ਜਦੋਂ ਯਿਸੂ ਸਿਖਾ ਰਿਹਾ ਸੀ, ਤਾਂ ਉਹ ਅਕਸਰ ਚੁੰਗੀ ਲੈਣ ਵਾਲਿਆਂ ਅਤੇ ਪਾਪੀਆਂ ਨੂੰ ਆਪਣੇ ਵੱਲ ਖਿੱਚ ਲੈਂਦਾ ਸੀ। ਯਿਸੂ ਨੇ ਸਿਰਫ਼ ਇੰਨ੍ਹਾਂ ਲੋਕਾਂ ਨੂੰ ਸਿਖਾਇਆ ਹੀ ਨਹੀਂ, ਸਗੋਂ ਉਹ ਉਨ੍ਹਾਂ ਦੇ ਨਾਲ ਖਾਂਦਾ ਸੀ। ਜਦੋਂ ਫ਼ਰੀਸੀਆਂ ਨੇ ਯਿਸੂ ਨੂੰ ਸਵੈ-ਇੱਛਾ ਦੇ ਨਾਲ ਪਾਪੀਆਂ ਦੇ ਨਾਲ ਖਾਂਦੇ ਹੋਏ ਵੇਖਿਆ, ਤਾਂ ਉਨ੍ਹਾਂ ਨੇ ਉਸਦੀ ਆਲੋਚਨਾ ਕਰਨੀ ਸ਼ੁਰੂ ਕਰ ਦਿੱਤੀ। ਯਿਸੂ ਨੇ ਤਿੰਨ ਕਹਾਣੀਆਂ ਦੇ ਨਾਲ ਉੱਤਰ ਦਿੱਤਾ, ਤੁਹਾਨੂੰ ਪਿਛੋਕੜ ਦੇ ਦੋ ਮਹੱਤਵਪੂਰਨ ਤੱਥਾਂ ਨੂੰ ਸਮਝਣਾ ਚਾਹੀਦਾ ਹੈ।
1. ਯਿਸੂ ਦੇ ਦਿਨਾਂ ਵਿੱਚ ਕਿਸੇ ਵਿਅਕਤੀ ਦੇ ਨਾਲ ਖਾਣ ਦਾ ਅਰਥ ਸੀ ਕਿ ਤੁਸੀਂ ਉਨ੍ਹਾਂ ਦੇ ਨਾਲ ਸੰਬੰਧ ਸਥਾਪਿਤ ਕਰ ਰਹੇ ਹੋ।[1] ਜਦੋਂ ਯਿਸੂ ਨੇ ਪਾਪੀਆਂ ਦੇ ਖਾਧਾ, ਇਸਦਾ ਅਰਥ ਹੈ ਕਿ ਉਹ ਜਾਣ-ਬੁੱਝ ਕੇ ਉਨ੍ਹਾਂ ਦੇ ਨਾਲ ਸੰਗਤੀ ਕਰ ਰਿਹਾ ਸੀ। ਯਿਸੂ ਨੇ ਵਿਖਾਇਆ ਕਿ ਪਰਮੇਸ਼ੁਰ ਇਸ ਗੱਲ ਦੀ ਉਡੀਕ ਨਹੀਂ ਕਰਦਾ ਕਿ ਲੋਕ ਉਸਦੇ ਕੋਲ ਆਉਣ; ਇਸਦੀ ਬਜਾਏ ਪਰਮੇਸ਼ੁਰ ਕਿਰਿਆਸ਼ੀਲ ਤਰੀਕੇ ਦੇ ਨਾਲ ਗੁਆਚਿਆਂ ਹੋਇਆਂ ਦੀ ਭਾਲ ਕਰਦਾ ਹੈ।
2. ਯਿਸੂ ਦੇ ਦਿਨਾਂ ਦੇ ਯਹੂਦੀ ਲੋਕ ਇਹ ਉਮੀਦ ਕਰਦੇ ਸਨ ਕਿ ਧਰਮੀ ਵਿਅਕਤੀ ਪਾਪੀ ਲੋਕਾਂ ਦੇ ਨਾਲ ਸੰਬੰਧ ਰੱਖਣ ਤੋਂ ਦੂਰ ਰਹਿੰਦਾ ਹੈ। ਯਹੂਦੀ ਧਰਮ ਗੁਰੂਆਂ ਨੇ ਸਿਖਾਇਆ ਕਿ ਜਦੋਂ ਮਸੀਹ ਆਵੇਗਾ, ਉਹ ਦੁਸ਼ਟਾਂ ਦੇ ਨਾਲ ਕੋਈ ਸੰਗਤੀ ਨਹੀਂ ਰੱਖੇਗਾ ਅਤੇ ਉਹ ਸਿਰਫ਼ ਧਰਮੀਆਂ ਦੇ ਨਾਲ ਹੀ ਖਾਵੇਗਾ।
► ਪੜ੍ਹੋ ਲੂਕਾ 15:1-32
ਇਹ ਇੱਕ ਦ੍ਰਿਸ਼ਟਾਂਤ ਹੈ ਜਿਸਦੇ ਤਿੰਨ ਹਿੱਸੇ ਹਨ: ਇੱਕ ਗੁਆਚੀ ਹੋਈ ਭੇਡ, ਇੱਕ ਗੁਆਚਿਆ ਸਿੱਕਾ ਅਤੇ ਇੱਕ ਗੁਆਚਿਆ ਹੋਇਆ ਪੁੱਤਰ। ਹਰੇਕ ਦੇ ਵਿੱਚ ਮੁੱਖ ਵਿਸ਼ਾ ਕਿਸੇ ਵਿਅਕਤੀ ਨੂੰ ਉਹ ਮਿਲ ਜਾਣਾ ਹੈ ਜੋ ਗੁਆਚ ਗਿਆ ਸੀ। ਯਿਸੂ ਵਿਖਾਉਂਦਾ ਹੈ ਕਿ ਜਦੋਂ ਇੱਕ ਪਾਪੀ ਤੌਬਾ ਕਰਦਾ ਹੈ ਤਾਂ ਸਵਰਗ ਵਿੱਚ ਅਨੰਦ ਮਨਾਇਆ ਜਾਂਦਾ ਹੈ।
[2] ਯਹੂਦੀ ਧਰਮ ਗੁਰੂਆਂ ਦੇ ਵਿੱਚ ਇੱਕ ਪ੍ਰਸਿੱਧ ਕਹਾਉਤ ਸੀ: “ਜਦੋਂ ਕਿਸੇ ਪਾਪੀ ਦਾ ਨਾਸ਼ ਹੁੰਦਾ ਹੈ ਤਾਂ ਸਵਰਗ ਦੇ ਵਿੱਚ ਪਰਮੇਸ਼ੁਰ ਦੇ ਅੱਗੇ ਅਨੰਦ ਮਨਾਇਆ ਜਾਂਦਾ ਹੈ।” ਯਿਸੂ ਨੇ ਇਸਨੂੰ ਉਲਟਾ ਕਰ ਦਿੱਤਾ: “ਜਦੋਂ ਇੱਕ ਪਾਪੀ ਤੌਬਾ ਕਰਦਾ ਹੈ ਤਾਂ ਸਵਰਗ ਵਿੱਚ ਅਨੰਦ ਮਨਾਇਆ ਜਾਂਦਾ ਹੈ।” ਯਿਸੂ ਅਤੇ ਦੂਸਰੇ ਧਰਮ ਗੁਰੂਆਂ ਦੇ ਵਿੱਚ ਕੀ ਅੰਤਰ ਸੀ? ਪਿਆਰ ਦਾ। ਯਿਸੂ ਨੇ ਵਿਖਾਇਆ ਕਿ ਪਿਆਰ ਭਰੇ ਦਿਲ ਦੇ ਨਾਲ ਸੇਵਾ ਕਰਨ ਦਾ ਕੀ ਅਰਥ ਹੈ।
ਜਦੋਂ ਅਸੀਂ ਪਿਆਰ ਤੋਂ ਬਿਨਾਂ ਸੇਵਾ ਕਰਦੇ ਹਾਂ ਤਾਂ ਰੁਤਬਾ ਅਤੇ ਅਹੁਦਾ ਲੋਕਾਂ ਨਾਲੋਂ ਜਿਆਦਾ ਮਹੱਤਵਪੂਰਨ ਬਣ ਜਾਂਦੇ ਹਨ। ਪਰ ਜਦੋਂ ਅਸੀਂ ਪਿਆਰ ਭਰੇ ਦਿਲ ਨਾਲ ਸੇਵਕਾਈ ਕਰਦੇ ਹਾਂ, ਤਾਂ ਅਸੀਂ ਗੁਆਚੇ ਹੋਇਆਂ ਦੇ ਲਈ ਆਪਣੇ ਰੁਤਬੇ ਨੂੰ ਗੁਆ ਦੇਣ ਦੀ ਵੀ ਇੱਛਾ ਰੱਖਦੇ ਹਾਂ। ਯਿਸੂ ਪਿਆਰ ਦੇ ਲੋੜਵੰਦ ਲੋਕਾਂ ਨੂੰ ਪਿਆਰ ਵਿਖਾਉਣ ਦੇ ਲਈ ਧਾਰਮਿਕ ਆਗੂਆਂ ਦੀ ਅਲੋਚਨਾ ਸਹਿਣ ਦੇ ਲਈ ਵੀ ਤਿਆਰ ਸੀ।
► ਜੇਕਰ ਅਸੀਂ ਪੁੱਛੀਏ, “ਕੀ ਤੁਸੀਂ ਉਜਾੜੂ ਪੁੱਤਰ ਨੂੰ ਪਿਆਰ ਵਿਖਾਓਗੇ?” ਤਾਂ ਅਸੀਂ ਸਭ ਉੱਤਰ ਦੇਵਾਂਗੇ, “ਜੀ ਹਾਂ।” ਅਸੀਂ ਸਹੀ ਉੱਤਰ ਬਾਰੇ ਜਾਣਦੇ ਹਾਂ! ਇਸਦੀ ਬਜਾਏ ਇਹ ਪੁੱਛੋ, “ਅਜਿਹਾ ਉਜਾੜੂ ਪੁੱਤਰ ਕੋਣ ਸੀ ਜੋ ਪਿੱਛਲੀ ਵਾਰ ਮੇਰੇ ਨਾਲ ਮਿਲਿਆ ਸੀ? ਮੈਂ ਉਸ ਵਿਅਕਤੀ ਨੂੰ ਪਿਆਰ ਕਿਵੇਂ ਵਿਖਾਇਆ?”
ਯਿਸੂ ਨੇ ਦਰਦ ਸਹਿ ਰਹੇ ਲੋਕਾਂ ਤੇ ਤਰਸ ਕਰਨ ਦੇ ਦੁਆਰਾ ਪਿਆਰ ਨੂੰ ਵਿਖਾਇਆ
ਸ਼ੁਭਸਮਾਚਾਰਾਂ ਨੂੰ ਪੜਦੇ ਹੋਏ, ਕੀ ਤੁਸੀਂ ਅਜਿਹੇ ਪਾਪੀਆਂ ਵੱਲ ਧਿਆਨ ਦਿੱਤਾ ਹੈ ਜੋ ਧਾਰਮਿਕ ਆਗੂਆਂ ਤੋਂ ਭੱਜ ਜਾਂਦੇ ਸਨ ਅਤੇ ਯਿਸੂ ਦੇ ਵੱਲ ਭੱਜੇ ਆਉਂਦੇ ਸਨ? ਪਾਪੀ ਯਿਸੂ ਦੀ ਹਜੂਰੀ ਦੀ ਭਾਲ ਕਿਉਂ ਕਰਦੇ ਸਨ?
ਇਹ ਅਜਿਹਾ ਨਹੀਂ ਹੈ ਕਿ ਯਿਸੂ ਨੇ ਪਾਪ ਨੂੰ ਨਜ਼ਰਅੰਦਾਜ ਕੀਤਾ; ਉਸਨੇ ਫ਼ਰੀਸੀਆਂ ਨਾਲੋਂ ਵੀ ਉੱਚ ਪੱਧਰੀ ਧਾਰਮਿਕਤਾ ਦੀ ਮੰਗ ਕੀਤੀ (ਮੱਤੀ 5:20)। ਪਾਪੀ ਯਿਸੂ ਦੇ ਵੱਲ ਦੋੜਦੇ ਸਨ ਕਿਉਂਕਿ ਉਹ ਤਰਸ ਦੇ ਨਾਲ ਭਰਿਆ ਹੋਇਆ ਸੀ। ਉਸਨੇ ਪਾਪ ਨੂੰ ਨਜ਼ਰਅੰਦਾਜ ਨਹੀਂ ਕੀਤਾ, ਪਰ ਉਸਨੂੰ ਅਜਿਹੇ ਵਿਅਕਤੀ ਦੇ ਤਰਸ ਆਉਂਦਾ ਸੀ ਜੋ ਪਾਪ ਦਾ ਗ਼ੁਲਾਮ ਬਣ ਚੁੱਕਾ ਸੀ।
ਅਸੀਂ ਵਿਭਚਾਰ ਵਿੱਚ ਫੜੀ ਗਈ ਔਰਤ ਦੇ ਪ੍ਰਤੀ ਯਿਸੂ ਦੇ ਸ਼ਬਦਾਂ ਨੂੰ ਵੇਖਦੇ ਹਾਂ। ਜਦੋਂ ਉਸ ਤੇ ਦੋਸ਼ ਲਗਾਉਣ ਵਾਲੇ ਚਲੇ ਗਏ, ਯਿਸੂ ਨੇ ਕਿਹਾ, “ਮੈਂ ਵੀ ਤੈਨੂੰ ਸਜ਼ਾ ਨਹੀਂ ਦਿੰਦਾ, ਜਾਹ, ਏਦੋਂ ਅੱਗੇ ਫੇਰ ਪਾਪ ਨਾ ਕਰੀਂ (ਯੂਹੰਨਾ 8:11)। ਯਿਸੂ ਨੇ ਪਾਪ ਨੂੰ ਨਜ਼ਰਅੰਦਾਜ ਨਹੀਂ ਕੀਤਾ; ਉਸਨੇ ਮੰਗ ਕੀਤੀ ਕਿ ਇਹ ਔਰਤ ਆਪਣੇ ਪਾਪ ਵਾਲੇ ਜੀਵਨ ਨੂੰ ਤਿਆਗ ਦੇਵੇ। ਪਰ ਉਸਨੇ ਸਜ਼ਾ ਦੇਣ ਦੀ ਬਜਾਏ ਤਰਸ ਵਿਖਾਇਆ।
ਲੂਕਾ ਦਾ ਸ਼ੁਭਸਮਾਚਾਰ ਯਿਸੂ ਦੇ ਤਰਸ ਤੇ ਖਾਸ ਧਿਆਨ ਦਿੰਦਾ ਹੈ। ਲੂਕਾ ਜ਼ੱਕੀ ਦੀ ਕਹਾਣੀ ਦੱਸਦਾ ਹੈ, ਇੱਕ ਅਜਿਹਾ ਮਸੂਲੀਆ ਸੀ ਜਿਸਨੂੰ ਬਾਕੀ ਧਾਰਮਿਕ ਆਗੂਆਂ ਦੇ ਤਿਆਗ ਦਿੱਤਾ ਹੋਵੇਗਾ। ਵੇਖਣ ਵਾਲਿਆਂ ਹੈਰਾਨ ਕਰਦੇ ਹੋਏ, ਯਿਸੂ ਨੇ ਅਜਿਹੇ ਵਿਅਕਤੀ ਦੇ ਘਰ ਜਾਣ ਦਾ ਫੈਸਲਾ ਲਿਆ ਜੋ ਇੱਕ ਪਾਪੀ ਸੀ (ਲੂਕਾ 19:7)।
► ਪੜ੍ਹੋ ਲੂਕਾ 5:12-16
ਇਸ ਚੰਗਿਆਈ ਦਾ ਜ਼ਿਕਰ ਕਰਦੇ ਹੋਏ, ਲੂਕਾ ਅਜਿਹਾ ਵੇਰਵਾ ਦਿੰਦਾ ਹੈ ਜਿਸਨੇ ਭੀੜ ਨੂੰ ਹੈਰਾਨ ਕਰ ਦਿੱਤਾ ਹੋਵੇਗਾ। ਯਿਸੂ ਨੇ ਆਪਣਾ ਹੱਥ ਵਧਾਇਆ ਅਤੇ ਉਸਨੂੰ ਛੂਹਿਆ। ਪੁਰਾਤਨ ਸੰਸਾਰ ਦੇ ਵਿੱਚ ਕੋਈ ਵੀ ਕਦੇ ਕੋੜ੍ਹੀ ਨੂੰ ਨਹੀਂ ਛੂੰਹਦਾ ਸੀ! ਛੂਤ ਦੀ ਸੰਭਾਵਨਾ ਦੇ ਕਾਰਨ ਇਹ ਡਾਕਟਰੀ ਤੌਰ ਤੇ ਖ਼ਤਰਨਾਕ ਸੀ। ਅਤੇ ਇੱਕ ਯਹੂਦੀ ਲਈ, ਅਜਿਹਾ ਕਰਨ ਦੇ ਨਾਲ ਇੱਕ ਵਿਅਕਤੀ ਰਸਮੀ ਤੌਰ ਤੇ ਅਸ਼ੁੱਧ ਬਣ ਜਾਂਦਾ ਸੀ।
[3] ਯਿਸੂ ਨੇ ਕੋੜ੍ਹੀ ਨੂੰ ਕਿਉਂ ਛੂਹਿਆ? ਉਸਨੂੰ ਤਰਸ ਆਇਆ। “ਅਤੇ ਉਸ ਨੇ ਤਰਸ ਖਾ ਕੇ ਆਪਣਾ ਹੱਥ ਲੰਮਾ ਕੀਤਾ ਅਰ ਉਹ ਨੂੰ ਛੋਹ ਕੇ ਕਿਹਾ, ਮੈਂ ਚਾਹੰਦਾ ਹਾਂ,ਤੂੰ ਸ਼ੁੱਧ ਹੋ ਜਾਹ” (ਮਰਕੁਸ 1:41)। ਇਸ ਕੋੜ੍ਹੀ ਨੂੰ ਸਰੀਰਕ ਚੰਗਿਆਈ ਦੀ ਲੋੜ ਸੀ, ਪਰ ਉਸਨੂੰ ਭਾਵਨਾਤਮਕ ਚੰਗਿਆਈ ਦੀ ਵੀ ਲੋੜ ਸੀ। ਕੋੜ੍ਹੀਆਂ ਨੂੰ ਆਮ ਲੋਕਾਂ ਨਾਲੋਂ ਦੂਰ ਰਹਿਣਾ ਪੈਂਦਾ ਸੀ। ਕੋੜ੍ਹ ਪੈਣ ਤੋਂ ਬਾਅਦ, ਇਸ ਮਨੁੱਖ ਨੇ ਕਦੇ ਕਿਸੇ ਦੂਸਰੇ ਮਨੁੱਖ ਦੇ ਛੂਹਣ ਨੂੰ ਮਹਿਸੂਸ ਨਹੀਂ ਕੀਤਾ ਸੀ। ਯਿਸੂ ਬਿਨਾਂ ਛੂਹੇ ਵੀ ਇਸ ਰੋਗੀ ਸਰੀਰ ਵਾਲੇ ਵਿਅਕਤੀ ਨੂੰ ਚੰਗਾ ਕਰ ਸਕਦਾ, ਪਰ ਉਹ ਜਾਣਦਾ ਸੀ ਕਿ ਕੋੜ੍ਹੀ ਨੂੰ ਕਿਸੇ ਦੂਸਰੇ ਮਨੁੱਖ ਦੁਆਰਾ ਛੂਹੇ ਜਾਣ ਦੀ ਜਰੂਰਤ ਹੈ। ਯਿਸੂ ਨੂੰ ਉਸ ਤੇ ਤਰਸ ਆਇਆ।
ਜੇਕਰ ਅਸੀਂ ਯਿਸੂ ਦੀ ਤਰ੍ਹਾਂ ਸੇਵਕਾਈ ਕਰਨਾ ਚਾਹੁੰਦੇ ਹਾਂ, ਤਾਂ ਸਾਡੇ ਕੋਲ ਵੀ ਯਿਸੂ ਦੀ ਤਰ੍ਹਾਂ ਤਰਸ ਵਾਲਾ ਮਨ ਹੋਣਾ ਚਾਹੀਦਾ ਹੈ। ਜਦੋਂ ਪਾਪੀ ਲੋਕ ਯਿਸੂ ਦੀਆਂ ਅੱਖਾਂ ਦੇ ਵੱਲ ਵੇਖਦੇ ਸਨ ਉਨ੍ਹਾਂ ਨੂੰ ਉਨਾਂ ਦੇ ਵਿੱਚ ਪਿਆਰ ਭਰਿਆ ਤਰਸ ਨਜ਼ਰ ਆਉਂਦਾ ਸੀ। ਜਦੋਂ ਪਾਪੀ ਲੋਕ ਤੁਹਾਡੀਆਂ ਅੱਖਾਂ ਦੇ ਵਿੱਚ ਵੇਖਦੇ ਹਨ ਤਾਂ ਉਨ੍ਹਾਂ ਨੂੰ ਕੀ ਨਜ਼ਰ ਆਉਂਦਾ ਹੈ?
ਯਿਸੂ ਨੇ ਲੋੜਵੰਦਾਂ ਦੀ ਸੇਵਾ ਕਰਨ ਦੁਆਰਾ ਪਿਆਰ ਵਿਖਾਇਆ
ਇਹ ਕਹਿਣਾ ਆਸਾਨ ਹੈ, “ਮੈਨੂੰ ਲੋੜਵੰਦਾਂ ਤੇ ਤਰਸ ਆਉਂਦਾ ਹੈ;” ਪਰ ਉਨ੍ਹਾਂ ਦੀਆਂ ਲੋੜਾਂ ਦੇ ਲਈ ਸੇਵਾ ਕਰਨੀ ਕਠਿਨ ਹੈ। ਯਿਸੂ ਨੇ ਆਪਣੇ ਆਸ-ਪਾਸ ਦੇ ਲੋਕਾਂ ਦੀ ਸੇਵਾ ਕਰਕੇ ਪਿਆਰ ਨੂੰ ਵਿਖਾਇਆ। ਯਿਸੂ ਦੀ ਸਾਰੀ ਸੇਵਕਾਈ ਦੂਸਰਿਆਂ ਦੀ ਸੇਵਾ ਦੇ ਲਈ ਸੀ। ਪੌਲੁਸ ਨੇ ਲਿਖਿਆ ਕਿ ਯਿਸੂ ਨੇ ਇੱਕ ਸੇਵਕ ਦਾ ਰੂਪ ਧਾਰ ਕੇ ਆਪਣੇ ਆਪ ਨੂੰ ਸੱਖਣਾ ਕੀਤਾ (ਫਿਲਿੱਪੀਆਂ 2:7)। ਯਿਸੂ ਨੇ ਆਪਣੇ ਚੇਲ੍ਹਿਆਂ ਨੂੰ ਕਿਹਾ, “ਕਿਉਂਕਿ ਮਨੁੱਖ ਦਾ ਪੁੱਤ੍ਰ ਵੀ ਆਪਣੀ ਟਹਿਲ ਕਰਾਉਣ ਨਹੀਂ ਸਗੋਂ ਟਹਿਲ ਕਰਨ ਅਤੇ ਬਹੁਤਿਆਂ ਦੇ ਲਈ ਨਿਸਤਾਰੇ ਦੇ ਮੁੱਲ ਭਰਨ ਨੂੰ ਆਪਣੀ ਜਾਨ ਦੇਣ ਆਇਆ” (ਮਰਕੁਸ 10:45)।
ਯਿਸੂ ਦੇ ਚਮਤਕਾਰ ਉਸ ਦੁਆਰਾ ਦੂਸਰਿਆਂ ਦੀ ਕੀਤੀ ਸੇਵਾ ਨੂੰ ਦਰਸਾਉਂਦੇ ਹਨ। ਚਮਤਕਾਰ ਮਸੀਹ ਦੇ ਮਿਸ਼ਨ ਦੇ ਚਿੰਨ੍ਹ ਸਨ, ਪਰ ਉਹ ਮਨੁੱਖੀ ਲੋੜਾਂ ਨੂੰ ਪੂਰਿਆਂ ਕਰਨ ਦੇ ਸਾਧਨ ਵੀ ਸਨ। ਕਈ ਵਾਰ ਚਮਤਕਾਰ ਸਿਰਫ਼ ਬਹੁਤ ਘੱਟ ਗਿਣਤੀ ਦੇ ਲੋਕਾਂ ਲਈ ਹੀ ਕੀਤੇ ਜਾਂਦੇ ਸਨ। ਕਈ ਵਾਰ ਉਨ੍ਹਾਂ ਦਾ ਲਾਭ ਅਜਿਹੇ ਲੋਕਾਂ ਨੂੰ ਮਿਲਿਆ ਜਿੰਨ੍ਹਾਂ ਦੇ ਕੋਲ ਕੋਈ ਤਾਕਤ ਜਾਂ ਪ੍ਰਭਾਵ ਨਹੀਂ ਸੀ। ਕਈ ਵਾਰ ਉਸਦੇ ਚਮਤਕਾਰਾਂ ਦੇ ਕਾਰਨ (ਸਬਤ ਦੇ ਦਿਨ) ਉਸਦਾ ਹੋਰ ਜਿਆਦਾ ਇਨਕਾਰ ਕਰ ਦਿੱਤਾ ਗਿਆ।
ਯਿਸੂ ਨੇ ਆਪਣੇ ਚਮਤਕਾਰ ਤਾਕਤਵਰ ਲੋਕਾਂ ਦਾ ਪੱਖ ਪ੍ਰਾਪਤ ਕਰਨ ਲਈ ਨਹੀਂ ਕੀਤੇ; ਉਸਨੇ ਲੋੜਵੰਦਾਂ ਦੀ ਸਹਾਇਤਾ ਕਰਨ ਦੇ ਲਈ ਚਮਤਕਾਰ ਕੀਤੇ। ਵਚਨਾਂ ਦੇ ਵਿੱਚ ਦੋ ਸਥਾਨਾਂ ਦੇ ਦਰਜ ਹੈ ਕਿ ਯਿਸੂ ਨੇ ਚਮਤਕਾਰ ਕਰਨ ਤੋਂ ਮਨ੍ਹਾ ਕਰ ਦਿੱਤਾ। ਫ਼ਰੀਸੀਆਂ ਨੇ ਉਸਦੇ ਨਾਲ ਬਹਿਸ ਕੀਤੀ, “ਉਸ ਦੇ ਪਰਤਾਉਣ ਲਈ ਆਕਾਸ਼ ਵਲੋਂ ਕੋਈ ਨਿਸ਼ਾਨ ਉਸ ਤੋਂ ਮੰਗ ਕੇ ਉਸ ਨਾਲ ਝਗੜਾ ਕਰਨ ਲੱਗੇ” (ਮਰਕੁਸ 8:11)। ਯਿਸੂ ਨੇ ਕੋਈ ਨਿਸ਼ਾਨ ਵਿਖਾਉਣ ਤੋਂ ਮਨ੍ਹਾ ਕਰ ਦਿੱਤਾ। ਫਿਰ ਪੇਸ਼ੀ ਦੇ ਦੌਰਾਨ ਹੇਰੋਦੇਸ ਚਾਹੁੰਦਾ ਸੀ ਕਿ ਯਿਸੂ ਉਸਦੇ ਲਈ ਕੋਈ ਚਮਤਕਾਰ ਕਰੇ (ਲੂਕਾ 23:8)। ਯਿਸੂ ਨੇ ਹੇਰੋਦੇਸ ਨੂੰ ਉੱਤਰ ਤੱਕ ਦੇਣ ਤੋਂ ਇਨਕਾਰ ਕਰ ਦਿੱਤਾ। ਯਿਸੂ ਸ਼ੱਕ ਕਰਨ ਵਾਲੇ ਸ੍ਰੋਤਿਆਂ ਨੂੰ ਪ੍ਰਭਾਵਿਤ ਕਰਨ ਦੇ ਲਈ ਮੰਗ ਕਰਨ ਤੇ ਕੋਈ ਚਮਤਕਾਰ ਨਹੀਂ ਕਰਦਾ ਸੀ।
ਭਾਵੇਂ ਕਿ ਯਿਸੂ ਨੇ ਹੇਰੋਦੇਸ ਅੰਤੀਪਾਸ ਦੇ ਲਈ ਕਿਸੇ ਚਮਤਕਾਰ ਨੂੰ ਕਰਨ ਤੋਂ ਇਨਕਾਰ ਕਰ ਦਿੱਤਾ, ਪਰ ਉਸਨੇ ਮਛਵਾਰੇ ਦੀ ਸੱਸ ਨੂੰ , ਕੋੜ੍ਹੀਆਂ ਨੂੰ, ਅੰਨ੍ਹੇ ਭਿਖਾਰੀਆਂ ਨੂੰ ਅਤੇ ਭੂਤਾਂ ਦੇ ਜ਼ਕੜੇ ਅਜਿਹੇ ਲੋਕਾਂ ਨੂਂ ਚੰਗਿਆਂ ਕੀਤਾ ਜੋ ਇਸਦੇ ਬਦਲੇ ਉਸਨੂੰ ਕੁਝ ਵੀ ਵਾਪਿਸ ਨਹੀਂ ਦੇ ਸਨ। ਉਸਨੇ ਅਜਿਹੇ 5,000 ਲੋਕਾਂ ਨੂੰ ਖੁਵਾਇਆ ਜੋ ਧੰਨਵਾਦੀ ਨਾ ਹੋ ਕੇ ਉਸਨੂੰ ਛੱਡ ਗਏ ਅਤੇ ਉਸਨੇ ਮਹਾਂ-ਜਾਜਕ ਦੇ ਸੇਵਕ ਨੂੰ ਚੰਗਿਆਂ ਕੀਤਾ ਜੋ ਉਸਨੂੰ ਫੜਣ ਦੇ ਲਈ ਆਇਆ ਸੀ। ਯਿਸੂ ਨੇ ਆਪਣੇ ਚਮਤਕਾਰਾਂ ਦੇ ਦੁਆਰਾ ਲੋੜਵੰਦਾਂ ਦੀ ਸਹਾਇਤਾ ਕੀਤੀ।
ਪਾਸਬਾਨਾਂ ਅਤੇ ਕਲੀਸਿਆਈ ਆਗੂਆਂ ਦੇ ਤੌਰ ਤੇ ਆਪਣੇ ਫੈਸਲਿਆਂ ਨੂੰ ਤਰਕਸ਼ੀਲ ਬਣਾ ਕੇ ਅਸੀਂ ਉਨ੍ਹਾਂ ਦੀ ਸਹਾਇਤਾ ਕਰਨ ਦਾ ਫੈਸਲਾ ਲੈ ਸਕਦੇ ਹਾਂ ਜੋ ਸਾਡੀ ਸਹਾਇਤਾ ਕਰ ਸਕਦੇ ਹਨ। ਜਦੋਂ ਅਸੀਂ ਗ਼ਰੀਬਾਂ ਦੀ ਬਜਾਏ ਜਿਆਦਾ ਸਮਾਂ ਧਨੀ ਲੋਕਾਂ ਦੇ ਨਾਲ ਬਿਤਾਉਂਦੇ ਹਾਂ, ਤਾਂ ਅਸੀਂ ਕਹਿ ਸਕਦੇ ਹਾਂ, “ਵਿਉਪਾਰੀ ਲੋਕ ਕਲੀਸਿਆ ਦੀ ਸੇਵਕਾਈ ਦਾ ਸਮਰਥਨ ਕਰ ਸਕਦੇ ਹਨ।” ਜਦੋਂ ਅਸੀਂ ਕਿਸੇ ਵਿਧਵਾ ਦੇ ਕੋਲ ਜਾਣ ਦੀ ਬਜਾਏ ਕਿਸੇ ਪ੍ਰਭਾਵਸ਼ਾਲੀ ਅਧਿਕਾਰੀ ਦੇ ਕੋਲ ਚਲੇ ਜਾਂਦੇ ਹਾਂ ਤਾਂ ਅਸੀਂ ਬਹਾਨਾ ਲਗਾ ਸਕਦੇ ਹਾਂ, “ਉਹ ਇੱਕ ਪ੍ਰਭਾਵਸ਼ਾਲੀ ਵਿਅਕਤੀ ਹੈ ਉਹ ਪਰਮੇਸ਼ੁਰ ਦੇ ਕੰਮ ਦੇ ਵਿੱਚ ਸਹਾਇਤਾ ਕਰ ਸਕਦਾ ਹੈ।” ਯਿਸੂ ਨੇ ਅਜਿਹਾ ਕਦੇ ਨਹੀਂ ਕੀਤਾ। ਜੇਕਰ ਅਸੀਂ ਯਿਸੂ ਦੀ ਤਰ੍ਹਾਂ ਸੇਵਕਾਈ ਕਰਨਾ ਚਾਹੁੰਦੇ ਹੋ, ਤਾਂ ਸਾਨੂੰ ਯਿਸੂ ਦੀ ਤਰ੍ਹਾਂ ਸੇਵਕ ਬਣਨਾ ਚਾਹੀਦਾ ਹੈ। ਉਸੇ ਦੀ ਤਰ੍ਹਾਂ, ਸਾਨੂੰ ਸੇਵਾ ਕਰਵਾਉਣ ਦੀ ਨਹੀਂ ਸਗੋਂ ਸੇਵਾ ਕਰਨ ਦੀ ਭਾਲ ਕਰਨੀ ਚਾਹੀਦੀ ਹੈ (ਮੱਤੀ 20:28)। ਪੌਲੁਸ ਨੇ ਲਿਖਿਆ, “ਕਿਉਂ ਜੋ ਅਸੀਂ ਆਪਣਾ ਨਹੀਂ ਸਗੋਂ ਮਸੀਹ ਯਿਸੂ ਦਾ ਪਰਚਾਰ ਕਰਦੇ ਹਾਂ ਭਈ ਉਹ ਪ੍ਰਭੁ ਹੈ ਅਤੇ ਅਸੀਂ ਆਪ ਯਿਸੂ ਦੇ ਨਮਿੱਤ ਤੁਹਾਡੇ ਦਾਸ ਹਾਂ” (2 ਕੁਰਿੰਥੀਆਂ 4:5)।
ਕੁਝ ਪਾਸਬਾਨ ਮਹਿਸੂਸ ਕਰਦੇ ਹਨ, “ਮੇਰੇ ਕੋਲ ਚੰਗੀ ਸਿੱਖਿਆ ਹੈ। ਮੈਂ ਆਪਣੀ ਕਲੀਸਿਆ ਦੇ ਵਿੱਚ ਕਿਸੇ ਕਿਸਾਨ ਦਾ ਸੇਵਕ ਨਹੀਂ ਹਾਂ!” ਪੌਲੁਸ ਨੇ ਅਜਿਹਾ ਕਦੇ ਮਹਿਸੂਸ ਨਹੀਂ ਕੀਤਾ। ਪੌਲੁਸ ਦੇ ਕੋਲ ਸਭ ਤੋਂ ਬਿਹਤਰ ਸਿੱਖਿਆ ਸੀ, ਪਰ ਉਹ ਮਸੀਹ ਦੇ ਕਾਰਨ ਕੁਰਿੰਥੀਆਂ ਦੇ ਲਈ ਇੱਕ ਦਾਸ ਬਣ ਗਿਆ। ਉਹ ਕਹਿ ਸਕਦਾ ਸੀ, “ਮੇਰੀ ਸਿੱਖਿਆ ਵੱਲ ਵੇਖੋ; ਮੈਂ ਯਹੂਦੀ ਸਾਹਿਤ, ਯੂਨਾਨੀ ਫਲਸਫੇ ਅਤੇ ਮਸੀਹੀ ਧਰਮ ਸ਼ਾਸਤਰ ਦੇ ਵਿੱਚ ਸਿਖਲਾਈ ਪ੍ਰਾਪਤ ਕੀਤੀ ਹੈ। ਮੈਂ ਮਹਾਂ-ਸਭਾ, ਯੂਨਾਨੀ ਉੱਚ-ਅਦਾਲਤ ਅਤੇ ਰੋਮੀ ਅਦਾਲਤ ਦੇ ਵਿੱਚ ਬੋਲ ਸਕਦਾ ਹਾਂ। ਇਸਦੀ ਬਜਾਏ ਉਸਨੇ ਕਿਹਾ, “ਮੈਂ ਆਪਣੇ ਸੁਆਮੀ ਯਿਸੂ ਦੀ ਖਾਤਿਰ ਕੁਰਿੰਥੁਸ ਦੇ ਸਭ ਤੋਂ ਘੱਟ ਪੜੇ ਲਿਖੇ ਵਿਅਕਤੀ ਦਾ ਵੀ ਦਾਸ ਹਾਂ।”
ਜੇਕਰ ਅਸੀਂ ਯਿਸੂ ਦੀ ਤਰ੍ਹਾਂ ਸੇਵਕਾਈ ਕਰਨੀ ਚਾਹੁੰਦੇ ਹਾਂ, ਤਾਂ ਸਾਡੇ ਕੋਲ ਇੱਕ ਦਾਸ ਜਿਹੀ ਹਲੀਮੀ ਹੋਣੀ ਚਾਹੀਦੀ ਹੈ। ਸੇਵਕਾਂ ਦੇ ਰੂਪ ਵਿੱਚ, ਸਾਡੀ ਜੀਵਨ ਸ਼ੈਲੀ ਕਿਸੇ ਰਾਜਪਾਲ ਦੀ ਤਰ੍ਹਾਂ ਸ਼ਾਹੀ ਨਹੀਂ ਹੋਣੀ ਚਾਹੀਦੀ। ਜੇਕਰ ਅਸੀਂ ਯਿਸੂ ਦੀ ਤਰ੍ਹਾਂ ਪਿਆਰ ਕਰਨਾ ਚਾਹੁੰਦੇ ਹਾਂ, ਤਾਂ ਸਾਨੂੰ ਹਲੀਮ ਸੇਵਕ ਬਣਨਾ ਚਾਹੀਦਾ ਹੈ।
ਯਿਸੂ ਨੇ ਆਪਣੇ ਦੁਸ਼ਮਣਾਂ ਦੇ ਉੱਤੇ ਦਯਾ ਕਰ ਕਰਕੇ ਪਿਆਰ ਵਿਖਾਇਆ
► ਪੜ੍ਹੋ ਮੱਤੀ 5:43-48
ਯਿਸੂ ਨੇ ਆਪਣੇ ਪੈਰੋਕਾਰਾਂ ਨੂੰ ਸਿਖਾਇਆ ਕਿ ਉਹ ਆਪਣੇ ਸਵਰਗੀ ਪਿਤਾ ਦੀ ਤਰ੍ਹਾਂ ਸੰਪੂਰਨ ਹੋਣ ਇਸਦਾ ਅਰਥ ਹੈ ਉਸ ਪ੍ਰਕਾਰ ਪਿਆਰ ਕਰਨਾ ਜਿਵੇਂ ਸਵਰਗੀ ਪਿਤਾ ਕਰਦਾ ਹੈ। ਇਸਦਾ ਅਰਥ ਹੈ ਆਪਣੇ ਦੁਸ਼ਮਣਾਂ ਦੇ ਨਾਲ ਪਿਆਰ ਕਰਨਾ ਅਤੇ ਆਪਣੇ ਸਤਾਉਣ ਵਾਲਿਆਂ ਦੇ ਲਈ ਪ੍ਰਾਥਨਾ ਕਰਨਾ। ਜਦੋਂ ਤੁਸੀਂ ਇਸ ਪ੍ਰਕਾਰ ਦਾ ਪਿਆਰ ਵਿਖਾਉਗੇ ਤਾਂ ਸੰਸਾਰ ਜਾਣੇਗਾ ਕਿ ਤੁਸੀਂ ਆਪਣੇ ਸਵਰਗੀ ਪਿਤਾ ਦੀ ਸੰਤਾਨ ਹੋ।
ਯਿਸੂ ਦੇ ਪਹਾੜੀ ਉਪਦੇਸ਼ ਦਾ ਪ੍ਰਚਾਰ ਕਰਨ ਤੋਂ 200 ਸਾਲ ਪਹਿਲਾਂ, ਇੱਕ ਯਹੂਦੀ ਗ੍ਰੰਥੀ ਨੇ ਸਿੱਖਿਆਵਾਂ ਦੇ ਇੱਕ ਸੰਗ੍ਰਿਹ ਨੂੰ ਲਿਖਿਆ ਜਿਸਨੂੰ ਸਿਰਾਕ ਕਿਹਾ ਜਾਂਦਾ ਹੈ। ਧਿਆਨ ਦਿਉ ਕਿ ਉਸਨੇ ਆਪਣੇ ਲੋਕਾਂ ਨੂੰ ਸਹਾਇਤਾ ਦੀ ਯੋਗਤਾ ਨਾ ਰੱਖਣ ਵਾਲਿਆਂ ਦੇ ਨਾਲ ਕਿਵੇਂ ਵਿਵਹਾਰ ਕਰਨਾ ਸਿਖਾਇਆ:[4]
ਜਦੋਂ ਤੁਸੀਂ ਕੋਈ ਭਲਾ ਕੰਮ ਕਰੋ ਤਾਂ ਇਸ ਗੱਲ ਨੂੰ ਪੱਕਿਆਂ ਕਰੋ ਕਿ ਇਸਦਾ ਲਾਭ ਕਿਸਨੂੰ ਮਿਲ ਰਿਹਾ ਹੈ; ਅਜਿਹਾ ਕਰਨ ਦੇ ਨਾਲ ਤੁਹਾਡਾ ਕੰਮ ਬਰਬਾਦ ਨਹੀਂ ਹੋਵੇਗਾ।
ਹਲੀਮ ਲੋਕਾਂ ਦਾ ਭਲਾ ਕਰੋ, ਪਰ ਅਜਿਹੇ ਲੋਕਾਂ ਨੂੰ ਕੁਝ ਨਾ ਦਿਉ ਜੋ ਭਗਤ ਨਹੀਂ ਹਨ।
ਅਜਿਹੇ ਲੋਕਾਂ ਨੂੰ ਖਾਣਾ ਨਾ ਦਿਉ, ਨਹੀਂ ਤਾਂ ਉਹ ਤੁਹਾਡੀ ਦਯਾ ਨੂੰ ਤੁਹਾਡੇ ਹੀ ਵਿਰੁੱਧ ਉਪਯੋਗ ਕਰਨਗੇ। ਜੋ ਵੀ ਭਲਾ ਕੰਮ ਤੁਸੀਂ ਅਜਿਹੇ ਲੋਕਾਂ ਦੇ ਲਈ ਕਰੋਗੇ ਅਜਿਹੇ ਲੋਕ ਉਸਦੀ ਦੁਗਣੀ ਮੁਸੀਬਤ ਤੁਹਾਡੇ ਤੇ ਲਿਆਉਣਗੇ।
ਮਹਾਂ-ਪ੍ਰਤਾਪੀ ਆਪ ਪਾਪੀਆਂ ਨਾਲ ਨਫ਼ਰਤ ਕਰਦਾ ਹੈ, ਉਹ ਉਨ੍ਹਾਂ ਨੂੰ ਸਜ਼ਾ ਦੇਵੇਗਾ।
ਚੰਗੇ ਲੋਕਾਂ ਨੂੰ ਚੰਗਾ ਦਿਓ, ਪਰ ਪਾਪੀਆਂ ਦੀ ਸਹਾਇਤਾ ਨਾ ਕਰੋ।
ਯਿਸੂ ਦੇ ਦਿਨਾਂ ਵਿੱਚ ਬੈਨ ਸੀਰਾ ਦੀਆਂ ਲਿਖਤਾਂ ਨੂੰ ਯਹੂਦੀਆਂ ਦੇ ਦੁਆਰਾ ਧਰਮ ਸ਼ਾਸਤਰ ਮੰਨਿਆ ਜਾਂਦਾ ਸੀ। ਜਦੋਂ ਯਿਸੂ ਨੇ ਕਿਹਾ, “ਤੁਸਾਂ ਸੁਣਿਆਂ ਹੈ ਜੋ ਇਹ ਕਿਹਾ ਗਿਆ ਸੀ ਕਿ ਤੂੰ ਆਪਣੇ ਗੁਆਂਢੀ ਨਾਲ ਪਿਆਰ ਕਰ ਅਤੇ ਆਪਣੇ ਵੈਰੀ ਨਾਲ ਵੈਰ ਰੱਖ,” (ਮੱਤੀ 5:43) ਸ਼ਾਇਦ ਉਸਨੇ ਇਸੇ ਲਿਖਤ ਦਾ ਹਵਾਲਾ ਦਿੱਤਾ ਹੋਵੇਗਾ। ਸਿਰਾਕ ਕਹਿੰਦਾ ਸੀ, “ਭਲਿਆਈ ਸਿਰਫ਼ ਧਰਮੀਆਂ ਦੇ ਲਈ ਕਰੋ। ਆਪਣੇ ਭਲੇ ਕੰਮ ਦੁਸ਼ਟਾਂ ਤੇ ਬਰਬਾਦ ਨਾ ਕਰੋ।”
► ਹੁਣ ਮੱਤੀ 5:43-48 ਨੂੰ ਦੁਬਾਰਾ ਪੜ੍ਹੋ। ਕੀ ਤੁਸੀਂ ਵੇਖ ਸਕਦੇ ਹੋ ਕਿ ਯਿਸੂ ਦੀ ਸਿੱਖਿਆ ਨੇ ਲੋਕਾਂ ਨੂੰ ਹੈਰਾਨ ਕਿਉਂ ਕੀਤਾ?
ਪੁਰਾਣੇ ਨੇਮ ਦੇ ਵਿੱਚ ਪਰਮੇਸ਼ੁਰ ਨੇ ਲੋਕਾਂ ਨੂੰ ਆਪਣੇ ਦੁਸ਼ਮਣਾਂ ਦੇ ਨਾਲ ਪਿਆਰ ਕਰਨਾ ਸਿਖਾਇਆ। ਇਹ ਨਵੀਂ ਗੱਲ ਨਹੀਂ ਸੀ। ਇੱਥੇ ਇੱਕ ਪ੍ਰੀਖਿਆ ਦਾ ਪ੍ਰਸ਼ਨ ਹੈ ਜੋ ਪੁਰਾਣੇ ਨੇਮ ਦੀ ਇੱਕ ਕਲਾਸ ਦੇ ਵਿੱਚ ਇੱਕ ਕਾਲਜ਼ ਪ੍ਰੋਫੈਸਰ ਨੇ ਆਪਣੇ ਵਿਦਿਆਰਥੀਆਂ ਨੂੰ ਦਿੱਤਾ।
ਤੁਹਾਡਾ ਗੁਆਂਢੀ ਕਲੀਸਿਆ ਦਾ ਦੁਸ਼ਮਣ ਹੈ। ਜਦੋਂ ਤੁਸੀਂ ਲੰਘਦੇ ਹੋ , ਉਹ ਗਾਲਾਂ ਕੱਢਦਾ ਹੈ। ਉਹ ਤੁਹਾਨੂੰ ਧੋਖਾ ਦੇਣ ਦਾ ਯਤਨ ਕਰਦਾ ਹੈ ਅਤੇ ਇੱਥੋਂ ਤੱਕ ਕਿ ਤੁਹਾਡੇ ਪਸ਼ੂਆਂ ਨੂੰ ਚੋਰੀ ਕਰਦਾ ਹੈ। ਇੱਕ ਤੂਫਾਨੀ ਮੀਂਹ ਵਾਲੇ ਦਿਨ ਤੁਸੀਂ ਵੇਖਦੇ ਹੋ ਕਿ ਤੁਹਾਡੇ ਗੁਆਂਢੀ ਦੀ ਗਾਂ ਖੁੱਲ੍ਹ ਗਈ ਹੈ ਅਤੇ ਭੱਜ ਰਹੀ ਹੈ। ਤੁਹਾਡੀ ਤੁਹਾਡੇ ਗੁਆਂਢੀ ਦੇ ਪ੍ਰਤੀ ਕੀ ਜਿੰਮੇਵਾਰੀ ਹੈ ?
1. ਕੀ ਤੁਸੀਂ ਇੱਕ ਸੋਟਾ ਲੈ ਕੇ ਉਸਨੂੰ ਹੋਰ ਅੱਗੇ ਭਜਾ ਦੇਵੋਗੇ?
ਵਿਦਿਆਰਥੀ ਜਾਣਦੇ ਸਨ ਕੀ ਇਹ ਉੱਤਰ ਨਹੀਂ ਹੈ!
2. ਤੁਸੀਂ ਇਸਨੂੰ ਨਜ਼ਰਅੰਦਾਜ ਕਰ ਦਿੰਦੇ ਹੋ ਅਤੇ ਕਹਿੰਦੇ ਹੋ, “ਇਹ ਮੇਰੀ ਸਮੱਸਿਆ ਨਹੀਂ ਹੈ?”
ਬਹੁਤ ਸਾਰੇ ਵਿਦਿਆਰਥੀਆਂ ਦੇ ਇਹ ਵਿਕਲਪ ਚੁਣਿਆ। ਉਨ੍ਹਾਂ ਨੇ ਕਿਹਾ, “ ਇਹ ਗੁਆਂਢੀ ਦੀ ਗਾਂ ਹੈ, ਮੇਰੀ ਗਾਂ ਨਹੀਂ ਹੈ। ਮੈਂ ਆਪਣੇ ਕੰਮ ਤੇ ਧਿਆਨ ਦਿੰਦਾ ਹਾ, ਇਸਦੇ ਇਲਾਵਾ, ਮੇਰਾ ਗੁਆਂਢੀ ਮੈਨੂੰ ਪਸੰਦ ਵੀ ਨਹੀਂ ਕਰਦਾ; ਉਹ ਮੇਰੀ ਸਹਾਇਤਾ ਦੀ ਸ਼ਲਾਘਾ ਨਹੀਂ ਕਰੇਗਾ।”
3. ਕੀ ਤੁਸੀਂ ਕੂਚ 23:4 ਦੀ ਆਗਿਆਕਾਰੀ ਕਰਦੇ ਹੋ? “ਜਦ ਤੂੰ ਆਪਣੇ ਵੈਰੀ ਦੇ ਬਲਦ ਅਥਵਾ ਖੋਤੇ ਨੂੰ ਖੁੱਲ੍ਹਾ ਫਿਰਦਾ ਵੇਖੇਂ ਤਾਂ ਤੂੰ ਜਰੂਰ ਉਹ ਉਸ ਨੂੰ ਮੋੜ ਦੇਹ।”
ਪੁਰਾਣੇ ਨੇਮ ਦੇ ਵਿੱਚ ਵੀ ਪਰਮੇਸ਼ੁਰ ਦੇ ਲੋਕਾਂ ਨੂੰ ਆਪਣੇ ਦੁਸ਼ਮਣਾਂ ਦੇ ਨਾਲ ਪਿਆਰ ਕਰਨ ਦੇ ਲਈ ਬੁਲਾਇਆ ਗਿਆ ਸੀ। ਯਿਸੂ ਦੇ ਦਿਨਾਂ ਵਿੱਚ ਲੋਕ ਕੂਚ 23 ਦਾ ਘੱਟ ਅਤੇ ਸਿਰਾਕ ਦਾ ਜਿਆਦਾ ਹਵਾਲਾ ਦੇਣ ਦੀ ਸੰਭਾਵਨਾ ਦੇ ਵਿੱਚ ਸਨ। ਉਨ੍ਹਾਂ ਨੂੰ ਅਜਿਹੀ ਸਿੱਖਿਆ ਪਸੰਦ ਸੀ ਜਿਸ ਵਿੱਚ ਉਹ ਆਪਣੇ ਗੁਆਂਢੀਆਂ ਦੇ ਨਾਲ ਪਿਆਰ ਕਰ ਸਕਣ ਅਤੇ ਆਪਣੇ ਦੁਸ਼ਮਣਾਂ ਦੇ ਨਾਲ ਨਫ਼ਰਤ ਕਰ ਸਕਣ! ਯਿਸੂ ਨੇ ਕਿਹਾ, “ਤੁਹਾਨੂੰ ਆਪਣੇ ਦੁਸ਼ਮਣਾਂ ਦੇ ਨਾਲ ਪਿਆਰ ਕਰਨਾ ਚਾਹੀਦਾ ਹੈ ਕਿਉਂਕਿ ਤੁਹਾਡਾ ਸਵਰਗੀ ਪਿਤਾ ਭਲਿਆਂ ਅਤੇ ਬੁਰਿਆਂ ਦੋਨਾਂ ਨੂੰ ਪਿਆਰ ਕਰਦਾ ਹੈ।”
ਇਹ ਅਸਲ ਜੀਵਨ ਵਿੱਚ ਕਿਵੇਂ ਵਿਖਾਈ ਦਿੰਦਾ ਹੈ? ਆਪਣੀ ਸੇਵਕਾਈ ਦੇ ਵਿੱਚ ਅਜਿਹੇ ਹਲਾਤਾਂ ਦੀ ਕਲਪਨਾ ਕਰੋ:
ਜਨਤਕ ਤੌਰ 'ਤੇ ਤੁਹਾਡਾ ਵਿਰੋਧ ਕਰਨ ਵਾਲੇ ਲੋਕਾਂ ਦਾ ਇੱਕ ਸਮੂਹ ਜੋ ਤੁਹਾਡੇ ਬਹੁਤ ਸਾਰੇ ਵਿਸ਼ਵਾਸਾਂ ਨੂੰ ਸਾਂਝਾ ਕਰਨ ਵਾਲਾ ਦਿਸ਼ਦਾ ਹੈ। ਉਹ ਤੁਹਾਡੇ ਤੋਂ ਅਜਿਹੇ ਪ੍ਰਸ਼ਨ ਪੁੱਛਦੇ ਹਨ ਜਿੰਨਾਂ ਨਾਲ ਉਹ ਤੁਹਾਨੂੰ ਫਸਾ ਸਕਣ; ਉਹ ਤੁਹਾਡੀ ਕਲੀਸਿਆ ਦੇ ਲੋਕਾਂ ਨੂੰ ਕਹਿੰਦੇ ਹਨ ਕਿ ਤੁਸੀਂ ਝੂਠੇ ਸਿੱਖਿਅਕ ਹੋ; ਉਹ ਉਮੀਦ ਕਰਦੇ ਹਨ ਕਿ ਤੁਸੀਂ ਕੁਝਾ ਅਜਿਹਾ ਕਰੋਗੇ ਜਿਸ ਕਾਰਨ ਤੁਸੀਂ ਆਪਣੇ ਮੈਂਬਰਾਂ ਦੇ ਵਿੱਚ ਮੁਸੀਬਤ ਵਿੱਚ ਪੈ ਜਾਓ। ਤੁਸੀਂ ਉਨ੍ਹਾਂ ਦੇ ਨਾਲ ਕਿਵੇਂ ਵਿਵਹਾਰ ਕਰੋਗੇ?
1. ਉਨ੍ਹਾਂ ਨੂੰ ਭਜਾ ਦਿੰਦੇ ਹੋ ਅਤੇ ਉਨ੍ਹਾਂ ਨੂੰ ਕਦੇ ਵਾਪਿਸ ਨਾ ਆਉਣ ਲਈ ਕਹਿੰਦੇ ਹੋ?
2. ਉਨ੍ਹਾਂ ਦੇ ਨਾਲ ਉਸੇ ਪ੍ਰਕਾਰ ਵਿਵਹਾਰ ਕਰਦੇ ਹੋ ਜਿਵੇਂ ਉਨ੍ਹਾਂ ਨੇ ਤੁਹਾਡੇ ਨਾਲ ਕੀਤਾ?
3. ਉਨ੍ਹਾਂ ਦੀਆਂ ਗ਼ਲਤੀਆਂ ਦੇ ਪ੍ਰਤੀ ਸੱਚੇ ਰਹਿੰਦੇ ਹੋ, ਪਰ ਉਨ੍ਹਾਂ ਨੂੰ ਪਿਆਰ ਦੇ ਨਾਲ ਉੱਤਰ ਦਿੰਦੇ ਹੋ?
ਫ਼ਰੀਸੀਆਂ ਨੇ ਹਰ ਤਰੀਕੇ ਦੇ ਨਾਲ ਯਿਸੂ ਦਾ ਵਿਰੋਧ ਕਰਨ ਦਾ ਯਤਨ ਕੀਤਾ। ਉਹ ਉਨ੍ਹਾਂ ਦੀਆਂ ਗ਼ਲਤੀਆਂ ਦੇ ਪ੍ਰਤੀ ਸੱਚਾ ਸੀ; ਪਰ ਉਹ ਸਦਾ ਉਨ੍ਹਾਂ ਦੇ ਨਾਲ ਪਿਆਰ ਵਾਲਾ ਵਿਵਹਾਰ ਕਰਦਾ ਸੀ।
ਜੇਕਰ ਅਸੀਂ ਯਿਸੂ ਦੀ ਤਰ੍ਹਾਂ ਸੇਵਕਾਈ ਕਰਨੀ ਚਾਹੁੰਦੇ ਹਾਂ, ਤਾਂ ਸਾਨੂੰ ਜਰੂਰ ਹੀ ਆਪਣੇ ਦੁਸ਼ਮਣਾਂ ਦੇ ਨਾਲ ਪਿਆਰ ਕਰਨਾ ਚਾਹੀਦਾ ਹੈ। ਇਹ ਯਿਸੂ ਦੀ ਇੱਕ ਸਭ ਤੋਂ ਜਿਆਦਾ ਮੰਗ ਕਰਨ ਵਾਲੀ ਸਿੱਖਿਆ ਹੈ। ਜੋ ਸਾਨੂੰ ਧੋਖਾ ਦਿੰਦਾ ਹੈ, ਜੋ ਸਾਡੇ ਸੰਦੇਸ਼ ਤੋਂ ਮੁੜ ਜਾਂਦਾ ਹੈ, ਜੋ ਸਾਨੂੰ ਸਤਾਉਂਦਾ ਹੈ, ਸਾਨੂੰ ਅਜਿਹੇ ਸਭ ਲੋਕਾਂ ਦੇ ਲਈ ਪਿਆਰ ਵਿਖਾਉਣਾ ਚਾਹੀਦਾ ਹੈ।
[1] ਇਹ ਕਹਾਉਤਾਂ ਦੀ ਕਿਤਾਬ ਵਿੱਚ ਦੱਸਿਆ ਹੋਇਆ ਹੈ। ਇਸਤਰੀ ਬੁੱਧ “ਭੋਲਿਆਂ” ਨੂੰ ਸੱਦਾ ਦਿੰਦੀ ਹੈ ਕਿ ਉਹ ਉਸਦੀ ਮੇਜ਼ ਤੇ ਖਾਣ (ਕਹਾਉਤਾਂ 9:1-6)। ਇਸਤਰੀ ਬੁੱਧ ਦੇ ਨਾਲ ਸੰਬੰਧ ਦੇ ਦੁਆਰਾ ਭੋਲੇ ਬੁੱਧਵਾਨ ਬਣ ਜਾਣਗੇ।
[2] “ਇਹ ਦ੍ਰਿਸ਼ਟਾਂਤ ਵਿਖਾਉਂਦੇ ਹਨ ਕਿ ਸ਼ੁਭਸਮਾਚਾਰ ਉਨ੍ਹਾਂ ਦੇ ਲਈ ਨਹੀਂ ਹੈ ਜਿੰਨ੍ਹਾਂ ਦਾ ਸਭ ਕੁਝ ਠੀਕ ਹੈ। ਸ਼ੁਭਸਮਾਚਾਰ ਉਨ੍ਹਾਂ ਦੇ ਲਈ ਹੈ ਜੋ ਜਾਣਦੇ ਹਨ ਕਿ ਉਨ੍ਹਾਂ ਦਾ ਸਭ ਕੁਝ ਠੀਕ ਨਹੀਂ ਹੈ।” -ਸਮੂਏਲ ਲੈਮਰਸਨ
[3] ਲੋਕ ਇਸ ਗੱਲ ਦੀ ਪਰਵਾਹ ਨਹੀਂ ਕਰਦੇ ਕਿ ਤੁਸੀਂ ਕਿੰਨਾ ਜਾਣਦੇ ਹੋ ਜਦੋਂ ਤੱਕ ਉਹ ਇਹ ਨਹੀਂ ਜਾਣਦੇ ਕਿ ਤੁਸੀਂ ਕਿੰਨੀ ਪਰਵਾਹ ਕਰਦੇ ਹੋ” – ਥਿਓਡੋਰ ਰੂਸਵੈਲਟ
[4] ਸਿਰਾਕ 12:1-7,
ਗੁੱਡ ਨਿਊਜ਼ ਅਨੁਵਾਦ
Previous
Next