕਰਨ ਨਾਲੋਂ ਆਸਾਨ ਹੈ ਜਿਸਦੇ ਵਿਅਕਤੀਤਵ ਵਿੱਚ ਬਹੁਤ ਸਾਰੀਆਂ ਕਮੀਆਂ ਹਨ। ਪਰ ਮਸੀਹੀਆਂ ਦੇ ਤੌਰ ਤੇ, ਸਾਨੂੰ ਇੱਕ ਦੂਸਰੇ ਦੇ ਨਾਲ ਪਿਆਰ ਕਰਨ ਦਾ ਹੁਕਮ ਦਿੱਤਾ ਗਿਆ ਹੈ। ਪੰਜਾਹ ਸਾਲਾਂ ਦੇ ਬਾਅਦ, ਯੂਹੰਨਾ ਨੇ ਕਲੀਸਿਆ ਨੂੰ ਸੰਦੇਸ਼ ਯਾਦ ਦਿਵਾਇਆ:
ਜੇ ਕੋਈ ਆਖੇ, “ਮੈਂ ਪਰਮੇਸ਼ੁਰ ਨਾਲ ਪ੍ਰੇਮ ਰੱਖਦਾ ਹਾਂ” ਅਤੇ ਆਪਣੇ ਭਰਾ ਨਾਲ ਵੈਰ ਰੱਖੇ ਤਾਂ ਉਹ ਝੂਠਾ ਹੈ ਕਿਉਂਕਿ ਜਿਹੜਾ ਆਪਣੇ ਭਰਾ ਨਾਲ ਜਿਸ ਨੂੰ ਉਹ ਨੇ ਵੇਖਿਆ ਹੈ ਪ੍ਰੇਮ ਨਹੀਂ ਰੱਖਦਾ ਉਹ ਪਰਮੇਸ਼ੁਰ ਨਾਲ ਜਿਸ ਨੂੰ ਉਹ ਨੇ ਨਹੀਂ ਵੇਖਿਆ ਪ੍ਰੇਮ ਰੱਖ ਹੀ ਨਹੀਂ ਸੱਕਦਾ। ਅਤੇ ਸਾਨੂੰ ਓਸ ਕੋਲੋਂ ਇਹ ਹੁਕਮ ਮਿਲਿਆ ਹੈ ਭਈ ਜਿਹੜਾ ਪਰਮੇਸ਼ੁਰ ਨਾਲ ਪ੍ਰੇਮ ਰੱਖਦਾ ਹੈ ਉਹ ਆਪਣੇ ਭਰਾ ਨਾਲ ਵੀ ਪ੍ਰੇਮ ਰੱਖੇ (1 ਯੂਹੰਨਾ 4:20-21)।
ਯਿਸੂ ਨੇ ਆਪਣੇ ਆਖਰੀ ਸੰਦੇਸ਼ ਨੂੰ ਇੱਕ ਦੂਸਰੇ ਦੇ ਨਾਲ ਪਿਆਰ ਕਰਨ ਦੀ ਆਗਿਆ ਦੇ ਨਾਲ ਅਰੰਭ ਕੀਤਾ। ਇਹ ਆਗਿਆ ਹਰ ਉਸ ਗੱਲ ਦੀ ਨੀਂਹ ਹੈ ਜਿਸਦੀ ਘੋਸ਼ਣਾ ਉਸਨੇ ਇਸ ਸੰਦੇਸ਼ ਦੇ ਵਿੱਚ ਕੀਤੀ।
ਇੱਕ ਹੁਕਮ: ਤੁਹਾਡਾ ਦਿਲ ਨਾ ਘਬਰਾਵੇ; ਵਿਸ਼ਵਾਸ ਕਰੋ (ਯੂਹੰਨਾ 14:1)।
ਜਿਵੇਂ ਉਹ ਅਕਸਰ ਕਰਦਾ ਸੀ, ਪਤਰਸ ਨੇ ਦਖਲ ਅੰਦਾਜੀ ਕਰਦੇ ਹੋਏ ਪੁੱਛਿਆ, “ਪ੍ਰਭੂ ਤੁਸੀਂ ਕਿੱਥੇ ਜਾ ਰਹੇ ਹੋ?” ਇਸਦੇ ਉੱਤਰ ਦੇ ਵਿੱਚ ਯਿਸੂ ਨੇ ਪਤਰਸ ਦੇ ਇਨਕਾਰ ਦੀ ਭਵਿੱਖਬਾਣੀ ਕੀਤੀ। ਫਿਰ, ਯਿਸੂ ਨੇ ਪਤਰਸ ਨੂੰ, ਬਾਕੀ ਦੇ ਚੇਲ੍ਹਿਆਂ ਨੂੰ ਅਤੇ ਅੱਜ ਸਾਨੂੰ ਇੱਕ ਸੰਦੇਸ਼ ਦਿੰਦੇ ਹੋਏ ਜਾਰੀ ਰੱਖਿਆ। “ਤੁਹਾਡਾ ਦਿਲ ਨਾ ਘਬਰਾਵੇ।”
ਕਿਉਂਕਿ ਯੂਹੰਨਾ 13:38 ਤੋਂ ਬਾਅਦ ਨਵਾਂ ਅਧਿਆਏ ਆ ਜਾਂਦਾ ਹੈ, ਇਸ ਲਈ ਅਸੀਂ ਅਕਸਰ ਯੂਹੰਨਾ 14:1 ਨੂੰ ਇੰਝ ਪੜਦੇ ਹਾਂ ਜਿਵੇਂ ਇਹ ਕਿਸੇ ਨਵੇਂ ਸੰਦੇਸ਼ ਦੀ ਸ਼ੁਰੂਆਤ ਹੋਵੇ। ਯੂਹੰਨਾ 14:1 ਪਤਰਸ ਨੂੰ ਦਿੱਤੇ ਹੋਏ ਉੱਤਰ ਦਾ ਹੀ ਹਿੱਸਾ ਹੈ। ਇਸਨੂੰ ਇਸ ਪ੍ਰਕਾਰ ਪੜ੍ਹੋ:
ਪਤਰਸ, ਤੂੰ ਤਿੰਨ ਵਾਰ ਮੇਰਾ ਇਨਕਾਰ ਕਰੇਂਗਾ। ਤੂੰ ਆਪਣੀ ਸੋਚ ਨਾਲੋਂ ਜਿਆਦਾ ਕਮਜ਼ੋਰ ਹੈ। ਪਰ ਨਿਰਾਸ਼ ਨਾ ਹੋ; ਮੇਰੇ ਕੋਲ ਤੇਰੇ ਲਈ ਉਮੀਦ ਦਾ ਸੰਦੇਸ਼ ਹੈ, ਪਤਰਸ, ਅਤੇ ਤੁਸੀਂ ਸਾਰੇ ਮੇਰੇ ਪਹਿਲੀ ਵਾਰ ਫੜੇ ਜਾਣ ਤੇ ਡਰ ਦੇ ਕਾਰਨ ਭੱਜ ਜਾਉਗੇ। ਤੁਹਾਡਾ ਦਿਲ ਨਾ ਘਬਰਾਏ। ਪਰਮੇਸ਼ੁਰ ਤੇ ਵਿਸ਼ਵਾਸ ਕਰੋ; ਅਤੇ ਨਾਲ ਹੀ ਮੇਰੇ ਤੇ ਵੀ ਵਿਸ਼ਵਾਸ ਕਰੋ।
ਪਤਰਸ ਨੂੰ ਇਹ ਜਾਣਨ ਦੀ ਜਰੂਰਤ ਸੀ ਕਿ ਉਸ ਦੀਆਂ ਅਸਫਲਤਾਵਾਂ ਦੇ ਬਾਵਜੂਦ, ਯਿਸੂ ਦੇ ਕੋਲ ਉਮੀਦ ਦਾ ਸੰਦੇਸ਼ ਸੀ। ਚੇਲ੍ਹਿਆਂ ਨੂੰ ਇਹ ਜਾਣਨ ਦੀ ਜਰੂਰਤ ਸੀ ਕਿ ਉਨ੍ਹਾਂ ਦੇ ਡਰ ਦੇ ਬਾਵਜੂਦ, ਯਿਸੂ ਦੇ ਕੋਲ ਉਮੀਦ ਦਾ ਸੰਦੇਸ਼ ਸੀ। “ਤੁਹਾਡਾ ਦਿਲ ਨਾ ਘਬਰਾਏ” ਇਹ ਵਰਤਮਾਨ ਕਾਲ ਦੇ ਵਿੱਚ ਹੈ। ਯਿਸੂ ਦੀਆਂ ਚੇਤਾਵਨੀਆਂ ਅਤੇ ਧਾਰਮਿਕ ਆਗੂਆਂ ਦੇ ਵਿਰੋਧ ਦੇ ਕਾਰਨ, ਚੇਲ੍ਹੇ ਪਹਿਲਾਂ ਤੋਂ ਹੀ ਡਰੇ ਹੋਏ ਸਨ। ਯਿਸੂ ਕਹਿੰਦਾ ਹੈ, “ਨਾ ਘਬਰਾਓ.... ਪਰਮੇਸ਼ੁਰ ਤੇ ਵਿਸ਼ਵਾਸ ਕਰੋ; ਮੇਰੇ ਤੇ ਵੀ ਵਿਸ਼ਵਾਸ ਕਰੋ।”
ਸੇਵਕਾਈ ਦੇ ਤਨਾਅ ਦੁਆਰਾ ਘਬਰਾਉਣ ਤੋਂ ਬਚਣ ਦਾ ਇੱਕ ਹੀ ਤਰੀਕਾ ਹੈ ਵਿਸ਼ਵਾਸ ਕਰਨਾ। ਕਿਸੇ ਵੀ ਸੋਮਵਾਰ, ਦੁਨੀਆ ਭਰ ਦੇ ਪਾਸਬਾਨ ਨਿਰਾਸ਼ ਹੁੰਦੇ ਹਨ। ਕੱਲ, ਤੁਸੀਂ ਵਫ਼ਾਦਾਰੀ ਦੇ ਨਾਲ ਪ੍ਰਚਾਰ ਕੀਤਾ-ਅਤੇ ਤੁਹਾਡਾ ਇੱਕ ਮੈਂਬਰ ਗੁੱਸੇ ਹੋ ਗਿਆ। ਤੁਸੀਂ ਤੌਬਾ ਦਾ ਪ੍ਰਚਾਰ ਕੀਤਾ-ਅਤੇ ਕਿਸੇ ਨੇ ਪ੍ਰਤੀਕਿਰਿਆ ਨਹੀਂ ਕੀਤੀ। ਤੁਸੀਂ ਅਵਿਸ਼ਵਾਸੀਆਂ ਨੂੰ ਸੱਦਾ ਦਿੱਤਾ-ਅਤੇ ਕੋਈ ਵੀ ਨਹੀਂ ਆਇਆ।
ਕਈ ਦੇਸ਼ਾਂ ਦੇ ਵਿੱਚ, ਕਲੀਸਿਆ ਨੂੰ ਸਰਕਾਰ ਦੇ ਦੁਆਰਾ ਧਮਕਾਇਆ ਜਾਂਦਾ ਹੈ। ਕਈ ਦੇਸ਼ਾਂ ਦੇ ਵਿੱਚ ਇਸਲਾਮਿਕ ਅੱਤਦਾਵੀ ਕਲੀਸਿਆ ਨੂੰ ਧਮਕਾਉਂਦੇ ਹਨ। ਕਈ ਦੇਸ਼ਾਂ ਦੇ ਵਿੱਚ, ਕਲੀਸਿਆ ਨੂੰ ਸਮਾਜਿਕ ਅਸਮਾਨਤਾਵਾਂ ਦੇ ਨਾਲ ਧਮਕਾਇਆ ਜਾਂਦਾ ਹੈ-ਕੋਈ ਪਰਵਾਹ ਨਹੀਂ ਕਰਦਾ। ਯਿਸੂ ਕਹਿੰਦਾ ਹੈ, “ਘਬਰਾਉਣਾ ਬੰਦ ਕਰੋ। ਪਰਮੇਸ਼ੁਰ ਤੇ ਵਿਸ਼ਵਾਸ ਕਰੋ; ਮੇਰੇ ਤੇ ਵੀ ਵਿਸ਼ਵਾਸ ਕਰੋ।”
ਇੱਕ ਵਾਇਦਾ: ਮੈਂ ਰਾਹ ਹਾਂ (ਯੂਹੰਨਾ 14:6)।
ਯਿਸੂ ਨੇ ਆਪਣੇ ਚੇਲ੍ਹਿਆਂ ਨੂੰ ਉਤਸ਼ਾਹਿਤ ਕੀਤਾ ਕਿ ਉਹ ਉਨ੍ਹਾਂ ਦੇ ਲਈ ਇੱਕ ਸਥਾਨ ਤਿਆਰ ਕਰਨ ਜਾ ਰਿਹਾ ਹੈ। ਹੁਣ ਥੋਮੇ ਨੇ ਦਖਲਅੰਦਾਜੀ ਕੀਤੀ, “ਪ੍ਰਭੁ ਜੀ ਸਾਨੂੰ ਇਹੋ ਪਤਾ ਨਹੀਂ ਤੂੰ ਕਿੱਥੇ ਜਾਂਦਾ ਹੈਂ, ਫੇਰ ਰਾਹ ਕਿੱਕੁਰ ਜਾਣੀਏ?”
ਯਿਸੂ ਦੀ ਪ੍ਰਤੀਕਿਰਿਆ ਮਸੀਹੀ ਜੀਵਨ ਦੇ ਇੱਕ ਮਹੱਤਵਪੂਰਨ ਸਿਧਾਂਤ ਨੂੰ ਸਿਖਾਉਂਦਾ ਹੈ। ਯਿਸੂ ਨੇ ਇਹ ਨਹੀਂ ਕਿਹਾ, “ਮੈਂ ਇੱਥੇ ਜਾ ਰਿਹਾ ਹਾਂ।” ਇਸਦੇ ਬਜਾਏ ਉਸਨੇ ਕਿਹਾ, “ਮੈਂ ਹੀ ਰਾਹ ਹਾਂ।” ਯਿਸੂ ਨੇ ਕਿਸੇ ਰਾਹ ਜਾਂ ਦਿਸ਼ਾ ਦੇ ਵੱਲ ਸੰਕੇਤ ਨਹੀਂ ਕੀਤਾ; ਉਸਨੇ ਆਪਣੇ ਵੱਲ ਸੰਕੇਤ ਕੀਤਾ। ਵਚਨ ਦੇ ਵਿੱਚ ਇਸਦੇ ਨਾਲੋਂ ਜਿਆਦਾ ਸਪੱਸ਼ਟ ਬਿਆਨ ਹੋਰ ਕੋਈ ਵੀ ਨਹੀਂ ਹੈ ਕਿ ਪਿਤਾ ਦੇ ਕੋਲ ਜਾਣ ਦਾ ਇੱਕ ਮਾਤਰ ਰਾਹ ਯਿਸੂ ਦੇ ਦੁਆਰਾ ਹੈ। ਖੁੱਲ੍ਹੀ ਸੋਚ ਵਾਲੇ ਧਾਰਮਿਕ ਵਿਦਵਾਨਾਂ ਦੀ ਸੋਚ ਦੇ ਉਲਟ, ਯਿਸੂ ਨੇ ਸਪੱਸਟ ਤੌਰ ਤੇ ਕਿਹਾ ਕਿ ਉਹ ਪਰਮੇਸ਼ੁਰ ਦੇ ਕੋਲ ਜਾਣ ਦਾ ਇੱਕ ਮਾਤਰ ਰਾਹ ਹੈ।
ਇੱਕ ਵਾਇਦਾ: ਤੁਸੀਂ ਵੱਡੇ ਕੰਮ ਕਰੋਗੇ (ਯੂਹੰਨਾ 14:12-14)।
ਯਿਸੂ ਨੇ ਵਾਇਦਾ ਕੀਤਾ, “ਮੇਰੇ ਉੱਤੇ ਨਿਹਚਾ ਕਰਦਾ ਹੈ ਸੋ ਇਹ ਕੰਮ ਜਿਹੜੇ ਮੈਂ ਕਰਦਾ ਹਾਂ ਉਹ ਭੀ ਕਰੇਗਾ ਸਗੋਂ ਇਨ੍ਹਾਂ ਨਾਲੋਂ ਵੱਡੇ ਕੰਮ ਕਰੇਗਾ ਕਿਉਂ ਜੋ ਮੈਂ ਪਿਤਾ ਦੇ ਕੋਲ ਜਾਂਦਾ ਹਾਂ ਅਰ ਤੁਸੀਂ ਮੇਰਾ ਨਾਮ ਲੈ ਕੇ ਜੋ ਕੁਝ ਮੰਗੋਗੇ ਮੈਂ ਸੋਈ ਕਰਾਂਗਾ ਤਾਂ ਜੋ ਪੁੱਤ੍ਰ ਵਿੱਚ ਪਿਤਾ ਦੀ ਵਡਿਆਈ ਹੋਵੇ ਜੇ।” ਇਹ ਕੰਮ ਇਸ ਲਈ ਵੱਡੇ ਨਹੀਂ ਹੋਣਗੇ ਕਿਉਂਕਿ ਉਹ ਜਿਆਦਾ ਅਦਭੁੱਤ ਹੋਣਗੇ, ਪਰ ਇਸ ਲਈ ਕਿਉਂਕਿ ਉਹ ਵੱਡੇ ਪੱਧਰ/ਖੇਤਰਾਂ ਵਿੱਚ ਕੀਤੇ ਜਾਣਗੇ। ਯਿਸੂ ਦੀ ਧਰਤੀ ਤੇ ਸੇਵਕਾਈ ਦੇ ਦੌਰਾਨ, ਉਸਦੇ ਕੰਮ ਇੱਕ ਭੂਗੋਲਿਕ ਖੇਤਰ ਦੇ ਵਿੱਚ ਸੀਮਿਤ ਸਨ। ਹੁਣ ਕਿਉਂਕਿ ਯਿਸੂ ਆਪਣੇ ਆਤਮਾ ਨੂੰ ਘੱਲ ਰਿਹਾ ਸੀ, ਇਸ ਲਈ ਕਲੀਸਿਆ ਦੁਆਰਾ ਕੀਤੇ ਜਾਣ ਵਾਲੇ ਪੂਰੇ ਸੰਸਾਰ ਦੇ ਵਿੱਚ ਹੋਣਗੇ।
ਯਿਸੂ ਜਾਰੀ ਰੱਖਦਾ ਹੈ, “ਜੇ ਤੁਸੀਂ ਮੇਰਾ ਨਾਮ ਲੈ ਕੇ ਮੈਥੋਂ ਕੁਝ ਮੰਗੋਗੇ ਤਾਂ ਮੈਂ ਉਹੋ ਕਰਾਂਗਾ।” ਇਸ ਵਾਇਦੇ ਦੇ ਨਾਲ ਦੋ ਸ਼ਰਤਾਂ ਜੁੜੀਆਂ ਹੋਈਆਂ ਹਨ।
(1) “ਮੇਰਾ ਨਾਮ ਲੈ ਕੇ ਮੰਗੋਗੇ”
ਇਹ ਪ੍ਰਾਥਨਾ ਦੇ ਅੰਤ “ਯਿਸੂ ਦੇ ਨਾਮ ਵਿੱਚ ਮੰਗਦੇ ਹਾਂ” ਨੂੰ ਸ਼ਾਮਿਲ ਕਰਨ ਤੋਂ ਵੱਧ ਕੇ ਹੈ। ਇਹ ਕੋਈ ਜਾਦੂ ਮੰਤਰ ਨਹੀਂ ਹੈ ਜੋ ਯਿਸੂ ਨੂੰ ਸਾਡੀਆਂ ਬੇਨਤੀਆਂ ਸਵੀਕਾਰ ਕਰਨ ਦੇ ਲਈ ਮਜਬੂਰ ਕਰਦਾ ਹੈ। ਪੂਰੀ ਬਾਈਬਲ ਦੇ ਦੌਰਾਨ, ਪਰਮੇਸ਼ੁਰ ਦਾ ਨਾਮ ਉਸਦੇ ਚਰਿੱਤਰ ਨੂੰ ਦਰਸਾਉਂਦਾ ਹੈ। “ਯਿਸੂ ਦੇ ਨਾਮ ਵਿੱਚ” ਪ੍ਰਾਥਨਾ ਕਰਨ ਦਾ ਅਰਥ ਅਜਿਹੇ ਤਰੀਕੇ ਨਾਲ ਪ੍ਰਾਥਨਾ ਕਰਨਾ ਹੈ ਜੋ ਯਿਸੂ ਦੇ ਚਰਿੱਤਰ ਅਤੇ ਉਸਦੀ ਮਰਜ਼ੀ ਦੇ ਨਾਲ ਜੁੜਿਆ ਹੋਵੇ।
ਯਿਸੂ ਦੇ ਨਾਮ ਵਿੱਚ ਪ੍ਰਾਥਨਾ ਕਰਨ ਦਾ ਇਹ ਅਰਥ ਵੀ ਹੋ ਸਕਦਾ ਹੈ ਕਿ ਪਿਤਾ ਦੇ ਕੋਲ ਉਸਦੇ ਪੁੱਤਰ ਦੇ ਅਧਿਕਾਰ ਦੇ ਨਾਲ ਆਉਣਾ। ਜਦੋਂ ਮੂਸਾ ਫਿਰਊਨ ਦੇ ਕੋਲ ਪ੍ਰਭੂ ਦੇ ਨਾਲ ਨਾਮ ਗੱਲ ਕਰਨ ਦੇ ਲਈ ਆਇਆ, (ਕੂਚ 5:23) ਉਹ ਉਸ ਪਰਮੇਸ਼ੁਰ ਦੇ ਅਧਿਕਾਰ ਨਾਲ ਆਇਆ ਜਿਸਨੇ ਉਸਨੂੰ ਘੱਲਿਆ ਸੀ। ਯਿਸੂ ਦੇ ਨਾਮ ਵਿੱਚ ਪ੍ਰਾਥਨਾ ਕਰਨਾ ਉਸਦੀ ਪ੍ਰਵਾਨਗੀ ਅਤੇ ਉਸਦੇ ਅਧਿਕਾਰ ਦੇ ਨਾਲ ਪ੍ਰਾਥਨਾ ਕਰਨਾ ਹੈ। ਅਸੀਂ ਪੁੱਤਰ ਦੀ ਵਿਚੌਲਗੀ ਦੇ ਦੁਆਰਾ ਪਿਤਾ ਦੇ ਕੋਲ ਜਾਂਦੇ ਹਾਂ ਜੋ “ਉਹ ਉਨ੍ਹਾਂ ਦੀ ਸਫਾਰਸ਼ ਕਰਨ ਨੂੰ ਸਦਾ ਜੀਉਂਦਾ ਹੈ” (ਇਬਰਾਨੀਆਂ 7:25)।
(2) “...ਤਾਂ ਜੋ ਪੁੱਤਰ ਵਿੱਚ ਪਿਤਾ ਦੀ ਵਡਿਆਈ ਹੋਵੇ।”
ਸਾਡੀਆਂ ਪ੍ਰਾਥਨਾਵਾਂ ਪਰਮੇਸ਼ੁਰ ਦੀ ਵਡਿਆਈ ਦੇ ਲਈ ਹੋਣੀਆਂ ਚਾਹੀਦੀਆਂ ਹਨ। ਯਾਕੂਬ ਨੇ ਅਜਿਹੇ ਲੋਕਾਂ ਨੂੰ ਚੇਤਾਵਨੀ ਦਿੱਤੀ “ਤੁਸੀਂ ਮੰਗਦੇ ਹੋ ਪਰ ਲੱਭਦਾ ਨਹੀਂ ਕਿਉਂ ਜੋ ਬਦਨੀਤੀ ਨਾਲ ਮੰਗਦੇ ਹੋ ਭਈ ਆਪਣਿਆਂ ਭੋਗ ਬਿਲਾਸਾਂ ਵਿੱਚ ਉਡਾ ਦਿਓ” (ਯਾਕੂਬ 4:3)। ਜਦੋਂ ਅਸੀਂ ਯਿਸੂ ਦੇ ਵਾਇਦੇ ਦਾ ਦਾਅਵਾ ਕਰਦੇ ਹਾਂ, ਸਾਨੂੰ ਇਹ ਪੱਕਾ ਕਰਨਾ ਚਾਹੀਦਾ ਹੈ ਕਿ ਅਸੀਂ ਪਰਮੇਸ਼ੁਰ ਦੀ ਵਡਿਆਈ ਦੇ ਲਈ ਪ੍ਰਾਥਨਾ ਕਰੀਏ, ਸਾਡੇ ਆਪਣੇ ਉਦੇਸ਼ਾਂ ਦੇ ਲਈ ਨਹੀਂ।
ਇੱਕ ਹੁਕਮ: ਮੇਰੇ ਹੁਕਮਾਂ ਦੀ ਪਾਲਣਾ ਕਰੋਗੇ (ਯੂਹੰਨਾ 14:15)।
ਯਿਸੂ ਨੇ ਇੱਕ ਅਜਿਹਾ ਪੱਧਰ ਦਿੱਤਾ ਜਿਸਦੇ ਦੁਆਰਾ ਅਸੀਂ ਉਸਦੇ ਲਈ ਆਪਣੇ ਪਿਆਰ ਨੂੰ ਨਾਪ ਸਕਦੇ ਹਾਂ। “ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਤਾਂ ਮੇਰੇ ਹੁਕਮਾਂ ਦੀ ਪਾਲਣਾ ਕਰੋਗੇ।” ਜਦੋਂ ਯੂਹੰਨਾ ਨੇ ਆਪਣੀ ਪਹਿਲੀ ਪੱਤ੍ਰੀ ਲਿਖੀ ਤਾਂ ਉਸਨੇ ਇਸ ਬਿਆਨ ਨੂੰ ਯਾਦ ਕੀਤਾ: “ਪਰ ਜੇ ਕੋਈ ਉਹ ਦੇ ਬਚਨ ਦੀ ਪਾਲਨਾ ਕਰਦਾ ਹੋਵੇ ਓਸ ਵਿੱਚ ਪਰਮੇਸ਼ੁਰ ਦਾ ਪ੍ਰੇਮ ਸੱਚੀਂ ਮੁੱਚੀ ਸੰਪੂਰਨ ਕੀਤਾ ਹੋਇਆ ਹੈ” (1 ਯੂਹੰਨਾ 2:5)। ਕੁਝ ਅਧੁਨਿਕ ਪ੍ਰਚਾਰਕਾਂ ਦੇ ਉਲਟ, ਯਿਸੂ ਨੇ ਇਹ ਕਦੇ ਨਹੀਂ ਸਿਖਾਇਆ ਕਿ ਉਸਦੇ ਚੇਲ੍ਹੇ ਜਾਣਬੁੱਝ ਕੇ ਉਸਦੇ ਹੁਕਮਾਂ ਦੀ ਅਣ-ਆਗਿਆਕਾਰੀ ਦੇ ਵਿੱਚ ਰਹਿ ਸਕਦੇ ਹਨ। ਪਿਆਰ ਸਵੈ-ਇੱਛਾ ਦੀ ਆਗਿਆਕਾਰੀ ਦੇ ਵਿੱਚ ਵੇਖਿਆ ਜਾ ਸਕਦਾ ਹੈ।
ਇੱਕ ਵਾਇਦਾ: ਉਹ ਤੁਹਾਨੂੰ ਸਹਾਇਕ ਦੇਵੇਗਾ (ਯੂਹੰਨਾ 14:16)।
ਯੂਹੰਨਾ 14:16 ਦੇ ਵਿੱਚ “ਸਹਾਇਕ” ਦੇ ਤੌਰ ਤੇ ਅਨੁਵਾਦ ਕੀਤਾ ਸ਼ਬਦ ਇੱਕ ਅਜਿਹੇ ਵਕੀਲ ਨੂੰ ਦਰਸਾਉਂਦਾ ਹੈ ਜੋ ਕਿਸੇ ਦੇ ਬਚਾਅ ਪੱਖ ਦੇ ਲਈ ਆਉਂਦਾ ਹੈ। ਇਹ ਅਜਿਹੇ ਸਹਾਇਕ ਜਾਂ ਦਿਲਾਸਾ ਦੇਣ ਵਾਲੇ ਨੂੰ ਦਰਸਾਉਂਦਾ ਹੈ ਜੋ ਮੁਸੀਬਤ ਦੇ ਵੇਲੇ ਦਿਲਾਸਾ ਦਿੰਦਾ ਹੈ।
ਯਿਸੂ ਨੇ ਕਿਹਾ ਕਿ ਪਿਤਾ ਤੁਹਾਨੂੰ “ਤੁਹਾਨੂੰ ਦੂਜਾ ਸਹਾਇਕ ਬਖ਼ਸ਼ੇਗਾ ਭਈ ਉਹ ਸਦਾ ਤੁਹਾਡੇ ਸੰਗ ਰਹੇ।” ਇਸਦਾ ਅਰਥ ਹੈ ਕਿ ਪਵਿੱਤਰ ਆਤਮਾ ਦੀ ਸੇਵਕਾਈ ਯਿਸੂ ਦੀ ਸੇਵਕਾਈ ਦੀ ਤਰ੍ਹਾਂ ਹੀ ਹੋਵੇਗੀ। ਆਤਮਾ ਕਿਸੇ ਗ਼ੈਰ-ਵਿਅਕਤੀਤਵ ਸ਼ਕਤੀ ਦੇ ਤੌਰ ਨਹੀਂ ਆਉਂਦਾ, ਪਰ ਉਹ ਇੱਕ ਵਿਅਕਤੀਤਵ ਦੇ ਤੌਰ ਤੇ ਆਉਂਦਾ ਹੈ, ਠੀਕ ਉਸੇ ਤਰ੍ਹਾਂ ਜਿਵੇਂ ਯਿਸੂ ਵੀ ਇੱਕ ਵਿਅਕਤੀਤਵ ਸੀ।
ਸਹਾਇਤ ਸਚਿਆਈ ਦਾ ਪਵਿੱਤਰ ਆਤਮਾ ਹੈ ਜੋ ਤੁਹਾਡੇ ਵਿੱਚ ਵਾਸ ਕਰਦਾ ਹੈ ਅਤੇ “ਤੁਹਾਡੇ ਨਾਲ ਹੋਵੇਗਾ” (ਯੂਹੰਨਾ 14:18)। ਉਹ “ਤੁਹਾਨੂੰ ਸੱਭੋ ਕੁਝ ਸਿਖਾਲੇਗਾ ਅਤੇ ਸੱਭੋ ਕੁਝ ਜੋ ਮੈਂ ਤੁਹਾਨੂੰ ਆਖਿਆ ਹੈ ਤੁਹਾਨੂੰ ਚੇਤੇ ਕਰਾਵੇਗਾ” (ਯੂਹੰਨਾ 14:26)। ਉਸਦੀ ਸੇਵਕਾਈ ਇੰਨੀ ਸਮਰੱਥੀ ਹੋਵੇਗੀ ਕਿ ਯਿਸੂ ਨੇ ਕਿਹਾ, “ਮੇਰਾ ਜਾਣਾ ਹੀ ਤੁਹਾਡੇ ਲਈ ਚੰਗਾ ਹੈ ਕਿਉਂਕਿ ਜੇ ਮੈਂ ਨਾ ਜਾਵਾਂ ਤਾਂ ਸਹਾਇਕ ਤੁਹਾਡੇ ਕੋਲ ਨਾ ਆਵੇਗਾ” (ਯੂਹੰਨਾ 16:7)।
ਯਿਸੂ ਦਾ ਜਾਣਾ ਚੇਲ੍ਹਿਆਂ ਦੇ ਲਈ ਚੰਹਾ ਕਿਵੇਂ ਹੋ ਸਕਦਾ ਸੀ? ਰੋਬਰਟ ਕੋਲਮੈਨ ਦੇ ਵਿਆਖਿਆ ਕੀਤੀ:
ਜਦੋਂ ਉਹ ਸਰੀਰਕ ਰੂਪ ਦੇ ਵਿੱਚ ਉਨ੍ਹਾਂ ਦੇ ਨਾਲ ਸੀ (ਚੇਲ੍ਹਿਆਂ ਨੇ) ਆਤਮਾ ਤੇ ਨਿਰਭਰ ਰਹਿਣ ਦੀ ਲੋੜ ਨੂੰ ਬਹੁਤ ਘੱਟ ਸਮਝਿਆ, ਇਸ ਕਾਰਨ ਉਹ ਉਸਦੇ ਜੀਵਨ ਦੀ ਡੂੰਘੀ ਅਸਲੀਅਤ ਨੂੰ ਨਹੀਂ ਜਾਣ ਪਾਏ। ਪਰ ਉਸਦੀ ਗ਼ੈਰ-ਮੌਜੂਦਗੀ ਦੇ ਵਿੱਚ, ਉਨ੍ਹਾਂ ਦੇ ਕੋਲ ਕੋਈ ਵੀ ਦ੍ਰਿਸ਼ ਸਮਰਥਨ ਨਹੀਂ ਸੀ। ਉਨ੍ਹਾਂ ਦੇ ਬਣੇ ਰਹਿਣ ਦੇ ਲਈ ਇਹ ਜਰੂਰੀ ਸੀ ਕਿ ਉਹ ਪਿਤਾ ਦੇ ਨਾਲ ਉਸਦੇ ਅੰਦਰੂਨੀ ਵਾਰਤਾਲਾਪ ਦੇ ਬਾਰੇ ਸਿੱਖਣ। ਉਨ੍ਹਾਂ ਦੀ ਜਰੂਰਤ ਦੇ ਦੁਆਰਾ, ਉਹ ਮਸੀਹ ਦੇ ਅਜਿਹੀ ਮਹਾਨ ਸੰਗਤੀ ਦਾ ਅਨੁਭਵ ਕਰਨਗੇ ਜੋ ਉਨ੍ਹਾਂ ਨੇ ਪਹਿਲਾਂ ਕਦੇ ਨਹੀਂ ਕੀਤਾ ਸੀ।[3]
ਵੇਲ ਦੇ ਵਿੱਚ ਜੀਵਨ
► ਪੜ੍ਹੋ ਯੂਹੰਨਾ 15:1-16:37
ਯਿਸੂ ਨੇ ਇੱਕ ਬਹੁਤ ਦੀ ਸ਼ਕਤੀਸ਼ਾਲੀ ਤਸਵੀਰ ਦੇ ਨਾਲ ਸੰਦੇਸ਼ ਜਾਰੀ ਰੱਖਿਆ। “ਮੈਂ ਸੱਚੇ ਅੰਗੂਰ ਦੀ ਵੇਲ ਹਾਂ, ਅਤੇ ਮੇਰਾ ਪਿਤਾ ਬਾਗਵਾਨ ਹੈ।” ਪੁਰਾਣਾ ਨੇਮ ਬਾਰ-ਬਾਰ ਇਸਰਾਏਲ ਨੂੰ ਇੱਕ ਵੇਲ ਦੇ ਰੂਪ ਵਿੱਚ ਦਰਸਾਉਂਦਾ ਹੈ। [4] ਪਰ ਉਸਦੇ ਪਾਪ ਦੇ ਕਾਰਨ, ਇਸਰਾਏਲ ਦੇ ਕਦੇ ਪਰਮੇਸ਼ੁਰ ਦੇ ਉਸ ਸੁੰਦਰ ਵੇਲ ਦੇ ਉਦੇਸ਼ ਪੂਰਿਆਂ ਨਹੀਂ ਕੀਤਾ ਜਿਸਦੇ ਲਈ ਉਸਨੂੰ ਲਗਾਇਆ ਸੀ। ਇਸਦੀ ਬਜਾਏ ਜਿਵੇਂ ਹੀ ਇਸਰਾਏਲ ਭੋਤਿਕ ਤੌਰ ਤੇ ਸੰਪੰਨ ਹੋਇਆ, ਉਸਨੇ ਝੂਠੇ ਦੇਵਤਿਆਂ ਦੇ ਲਈ ਜਗਵੇਦੀਆਂ ਬਣਾਈਆਂ (ਹੋਸ਼ੇਆ 10:2)। ਇੱਕ ਅਜਿਹਾ ਫ਼ਲ ਪੈਦਾ ਕਰਨ ਦੀ ਬਜਾਏ ਜੋ ਸਭਨਾਂ ਨੂੰ ਬਰਕਤ ਦਿੰਦਾ, ਇਸਰਾਏਲ ਨੇ ਜੰਗਲੀ ਅੰਗੂਰ ਪੈਦਾ ਕੀਤੇ।[5] (ਯਸਾਯਾਹ 5:2)। ਇਸਰਾਏਲ ਇੰਨਾ ਪਾਪੀ ਬਣ ਗਿਆ ਕਿ ਪਰਮੇਸ਼ੁਰ ਇਸ ਵੇਲ ਨੂੰ ਸਾੜ ਦੇਣ ਤੋਂ ਇਲਾਵਾ ਇਸਦੇ ਨਾਲ ਹੋਰ ਕੁਝ ਨਹੀਂ ਕਰ ਸਕਿਆ (ਹਿਜਕੀਏਲ 15:1-6)।
ਯਿਸੂ ਇੱਕ ਸੱਚੀ ਅੰਗੂਰ ਦੀ ਵੇਲ ਵੱਜੋਂ ਆਇਆ। ਉਹ ਉਸ ਕੰਮ ਨੂੰ ਪੂਰਾ ਕਰਨ ਦੇ ਲਈ ਆਇਆ ਜਿਸ ਵਿੱਚ ਇਸਰਾਏਲ ਕੌਮ ਅਸਫਲ ਹੋ ਗਈ ਸੀ; ਉਹ ਇਸਰਾਏਲ ਦੀ ਬੁਲਾਹਟ ਨੂੰ ਪੂਰਿਆਂ ਕਰਨ ਆਇਆ ਜੋ ਪਰਾਈਆਂ ਕੌਮਾਂ ਦੇ ਲਈ ਬਰਕਤ ਬਣਨਾ ਸੀ।
ਯਿਸੂ ਨੇ ਚੇਲ੍ਹਿਆਂ ਨੂੰ ਕਿਹਾ ਕਿ ਉਹ ਆਪ ਵੇਲ ਹੈ ਅਤੇ ਬਾਕੀ ਉਸ ਦੀਆਂ ਟਾਹਣੀਆਂ ਹਨ। ਯਿਸੂ ਦਾ ਸੰਦੇਸ਼ ਸਪੱਸ਼ਟ ਸੀ: ਫ਼ਲਦਾਰ ਹੋਣਾ ਪੂਰੀ ਤਰ੍ਹਾਂ ਦੇ ਨਾਲ ਇਸ ਗੱਲ ਤੇ ਨਿਰਭਰ ਹੈ ਕਿ ਉਸਦੇ ਵਿੱਚ ਬਣੇ ਰਹਿਣ ਦੀ ਇੱਛਾ ਕਿੰਨੀ ਹੈ।
ਅੰਗੂਰ ਦੀ ਬੇਲ ਮੈਂ ਹਾਂ, ਤੁਸੀਂ ਟਹਿਣੀਆਂ ਹੋ । ਜੋ ਮੇਰੇ ਵਿੱਚ ਰਹਿੰਦਾ ਹੈ ਅਤੇ ਮੈਂ ਉਸ ਵਿੱਚ ਸੋਈ ਬਹੁਤਾ ਫਲ ਦਿੰਦਾ ਹੈ ਕਿਉਂ ਜੋ ਮੈਥੋਂ ਵੱਖਰੇ ਹੋ ਕੇ ਤੁਸੀਂ ਕੁਝ ਨਹੀਂ ਕਰ ਸੱਕਦੇ (ਯੂਹੰਨਾ 15:5)।
ਵੇਲ ਤੋਂ ਬਿਨਾਂ, ਚੇਲ੍ਹੇ ਕੁਝ ਵੀ ਨਹੀਂ ਕਰ ਸਕਦੇ ਸਨ; ਅੱਜ ਵੀ ਅਸੀਂ ਵੇਲ ਤੋਂ ਬਿਨਾਂ ਕੁਝ ਵੀ ਨਹੀਂ ਕਰ ਸਕਦੇ ਹਾਂ। ਜਦੋਂ ਅਸੀਂ ਸੇਵਕਾਈ ਨੂੰ ਆਪਣੇ ਬਲ ਨਾਲ ਕਰਨ ਦਾ ਯਤਨ ਕਰਦੇ ਹਾਂ, ਤਾਂ ਖਿਝ ਅਤੇ ਸ਼ਕਤੀਹੀਨਤਾ ਜਰੂਰ ਆਵੇਗੀ। ਅਜਿਹਾ ਕਿਉਂ? ਕਿਉਂਕਿ ਅਸੀਂ ਕਦੇ ਵੀ ਆਪਣੇ ਆਪ ਤੋਂ ਫ਼ਲ ਪੈਦਾ ਕਰਨ ਦੇ ਲਈ ਨਹੀਂ ਬਣਾਏ ਗਏ ਸੀ।
ਸਾਡਾ ਆਤਮਿਕ ਜੀਵਨ ਵੀ ਵੇਲ ਦੇ ਨਾਲ ਲਗਾਤਾਰ ਸੰਬੰਧ ਰੱਖਣ ਦੇ ਦੁਆਰਾ ਹੀ ਬਣਿਆ ਰਹਿੰਦਾ ਹੈ। “ਜੇ ਕੋਈ ਮੇਰੇ ਵਿੱਚ ਨਾ ਰਹੇ ਤਾਂ ਉਹ ਟਹਿਣੀ ਦੀ ਨਿਆਈਂ ਬਾਹਰ ਸੁੱਟਿਆ ਜਾਂਦਾ ਅਤੇ ਸੁੱਕ ਜਾਂਦਾ ਹੈ ਅਰ ਲੋਕ ਉਨ੍ਹਾਂ ਨੂੰ ਇਕੱਠੀਆਂ ਕਰ ਕੇ ਅੱਗ ਵਿੱਚ ਝੋਕਦੇ ਹਨ ਅਤੇ ਓਹ ਸਾੜੀਆਂ ਜਾਂਦੀਆਂ ਹਨ” (ਯੂਹੰਨਾ 15:6)। ਹਾਲਾਂਕਿ ਇਹ ਵਚਨ ਇੱਕ ਚੇਤਾਵਨੀ ਹੈ, ਪਰ ਇਹ ਇੱਕ ਉਤਸ਼ਾਹਿਤ ਕਰਨ ਵਾਲੀ ਗੱਲ ਵੀ ਹੈ। ਵੇਲ ਤੋਂ ਬਿਨਾਂ ਅਸੀਂ ਬੇਕਾਰ ਅਤੇ ਨਿਕੰਮੇ ਹਾਂ। ਪਰ ਜੇਕਰ ਅਸੀਂ ਵੇਲ ਦੇ ਬਣੇ ਰਹਿੰਦੇ ਹਾਂ, ਤਾਂ ਸਾਡੇ ਅੰਦਰ ਜੀਵਨ ਅਤੇ ਫ਼ਲਦਾਇਕਤਾ ਹੁੰਦੀ ਹੈ। ਸਾਡਾ ਆਤਮਿਕ ਜੀਵਨ ਸਾਡੇ ਆਪਣੇ ਬਲ ਤੇ ਨਿਰਭਰ ਨਹੀਂ ਹੈ; ਅਤੇ “ਵੇਲ ਦੇ ਵਿੱਚ” ਜਿਉਂਦੇ ਹਾਂ।
ਇਹ ਵਿਸ਼ਾ ਇੱਕ ਵਾਰ ਫਿਰ ਤੋਂ ਇਬਰਾਨੀਆਂ ਦੇ ਵਿੱਚ ਵੇਖਿਆ ਜਾਂਦਾ ਹੈ। ਸਾਡਾ ਮਹਾਨ ਮਹਾਂ-ਜਾਜਕ, ਯਿਸੂ, “ਸਫਾਰਸ਼ ਕਰਨ ਨੂੰ ਸਦਾ ਜੀਉਂਦਾ ਹੈ” ਉਨ੍ਹਾਂ ਦੇ ਲਈ ਜੋ ਪਰਮੇਸ਼ੁਰ ਦੇ ਨੇੜੇ ਆਉਂਦੇ ਹਨ (ਇਬਰਾਨੀਆਂ 7:25)। ਹੋਵਾਰਡ ਹੈਂਡ੍ਰਿਕ ਸੰਘਰਸ਼ ਕਰ ਰਹੇ ਅਜਿਹੇ ਪਾਸਬਾਨਾਂ ਨੂੰ ਉਤਸ਼ਾਹਿਤ ਕੀਤਾ ਜੋ ਇਕੱਲੇ ਮਹਿਸੂਸ ਕਰ ਰਹੇ ਸਨ: “ਜੇਕਰ ਤੁਹਾਡੇ ਕੋਲ ਅਜਿਹਾ ਕੋਈ ਨਹੀਂ ਹੈ ਜੋ ਤੁਹਾਡੇ ਲਈ ਪ੍ਰਾਥਨਾ ਕਰੇ, ਤਾਂ ਇਹ ਕਦੇ ਨਾ ਭੁੱਲੋ ਕਿ ਮਸੀਹ ਤੁਹਾਡੇ ਲਈ ਪ੍ਰਾਥਨਾ ਕਰ ਰਿਹਾ ਹੈ।” ਉਹ ਸਾਡਾ ਵਿਚੌਲਾ ਹੈ; ਉਹ ਸਾਡੇ ਆਤਮਿਕ ਜੀਵਨ ਦਾ ਸ੍ਰੋਤ ਹੈ।
ਯਿਸੂ ਨੇ ਆਪਣੇ ਚੇਲ੍ਹਿਆਂ ਨੂੰ ਯਾਦ ਦਿਵਾਇਆ ਕਿ ਉਨ੍ਹਾਂ ਨੂੰ ਵੇਲ ਦੇ ਵਿੱਚ ਬਣੇ ਰਹਿਣਾ ਚਾਹੀਦਾ ਹੈ। ਇਹ ਅੱਜ ਵੀ ਸੱਚ ਹੈ। ਪਾਸਬਾਨ ਅਤੇ ਕਲੀਸਿਆਈ ਆਗੂਆਂ ਦੇ ਤੌਰ ਤੇ, ਤੁਹਾਨੂੰ ਕਦੇ ਵੀ ਆਪਣੇ ਬਲ ਨਾਲ ਸੇਵਾ ਨਹੀਂ ਕਰਨੀ ਚਾਹੀਦੀ। ਤੁਸੀਂ ਵੇਲ ਅਤੇ ਉਸ ਮਹਾਨ ਮਹਾਂ ਜਾਜਕ ਦੀ ਸ਼ਕਤੀ ਦੇ ਵਿੱਚ ਰਹਿੰਦੇ ਹੋ ਜੋ ਤੁਹਾਡੇ ਲਈ ਉਸ ਸਮੇਂ ਵਿਚੌਲਗੀ ਕਰਦਾ ਹੈ ਜਦੋਂ ਤੁਹਾਡੇ ਕੋਲ ਆਪਣੀ ਵਿਚੌਲਗੀ ਕਰਨ ਦਾ ਬਲ ਨਹੀਂ ਹੁੰਦਾ।
ਯਿਸੂ ਦੇ ਆਖਰੀ ਸੰਦੇਸ਼ ਦੇ ਬਾਕੀ ਹਿੱਸੇ ਦੇ ਵਿੱਚ, ਉਸਨੇ ਚੇਲ੍ਹਿਆਂ ਨੂੰ ਇੱਕ ਵਾਰ ਫਿਰ ਤੋਂ ਸਿਖਾਇਆ ਕਿ ਉਨ੍ਹਾਂ ਨੂੰ ਇੱਕ ਦੂਸਰੇ ਦੇ ਨਾਲ ਪਿਆਰ ਕਰਨਾ ਚਾਹੀਦਾ ਹੈ। ਉਸਨੇ ਉਨ੍ਹਾਂ ਨੂੰ ਇਸ ਸੰਸਾਰ ਦੀ ਨਫ਼ਰਤ ਦਾ ਸਾਹਮਣਾ ਕਰਨ ਦੇ ਲਈ ਤਿਆਰ ਕੀਤਾ। ਸੰਸਾਰ ਨੇ ਯਿਸੂ ਦੇ ਨਫ਼ਰਤ ਕੀਤੀ; ਸੰਸਾਰ ਯਿਸੂ ਦੇ ਸੱਚੇ ਪੈਰੋਕਾਰਾਂ ਦੇ ਨਾਲ ਵੀ ਨਫ਼ਰਤ ਕਰੇਗਾ।
ਫਿਰ ਯਿਸੂ ਨੇ ਪਵਿੱਤਰ ਆਤਮਾ ਦੇ ਕੰਮ ਬਾਰੇ ਹੋਰ ਜਿਆਦਾ ਵਿਆਖਿਆ ਕੀਤੀ। ਇਸ ਸੰਦੇਸ਼ ਦੇ ਪਹਿਲੇ ਹਿੱਸੇ ਵਿੱਚ, ਉਸਨੇ ਪਵਿੱਤਰ ਆਤਮਾ ਘੱਲਣ ਦਾ ਵਾਇਦਾ ਕੀਤਾ। ਹੁਣ ਉਸਨੇ ਉਨ੍ਹਾਂ ਨੂੰ ਪਵਿੱਤਰ ਆਤਮਾ ਦੇ ਕੰਮ ਬਾਰੇ ਹੋਰ ਜਿਆਦਾ ਸਿਖਾਇਆ। ਆਤਮਾ ਸੰਸਾਰ ਨੂੰ ਕਾਇਲ ਕਰੇਗਾ; ਉਹ ਚੇਲ੍ਹਿਆਂ ਦੀ ਸਚਿਆਈ ਦੇ ਵਿੱਚ ਅਗਵਾਈ ਕਰੇਗਾ; ਉਹ ਪੁੱਤਰ ਦੀ ਵਡਿਆਈ ਕਰੇਗਾ।
ਉਸਨੇ ਇੱਕ ਵਾਰ ਫਿਰ ਤੋਂ ਕੁਝ ਸਮੇਂ ਦੇ ਬਾਅਦ ਆਪਣੀ ਵਿਦਾਇਗੀ ਦੀ ਗੱਲ ਕੀਤੀ। ਅਤੇ ਉਸਨੇ ਫਿਰ ਉਨ੍ਹਾਂ ਦੇ ਨਾਲ ਮੁਸੀਬਤ ਦੇ ਵਿੱਚ ਸ਼ਾਂਤੀ ਦੀ ਗੱਲ ਕੀਤੀ। ਇਸ ਸੰਦੇਸ਼ ਦੇ ਪਹਿਲੇ ਹਿੱਸੇ ਵਿੱਚ, ਯਿਸੂ ਨੇ ਆਗਿਆ ਦਿੱਤੀ, “ਤੁਹਾਡਾ ਦਿਲ ਨਾ ਘਬਰਾਵੇ। ਪਰਮੇਸ਼ੁਰ ਉੱਤੇ ਨਿਹਚਾ ਕਰੋ ਅਰ ਮੇਰੇ ਉੱਤੇ ਵੀ ਨਿਹਚਾ ਕਰੋ” (ਯੂਹੰਨਾ 14:1)। ਉਸਨੇ ਇਸ ਸੰਦੇਸ਼ ਦੀ ਸਮਾਪਤੀ ਇੱਕ ਸਮਾਨ ਉਤਸ਼ਾਹ ਦੇ ਨਾਲ ਕੀਤੀ: “ਜਗਤ ਵਿੱਚ ਤੁਹਾਨੂੰ ਕਸ਼ਟ ਹੈ ਪਰ ਹੌਸਲਾਂ ਰੱਖੋਂ, ਮੈਂ ਜਗਤ ਨੂੰ ਜਿੱਤ ਲਿਆ ਹੈ” (ਯੂਹੰਨਾ 16:33)।
ਧਿਆਨ ਦਿਓ ਕਿ ਦੋਵਾਂ ਉਦਾਹਰਨਾਂ ਦੇ ਵਿੱਚ, ਸਾਡੀ ਉਮੀਦ ਸਿਰਫ਼ ਮਸੀਹ ਦੇ ਵਿੱਚ ਹੈ। ਜੇਕਰ ਅਸੀਂ ਮਸੀਹ ਦੇ ਵਿੱਚ ਵਿਸ਼ਵਾਸ ਕਰਦੇ ਹਾਂ ਤਾਂ ਸਾਨੂੰ ਘਬਰਾਉਣ ਦੀ ਜਰੂਰਤ ਨਹੀਂ ਹੈ। ਇਸਦੀ ਬਜਾਏ ਸਾਨੂੰ ਹੌਂਸਲਾ ਰੱਖਣਾ ਚਾਹੀਦਾ ਹੈ ਕਿਉਂਕਿ ਮਸੀਹ ਨੇ ਸੰਸਾਰ ਨੂੰ ਜਿੱਤ ਲਿਆ ਹੈ! ਵੇਲ ਦੇ ਜੀਵਨ ਭਰੋਸੇ ਨਾਲ ਭਰਿਆ ਸ਼ਾਂਤੀ ਦਾ ਜੀਵਨ ਹੈ। ਸਾਨੂੰ ਭਰੋਸਾ ਧਰਤੀ ਦੇ ਹਾਲਾਤਾਂ ਤੇ ਆਧਾਰਿਤ ਨਹੀਂ ਹੈ। ਸਾਡਾ ਭਰੋਸਾ ਮਸੀਹ ਤੇ ਅਤੇ ਸੰਸਾਰ ਦੇ ਉੱਤੇ ਉਸਦੀ ਜਿੱਤ ਤੇ ਟਿਕਿਆ ਹੋਇਆ ਹੈ।
[1] ਉਤਪਤ 49, ਬਿਵਸਥਾ ਸਾਰ 32-33, ਯਹੋਸ਼ੁਆ 23-24, 1 ਇਤਿਹਾਸ 28-29
[2] Darrell L. Bock,
Jesus According to Scripture (Grand Rapids: Baker Book House, 2002), 498
[3] Robert Coleman,
The Mind of the Master (Colorado Springs: WaterBrook Press, 2000), 29
[4] ਜ਼ਬੂਰ 80:8-9, ਯਸਾਯਾਹ 5:1-7, ਯਸਾਯਾਹ 27:2-6, ਹੋਸ਼ੇਆ 10:1-2
[5] “ਜੰਗਲੀ” ਤੋਂ ਭਾਵ ਹੈ “ਖੱਟਾ” ਸੁਆਦ ਇਹ ਆਪ ਲਗਾਏ ਹੋਏ ਅੰਗੂਰਾਂ ਦੀ ਤਰ੍ਹਾਂ ਮਿੱਠੇ ਨਹੀਂ ਹੁੰਦੇ।
Previous
Next