ਉਸਦਾ ਫੜਿਆ ਜਾਣਾ
► ਪੜ੍ਹੋ ਮੱਤੀ 26:1-5, 14-56.
ਦੁੱਖਾਂ ਦੇ ਹਫ਼ਤੇ ਦੇ ਬੁੱਧਵਾਰ ਵਾਲੇ ਦਿਨ, ਦੋ ਦਿਨ ਦੇ ਬਾਅਦ ਯਿਸੂ ਨੇ ਆਪਣੀ ਮੌਤ ਦੀ ਭਵਿੱਖਬਾਣੀ ਕੀਤੀ। ਮਹਾਂ ਸਭਾ ਪਸਾਹ ਦੇ ਪਰਬ ਤੋਂ ਬਾਅਦ ਭੀੜਾਂ ਦੇ ਚਲੇ ਜਾਣ ਤੋਂ ਯਿਸੂ ਦੇ ਫੜਵਾਏ ਜਾਣ ਦੀ ਯੋਜਨਾ ਬਣਾ ਰਹੀ ਸੀ, ਜੋ ਯਿਸੂ ਦੀ ਭਵਿੱਖਬਾਣੀ ਦੇ ਨੌ ਦਿਨ ਬਾਅਦ ਹੋਣਾ ਸੀ। ਪਰ ਯਹੂਦਾਹ ਨੇ ਆਪਣੇ ਸੁਆਮੀ ਨੂੰ ਧੋਖਾ ਦੇਣ ਦਾ ਪ੍ਰਸਤਾਵ ਰੱਖਿਆ, ਉਨ੍ਹਾਂ ਨੇ ਯਿਸੂ ਦੇ ਇੱਕ ਪੈਰੋਕਾਰ ਦੀ ਸਮਰਥਨ ਨਾਲ ਉਸਨੂੰ ਫੜਣ ਦੀ ਯੋਜਨਾ ਬਣਾਈ।
ਮਹਾਂ ਜਾਜਕਾਂ ਨੂੰ ਯਹੂਦਾਹ ਦੀ ਲੋੜ ਕਿਉਂ ਸੀ? ਉਹ ਯਿਸੂ ਨੂੰ ਉਸ ਸਮੇਂ ਫੜਣਾ ਚਾਹੁੰਦੇ ਸਨ ਜਦੋਂ ਉਹ ਭੀੜ ਨਾਲੋਂ ਅਲੱਗ ਹੋਵੇ। ਕਿਉਂਕਿ ਉਸਦੀ ਪ੍ਰਸਿੱਧੀ ਦੇ ਕਾਰਨ ਜੇਕਰ ਉਹ ਜਨਤਾ ਦੇ ਵਿੱਚ ਉਸਨੂੰ ਫੜਦੇ ਤਾਂ ਦੰਗੇ ਹੋ ਸਕਦੇ ਸਨ।
[1] ਚੇਲ੍ਹਿਆਂ ਦੇ ਨਾਲ ਪਸਾਹ ਦਾ ਭੋਜਨ ਖਾਣ ਦੇ ਬਾਅਦ, ਯਿਸੂ ਗਤਸਮਨੀ ਦੇ ਬਾਗ਼ ਵਿੱਚ ਪ੍ਰਾਥਨਾ ਕਰਨ ਦੇ ਲਈ ਗਿਆ। ਸਲੀਬ ਦੇ ਸਰੀਰਕ ਦੁੱਖਾਂ ਅਤੇ ਪਿਤਾ ਤੋਂ ਅਲੱਗ ਹੋਣ ਦੇ ਆਤਮਿਕ ਦੁੱਖ ਦਾ ਸਾਹਮਣਾ ਕਰਦੇ ਹੋਏ, ਯਿਸੂ ਨੇ ਪ੍ਰਾਥਨਾ ਕੀਤੀ, “ਰੇ ਪਿਤਾ, ਜੇ ਹੋ ਸੱਕੇ ਤਾਂ ਇਹ ਪਿਆਲਾ ਮੈਥੋਂ ਟਲ ਜਾਵੇ ਪਰ ਉਹ ਨਾ ਹੋਵੇ ਜੋ ਮੈਂ ਚਾਹੁੰਦਾ ਹਾਂ ਪਰ ਉਹੋ ਜੋ ਤੂੰ ਚਾਹੁੰਦਾ ਹੈਂ” (ਮੱਤੀ 26:39)। ਬਹੁਤ ਵੱਡੀ ਪ੍ਰੀਖਿਆ ਦੇ ਵਿੱਚ ਵੀ, ਯਿਸੂ ਨੇ ਪਿਤਾ ਦੀ ਮਰਜ਼ੀ ਦੇ ਅੱਗੇ ਸਮਰਪਣ ਕੀਤਾ।
ਉਸ ਰਾਤ ਦੇ ਪਿੱਛਲੇ ਸਮੇਂ, ਯਹੂਦਾਹ ਯਿਸੂ ਨੂੰ ਫੜਵਾਉਣ ਦੇ ਲਈ ਇੱਕ ਵੱਡੀ ਭੀੜ ਦੇ ਨਾਲ ਆਇਆ।[2] ਯਹੂਦਾਹ ਦੁਆਰਾ ਚੁੰਮੇ ਦੇ ਨਾਲ ਯਿਸੂ ਦੀ ਪਹਿਚਾਣ ਕਰਵਾਉਣ ਦੇ ਬਾਅਦ, ਯਿਸੂ ਨੇ ਸਿਪਾਹੀਆਂ ਦੇ ਨਾਲ ਗੱਲ ਕੀਤੀ। “ਸੋ ਜਾਂ ਉਸ ਨੇ ਉਨ੍ਹਾਂ ਨੂੰ ਆਖਿਆ ਮੈਂ ਹੀ ਹਾਂ ਤਾਂ ਓਹ ਪਿਛਾਹਾਂ ਨੂੰ ਹਟ ਗਏ ਅਤੇ ਭੁੰਞੇਂ ਡਿੱਗ ਪਏ” (ਯੂਹੰਨਾ 18:6)। ਸਿਪਾਹੀਆਂ ਦਾ ਇਹ ਵੱਡਾ ਸਮੂਹ ਉਸ ਮਨੁੱਖ ਤੋਂ ਡਰ ਰਿਹਾ ਸੀ ਜਿਸਦੇ ਕੋਲ ਮੌਤ ਤੇ ਉੱਤੇ ਸ਼ਕਤੀ ਸੀ। ਉਸ ਸਮੇਂ ਮੁੱਖ ਕਾਬੂ ਯਿਸੂ ਦਾ ਸੀ, ਨਾ ਕਿ ਉਸਦੇ ਵੈਰੀਆਂ ਦਾ। ਇੱਕ 19ਵੀਂ ਸਦੀ ਦੇ ਪ੍ਰਚਾਰਕ ਓਕਟਾਵਾਈਸ ਵਿਨਸਲਾਅ ਨੇ ਲਿਖਿਆ, “ਯਿਸੂ ਨੂੰ ਮਰਨ ਦੇ ਲਈ ਕਿਸਨੇ ਫੜਵਾਇਆ? ਪੈਸੇ ਦੇ ਲਈ, ਯਹੂਦਾਹ ਨੇ ਨਹੀਂ। ਡਰ ਦੇ ਕਾਰਨ ਪਿਲਾਤੁਸ ਨੇ ਨਹੀਂ। ਜਲਨ ਦੇ ਕਾਰਨ ਯਹੂਦੀਆਂ ਨੇ ਨਹੀਂ। ਇਹ ਪਿਤਾ ਨੇ ਕੀਤਾ, ਪਿਆਰ ਦੇ ਕਾਰਨ![3]
ਪੇਸ਼ੀ
► ਪੜ੍ਹੋ ਮੱਤੀ 26:57-27:26, ਲੂਕਾ 22:54-23:25, ਯੂਹੰਨਾ 18:12-19:16.
ਯਿਸੂ ਦੀਆਂ ਪੇਸ਼ੀਆਂ ਦੇ ਵਿੱਚ ਯਹੂਦੀ ਅਤੇ ਰੋਮੀ ਪੇਸ਼ੀ ਦੋਵੇਂ ਸ਼ਾਮਿਲ ਹਨ। ਯਹੂਦੀ ਕਾਨੂੰਨ ਪ੍ਰਾਚੀਨ ਕਾਨੂੰਨੀ ਪ੍ਰਣਾਲੀਆਂ ਵਿੱਚੋਂ ਸਭ ਤੋਂ ਵੱਧ ਮਨੁੱਖੀ ਸੀ; ਯਹੂਦੀ ਕਾਨੂੰਨ ਨੇ ਜੀਵਨ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਂਦੀ ਸੀ। ਰੋਮੀ ਕਾਨੂੰਨ ਆਪਣੇ ਸਖ਼ਤ ਨਿਯਮਾਂ ਅਤੇ ਵਿਆਪਕਤਾ ਲਈ ਜਾਣਿਆ ਜਾਂਦਾ ਸੀ। ਇਹ ਪ੍ਰਾਚੀਨ ਸੰਸਾਰ ਦੀਆਂ ਦੋ ਸਭ ਤੋਂ ਵਧੀਆ ਕਾਨੂੰਨੀ ਪ੍ਰਣਾਲੀਆਂ ਸਨ, ਪਰ ਉਨ੍ਹਾਂ ਨੇ ਪਾਪੀ ਮਨੁੱਖਾਂ ਨੂੰ ਪਰਮੇਸ਼ੁਰ ਦੇ ਪੁੱਤਰ ਨੂੰ ਮਾਰਨ ਤੋਂ ਨਹੀਂ ਰੋਕਿਆ।
ਯਿਸੂ ਦੇ ਫੜਵਾਏ ਜਾਣ ਦੇ ਕੁਝ ਘੰਟਿਆਂ ਦੇ ਬਾਅਦ, ਯਿਸੂ ਨੂੰ ਛੇ ਕਾਨੂੰਨੀ ਪੇਸ਼ੀਆਂ ਦੇ ਅਧੀਨ ਕੀਤਾ ਗਿਆ। ਇਸ ਵਿੱਚ ਯਹੂਦੀ ਧਾਰਮਿਕ ਪੇਸ਼ੀਆਂ ਅਤੇ ਰੋਮੀ ਸਿਵਲ ਮੁਕੱਦਮੇ ਦੋਵੇਂ ਸ਼ਾਮਲ ਸਨ। ਇਤਿਹਾਸਕਾਰਾਂ ਨੇ ਪ੍ਰਗਟ ਕੀਤਾ ਹੈ ਕਿ ਯਹੂਦੀ ਪੇਸ਼ੀਆਂ ਯਹੂਦੀ ਸ਼ਰਾ ਦੇ ਅਨੁਸਾਰ ਗ਼ੈਰ-ਕਾਨੂੰਨੀ ਸਨ। ਯਿਸੂ ਨੂੰ ਦੋਸ਼ੀ ਕਰਾਰ ਦੇਣ ਦੀ ਕਾਹਲੀ ਦੇ ਵਿੱਚ ਮਹਾਂ-ਸਭਾ ਨੇ ਹੇਠਾਂ ਦੱਸੇ ਕੰਮ ਕੀਤੇ:
ਰਾਤ ਦੇ ਸਮੇਂ ਪੇਸ਼ੀ ਕੀਤੀ ਗਈ (ਗ਼ੈਰ-ਕਾਨੂੰਨੀ)
ਯਿਸੂ ਨੂੰ ਫੜਣ ਤੋਂ ਪਹਿਲਾਂ ਉਸ ਤੇ ਕੋਈ ਰਸਮੀ ਦੋਸ਼ ਨਹੀਂ ਲਗਾਏ ਗਏ (ਗ਼ੈਰ-ਕਾਨੂੰਨੀ)
ਯਿਸੂ ਨੂੰ ਉਸਦੇ ਬਚਾਅ ਪੱਖ ਵਿੱਚ ਗਵਾਹ ਪੇਸ਼ ਕਰਨ ਦੀ ਪ੍ਰਵਾਨਗੀ ਨਹੀਂ ਦਿੱਤੀ (ਗ਼ੈਰ-ਕਾਨੂੰਨੀ)
ਯਹੂਦੀ ਸ਼ਰਾ ਦੇ ਉਲਟ ਪੇਸ਼ੀ ਨੂੰ ਬਹੁਤ ਤੇਜੀ ਦੇ ਨਾਲ ਕੀਤਾ ਗਿਆ (ਗ਼ੈਰ-ਕਾਨੂੰਨੀ)
ਵਿਅੰਗਮਈ ਢੰਗ ਨਾਲ, ਇਹ ਸਭ ਇਸ ਲਈ ਹੋਇਆ ਤਾਂ ਕਿ ਉਹ ਯਿਸੂ ਨੂੰ ਪਸਾਹ ਤੋਂ ਪਹਿਲਾਂ ਸਲੀਬ ਦੇ ਸਕਣ ਅਤੇ ਅਤੇ ਉਸਦੇ ਸਰੀਰ ਨੂੰ ਸਲੀਬ ਤੋਂ ਹਟਾ ਸਕਣ। ਉਨ੍ਹਾਂ ਨੇ ਪਰਮੇਸ਼ੁਰ ਦੇ ਲੇਲੇ ਨੂੰ ਮਾਰ ਦਿੱਤਾ ਤਾਂ ਕਿ ਉਹ ਸਹੀ ਸਮੇਂ ਤੇ ਪਸਾਹ ਦੇ ਲੇਲੇ ਨੂੰ ਖਾਹ ਸਕਣ!
ਪੇਸ਼ੀਆਂ ਦਾ ਘਟਨਾਕ੍ਰਮ
(1) ਅੱਨਾਸ ਦੇ ਸਾਹਮਣੇ ਯਹੂਦੀ ਪੇਸ਼ੀ (ਯੂਹੰਨਾ 18:12-14, 19-23)
ਅੱਨਾਸ ਨੂੰ ਸਾਰੇ ਜੀਵਨ ਦੇ ਲਈ ਮਹਾਂ-ਜਾਜਕ ਨਿਯੁਕਤ ਕੀਤਾ ਗਿਆ ਸੀ। ਹਾਲਾਂਕਿ ਰੋਮੀਆਂ ਨੇ ਅੰਨਾਸ ਦੇ ਸਥਾਨ ਤੇ ਉਸਦੇ ਜਵਾਈ ਕੈਫਾ ਨੂੰ ਮਹਾਂ-ਜਾਜਕ ਬਣਾ ਦਿੱਤਾ ਸੀ ਪਰ ਯਹੂਦੀ ਲੋਕ ਲਗਾਤਾਰ ਅੱਨਾਸ ਨੂੰ “ਮਹਾਂ-ਜਾਜਕ” ਕਹਿੰਦੇ ਰਹੇ। ਅੱਨਾਸ ਦੇ ਸਾਹਮਣੇ ਹੋਈ ਪਹਿਲੀ ਪੇਸ਼ੀ ਅਧਿਕਾਰਕ ਨਹੀਂ ਸੀ। ਇਸਦੇ ਵਿੱਚ ਕੋਈ ਦੋਸ਼ ਜਾਂ ਗਵਾਹ ਨਹੀਂ ਸੀ।
(2) ਮਹਾਂ-ਸਭਾ ਦੇ ਸਾਹਮਣੇ ਯਹੂਦੀ ਪੇਸ਼ੀ (ਮੱਤੀ 26:57-68)
ਮਹਾਂ-ਸਭਾ ਦੇ ਸਾਹਮਣੇ ਪਹਿਲੀ ਰਾਤ 2 ਵਜੇ ਦੇ ਕਰੀਬ ਹੋਈ ਹੋਵੇਗੀ ਹਾਲਾਂਕਿ ਉਹ ਕਿਸੇ ਕਾਨੂੰਨੀ ਪੇਸ਼ੀ ਨੂੰ ਸੂਰਜ ਚੜਣ ਤੋਂ ਪਹਿਲਾਂ ਨਹੀਂ ਕਰ ਸਕਦੇ ਸਨ, ਯਹੂਦੀ ਆਗੂ ਇਹ ਕੰਮ ਤੇਜੀ ਦੇ ਨਾਲ ਕਰਨਾ ਚਾਹੁੰਦੇ ਸਨ। ਭਾਵੇਂਕਿ ਰਸਮੀ ਰਾਤ ਦੀ ਪੇਸ਼ੀ ਗ਼ੈਰ-ਕਾਨੂੰਨੀ ਸੀ, ਪਰ ਮਹਾਂ-ਸਭਾ ਦੇ ਗ਼ੈਰ-ਰਸਮੀ ਪੇਸ਼ੀ ਕੀਤੀ ਜਿਸ ਵਿੱਚ ਯਿਸੂ ਤੇ ਈਸ਼ਵਰ-ਨਿੰਦਾ ਦਾ ਦੋਸ਼ ਲਗਾਇਆ ਗਿਆ ਅਤੇ ਇਹ ਫੈਸਲਾ ਕੀਤਾ ਗਿਆ ਕਿ ਉਹ ਮਾਰੇ ਜਾਣ ਦੇ ਯੋਗ ਹੈ।
(3) ਮਹਾਂ-ਸਭਾ ਦੇ ਅੱਗੇ ਰਸਮੀ ਯਹੂਦੀ ਪੇਸ਼ੀ (ਲੂਕਾ 22:66-71)
ਜਦੋਂ ਦਿਨ ਚੜ੍ਹਿਆ, ਤਾਂ ਮਹਾਂ-ਸਭਾ ਨੇ ਇੱਕ ਰਸਮੀ ਪੇਸ਼ੀ ਕੀਤੀ। ਇਸ ਪੇਸ਼ੀ ਦੇ ਦੌਰਾਨ ਮਹਾਂ-ਸਭਾ ਨੇ ਅਧਿਕਾਰਤ ਤੌਰ ਤੇ ਯਿਸੂ ਤੇ ਈਸ਼ਵਰ ਨਿੰਦਾ ਕਰਨ ਦੋਸ਼ ਲਗਾਇਆ।
(4) ਪਿਲਾਤੁਸ ਦੇ ਸਾਹਮਣੇ ਪਹਿਲੀ ਰੋਮੀ ਪੇਸ਼ੀ (ਲੂਕਾ 23:1-5 , ਯੂਹੰਨਾ 18:28-38)
ਰੋਮ ਨੇ ਮਹਾਂ-ਸਭਾ ਨੂੰ ਅਪਰਾਧੀਆਂ ਨੂੰ ਮਾਰਨ ਦਾ ਅਧਿਕਾਰ ਨਹੀਂ ਦਿੱਤਾ ਸੀ (ਯੂਹੰਨਾ 18:31)। ਪਿਲਾਤੁਸ ਦੁਆਰਾ ਮੌਤ ਦੀ ਸਜਾ ਸੁਣਾਏ ਜਾਣ ਦੇ ਲਈ ਯਹੂਦੀ ਆਗੂਆਂ ਨੇ ਆਪਣੇ ਈਸ਼ਵਰ ਨਿੰਦਾ ਦੇ ਦੋਸ਼ਾਂ ਨੂੰ ਬਦਲ ਕੇ ਬਗ਼ਾਵਤ ਦਾ ਰਾਜਨੀਤਿਕ ਦੋਸ਼ ਲਗਾਇਆ। ਉਨ੍ਹਾਂ ਨੇ ਦੋਸ਼ ਲਗਾਇਆ “ਭਈ ਅਸਾਂ ਇਹ ਨੂੰ ਸਾਡੀ ਕੌਮ ਨੂੰ ਭਰਮਾਉਂਦਿਆਂ ਅਤੇ ਕੈਸਰ ਨੂੰ ਮਾਮਲਾ ਦੇਣ ਤੋਂ ਮਨੇ ਕਰਦਿਆਂ ਅਤੇ ਆਪਣੇ ਆਪ ਨੂੰ ਮਸੀਹ ਪਾਤਸ਼ਾਹ ਕਹਿੰਦਿਆ ਡਿੱਠਾ” (ਲੂਕਾ 23:2)।
ਪਸਾਹ ਦੇ ਪਰਬ ਦੇ ਦੌਰਾਨ, ਯਹੂਦੀ ਲੋਕ ਕਿਸੇ ਰੋਮੀ ਇਮਾਰਤ ਦੇ ਵਿੱਚ ਦਾਖਿਲ ਨਹੀਂ ਹੁੰਦੇ ਸਨ ਤਾਂ ਕਿ ਉਹ ਅਸ਼ੁੱਧ ਹੋ ਕੇ ਪਸਾਹ ਦੇ ਭੋਜਨ ਤੋਂ ਵਾਂਝੇ ਨਾ ਰਹਿ ਜਾਣ। ਕਿਉਂਕਿ ਉਹ ਮਹਿਲ ਵਿੱਚ ਦਾਖਿਲ ਨਹੀਂ ਹੁੰਦੇ ਸਨ, ਇਸ ਲਈ ਪਿਲਾਤੁਸ ਨੇ ਇਸ ਪੇਸ਼ੀ ਨੂੰ ਮਹਿਲ ਦੇ ਬਾਹਰ ਦੇ ਦਰਵਾਜੇ ਕੋਲ ਰੱਖਿਆ।
(5) ਹੇਰੋਦੇਸ ਅੰਤੀਪਾਸ ਦੇ ਸਾਹਮਣੇ ਹੋਈ ਰੋਮੀ ਪੇਸ਼ੀ (ਲੂਕਾ 23:6-12)
ਪਿਲਾਤੁਸ ਜਾਣਦਾ ਸੀ ਕਿ ਯਿਸੂ ਬੇਕਸੂਰ ਹੈ, ਪਰ ਉਹ ਯਹੂਦੀ ਆਗੂਆਂ ਨੂੰ ਕ੍ਰੋਧਿਤ ਨਹੀਂ ਕਰਨਾ ਚਾਹੁੰਦਾ ਸੀ।ਜਦੋਂ ਉਸਨੇ ਸੁਣਿਆ ਕਿ ਯਿਸੂ “ਗਲੀਲ ਤੋਂ ਲੈ ਕੇ ਐਥੋਂ ਤੋੜੀ ਸਾਰੇ ਯਹੂਦਿਯਾ ਵਿੱਚ ਸਿਖਲਾਉਂਦਾ ਹੋਇਆ ਲੋਕਾਂ ਨੂੰ ਚੁੱਕਦਾ ਹੈ” (ਲੂਕਾ 23:5) ਤਾਂ ਪਿਲਾਤੁਸ ਇਸ ਪਰੇਸ਼ਾਨੀ ਤੋਂ ਬਚਣਾ ਚਾਹੁੰਦਾ ਸੀ। ਪਸਾਹ ਦੇ ਹਫ਼ਤੇ ਦੌਰਾਨ, ਹੇਰੋਦੇਸ਼ ਅੰਤੀਪਾਸ, ਗ਼ਲੀਲ ਦਾ ਹਾਕਮ ਯਰੂਸ਼ਲਮ ਦੇ ਵਿੱਚ ਸੀ।[4] ਕਿਉਂਕਿ ਯਿਸੂ ਗ਼ਲੀਲ ਤੋਂ ਸੀ, ਤਾਂ ਪਿਲਾਤੁਸ ਨੇ ਉਮੀਦ ਕੀਤੀ ਉਹ ਇਸ ਮੁਕੱਦਮੇ ਦੇ ਜੱਜ ਵੱਜੋਂ ਭੂਮਿਕਾ ਨਿਭਾਏਗਾ। ਪਿਲਾਤੁਸ ਨੇ ਯਿਸੂ ਨੂੰ ਹੇਰੋਦੇਸ ਦੇ ਕੋਲ ਘੱਲਿਆ, ਪਰ ਹੇਰੋਦੇਸ ਦੇ ਇਸ ਮਸਲੇ ਵਿੱਚ ਪੈਣ ਤੋਂ ਇਨਕਾਰ ਕਰ ਦਿੱਤਾ।
(6) ਪਿਲਾਤੁਸ ਦੇ ਸਾਹਮਣੇ ਅੰਤਿਮ ਰੋਮੀ ਪੇਸ਼ੀ (ਮੱਤੀ 27:15-26 , ਲੂਕਾ 23:13-25 , ਯੂਹੰਨਾ 18:39-19:16)
ਜਦੋਂ ਯਿਸੂ ਪਿਲਾਤੁਸ ਦੀ ਅਦਾਲਤ ਵਿੱਚ ਵਾਪਿਸ ਲਿਆਂਦਾ ਗਿਆ, ਤਾਂ ਉਸਨੇ ਇੱਕ ਹੋਰ ਹੱਲ ਕੱਢਿਆ। ਪਿਲਾਤੁਸ ਜਾਣਦਾ ਸੀ ਕਿ ਯਿਸੂ ਬੇਕਸੂਰ ਸੀ: “ਵੇਖੋ ਮੈਂ ਤੁਹਾਡੇ ਸਾਹਮਣੇ ਪੁੱਛ ਗਿੱਛ ਕੀਤੀ ਅਤੇ ਜਿਹੜੀਆਂ ਗੱਲਾਂ ਦੀ ਤੁਸਾਂ ਇਸ ਉੱਤੇ ਨਾਲਸ਼ ਕੀਤੀ ਹੈ ਮੈਂ ਉਨ੍ਹਾਂ ਦੇ ਵਿਖੇ ਇਸ ਮਨੁੱਖ ਵਿੱਚ ਕੋਈ ਦੋਸ਼ ਨਹੀਂ ਵੇਖਿਆ” (ਲੂਕਾ 23:14)। ਪਿਲਾਤੁਸ ਬੇਕਸੂਰ ਯਿਸੂ ਨੂੰ ਸਜਾ ਨਹੀਂ ਦੇਣੀ ਚਾਹੁੰਦਾ ਸੀ।
ਜਦੋਂ ਆਗੂਆਂ ਨੇ ਉਸਨੂੰ ਕੈਸਰ ਦੇ ਸਾਹਮਣੇ ਉਸਦੇ ਪ੍ਰਤੀ ਵਫ਼ਾਦਾਰ ਨਾ ਹੋਣ ਦਾ ਦੋਸ਼ ਲਗਾਉਣ ਦੀ ਧਮਕੀ ਦਿੱਤੀ, ਤਾਂ ਪਿਲਾਤੁਸ ਨੇ ਉਨ੍ਹਾਂ ਦੀ ਮੰਗ ਪੂਰੀ ਕਰ ਦਿੱਤੀ। ਪਿਲਾਤੁਸ ਇੱਕ ਕਮਜ਼ੋਰ ਹਾਕਮ ਸੀ। ਪਹਿਲਾਂ ਹੋਏ ਇੱਕ ਵਿਵਾਦ ਦੇ ਵਿੱਚ ਪਿਲਾਤੁਸ ਨੇ ਸਿਪਾਹੀਆਂ ਨੂੰ ਸਮਰਾਟ ਦੀ ਮੂਰਤੀ ਦੇ ਨਾਲ ਯਰੂਸ਼ਲਮ ਵਿੱਚ ਦਾਖਿਲ ਹੋਣ ਦੀ ਪ੍ਰਵਾਨਗੀ ਦੇ ਦਿੱਤੀ। ਇੱਕ ਯਹੂਦੀ ਭੀੜ ਨੇ ਪਿਲਾਤੁਸ ਦੇ ਮਹਿਲ ਦੇ ਬਾਹਰ ਪੰਜ ਦਿਨਾਂ ਤੱਕ ਪ੍ਰਦਰਸ਼ਨ ਕੀਤਾ। ਜਦੋਂ ਉਸਨੇ ਪ੍ਰਦਰਸ਼ਨਕਾਰੀਆਂ ਨੂੰ ਮਾਰ ਦੇਣ ਦੀ ਧਮਕੀ ਦਿੱਤੀ, ਤਾਂ ਉਨ੍ਹਾਂ ਨੇ ਘੋਸ਼ਣਾ ਕੀਤੀ ਕਿ ਉਹ ਪਵਿੱਤਰ ਸ਼ਹਿਰ ਦੇ ਵਿੱਚ ਕੈਸਰ ਦੀ ਮੂਰਤੀ ਲਿਆਏ ਜਾਣ ਨੂੰ ਸਹਿਣ ਕਰਨ ਦੀ ਬਜਾਏ ਮਰਨਾ ਪਸੰਦ ਕਰਨਗੇ। ਪਿਲਾਤੁਸ ਨੂੰ ਮਜ਼ਬੂਰੀ ਵੱਸ ਆਪਣਾ ਫੈਸਲਾ ਵਾਪਿਸ ਲੈਣਾ ਪਿਆ।
ਇਸ ਅਨੁਭਵ ਦੇ ਕਾਰਨ, ਪਿਲਾਤੁਸ ਯਹੂਦੀ ਲੋਕਾਂ ਨੂੰ ਡਰਦਾ ਸੀ। ਇਸ ਤੋਂ ਇਲਾਵਾ, ਰੋਮ ਦੇ ਵਿੱਚ ਉਸਦਾ ਉੱਚ ਅਧਿਕਾਰੀ ਸੇਜਾਨੁਸ ਪਿਲਾਤੁਸ ਤੇ ਭਰੋਸਾ ਨਹੀਂ ਕਰਦਾ ਸੀ ਕਿ ਉਹ ਯਹੂਦਿਆ ਦੇ ਲੋਕਾਂ ਨੂੰ ਕਾਬੂ ਵਿੱਚ ਰੱਖ ਸਕਦਾ ਹੈ। ਜਦੋਂ ਆਗੂਆਂ ਨੇ ਧਮਕੀ ਦਿੱਤੀ ਕਿ ਜੇਕਰ ਉਹ ਯਿਸੂ ਨੂੰ ਛੱਡ ਦੇਵੇਗਾ ਤਾਂ ਕੈਸਰ ਦੇ ਵਿਰੁੱਧ ਉਸਦੀ ਸ਼ਿਕਾਇਤ ਕਰਨਗੇ, ਤਾਂ ਪਿਲਾਤੁਸ ਨੇ ਉਸਨੂੰ ਸਲੀਬ ਦੇਣ ਦੇ ਲਈ ਉਨ੍ਹਾਂ ਨੇ ਹਵਾਲੇ ਕਰ ਦਿੱਤਾ (ਯੂਹੰਨਾ 19:16)। ਪਿਲਾਤੁਸ ਨੇ ਯਿਸੂ ਨੂੰ ਇਸ ਲਈ ਸਜਾ ਨਹੀਂ ਦਿੱਤੀ ਕਿ ਉਹ ਉਸਨੂੰ ਦੋਸ਼ੀ ਮੰਨਦਾ ਸੀ, ਪਰ ਉਸਨੇ ਅਜਿਹਾ ਆਪਣੀ ਹੀ ਕਮਜ਼ੋਰੀ ਦੇ ਕਾਰਨ ਕੀਤਾ।
ਪੇਸ਼ੀ ਦੇ ਦੌਰਾਨ, ਪਤਰਸ ਯਿਸੂ ਦਾ ਇਨਕਾਰ ਕਰਦਾ ਹੈ
ਪਸਾਹ ਭੋਜਨ ਦੇ ਦੌਰਾਨ, ਯਿਸੂ ਨੇ ਪਤਰਸ ਨੂੰ ਚੇਤਾਵਨੀ ਦਿੱਤੀ, “ਮੈਂ ਤੈਨੂੰ ਸੱਚ ਆਖਦਾ ਹਾਂ, ਜਿੰਨਾ ਚਿਰ ਤੂੰ ਮੇਰਾ ਤਿੰਨ ਵਾਰੀ ਇਨਕਾਰ ਨਾ ਕਰੇਂ ਕੁੱਕੜ ਬਾਂਗ ਨਾ ਦੇਵੇਗਾ” (ਯੂਹੰਨਾ 13:38)। ਹੁਣ, ਯਿਸੂ ਦੀ ਪੇਸ਼ੀ ਦੇ ਦੌਰਾਨ, ਪਤਰਸ ਤਿੰਨ ਵਾਰ ਯਿਸੂ ਦਾ ਇਨਕਾਰ ਕਰਦਾ ਹੈ।
ਜਿਵੇਂ ਅਸੀਂ ਪਤਰਸ ਦੇ ਸ਼ਰਮਿੰਦਗੀ ਭਰੀ ਗਿਰਾਵਟ ਨੂੰ ਵੇਖਦੇ ਹਾਂ, ਤਾਂ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਇਕੱਲਾ ਪਤਰਸ ਹੀ ਨਹੀਂ ਸੀ ਜਿਸਨੇ ਉਸ ਰਾਤ ਯਿਸੂ ਦਾ ਸਾਥ ਛੱਡ ਦਿੱਤਾ ਸੀ। ਸਿਰਫ਼ ਪਤਰਸ ਅਤੇ ਯੂਹੰਨਾ ਹੀ ਉਸਦੀ ਪੇਸ਼ੀ ਤੇ ਮੌਜੂਦ ਸਨ। ਬਾਕੀ ਦੇ ਚੇਲ੍ਹੇ ਡਰ ਦੇ ਮਾਰੇ ਨੱਸ ਗਏ ਸਨ।
ਸਪੱਸ਼ਟ ਤੌਰ ਤੇ, ਪਤਰਸ ਯਿਸੂ ਨੂੰ ਪਿਆਰ ਕਰਦਾ ਸੀ। ਫਿਰ ਉਹ ਕਿਉਂ ਡਿੱਗ ਗਿਆ? ਪਹਿਲਾਂ ਅਸੀਂ ਯਿਸੂ ਦੀਆਂ ਪ੍ਰੀਖਿਆਵਾਂ ਤੋਂ ਪ੍ਰੀਖਿਆਵਾਂ ਦਾ ਸਾਹਮਣਾ ਕਰਨ ਦੇ ਬਾਰੇ ਪਾਠ ਸਿੱਖੇ ਹਨ। ਅਸੀਂ ਪਤਰਸ ਦੀ ਗਿਰਾਵਟ ਤੋਂ ਉਹ ਚੇਤਾਵਨੀਆਂ ਵੇਖ ਸਕਦੇ ਹਾਂ ਜੋ ਪ੍ਰੀਖਿਆ ਦੇ ਸਮੇਂ ਸਾਡੀ ਸਹਾਇਤਾ ਕਰ ਸਕਦੀਆਂ ਹਨ। ਘੱਟੋ ਘੱਟ ਦੋ ਗੱਲਾਂ ਪਤਰਸ ਦੀ ਗਿਰਾਵਟ ਦਾ ਕਾਰਨ ਬਣੀਆਂ:
(1) ਲੋੜ ਤੋਂ ਵੱਧ ਆਤਮ-ਵਿਸ਼ਵਾਸ
ਜਦੋਂ ਯਿਸੂ ਨੇ ਸ਼ੈਤਾਨ ਦੇ ਹਮਲੇ ਦੀ ਚੇਤਾਵਨੀ ਦਿੱਤੀ, ਪਤਰਸ ਨੇ ਘਮੰਡ ਕੀਤਾ, “ਭਾਵੇਂ ਤੇਰੇ ਨਾਲ ਮੈਨੂੰ ਮਰਨਾ ਭੀ ਪਵੇ ਤਾਂ ਵੀ ਮੈਂ ਤੇਰਾ ਇਨਕਾਰ ਕਦੀ ਨਾ ਕਰਾਂਗਾ” (ਮੱਤੀ 26:35), ਜਦੋਂ ਅਸੀਂ ਲੋੜ ਤੋਂ ਵੱਧ ਆਤਮ-ਵਿਸ਼ਵਾਸ ਦੇ ਨਾਲ ਭਰ ਜਾਂਦੇ ਹਾਂ, ਤਾਂ ਇਸਦੇ ਨਾਲ ਸਾਡੇ ਡਿੱਗ ਜਾਣ ਦਾ ਖ਼ਤਰਾ ਵੱਧ ਜਾਂਦਾ ਹੈ। ਅਸੀਂ ਸਿਰਫ਼ ਪਵਿੱਤਰ ਆਤਮਾ ਦੀ ਸਮਰੱਥਾ ਦੇ ਨਾਲ ਹੀ ਜੇਤੂ ਮਸੀਹੀ ਜੀਵਨ ਜੀ ਸਕਦੇ ਹਾਂ। ਲੋੜ ਤੋਂ ਵੱਧ ਆਤਮ-ਵਿਸ਼ਵਾਸ ਆਤਮਿਕ ਅਸਫਲਤਾ ਦਾ ਪਹਿਲਾ ਕਦਮ ਹੈ।
(2) ਪ੍ਰਾਥਨਾ ਦੀ ਕਮੀ
ਬਾਗ਼ ਦੇ ਵਿੱਚ, ਯਿਸੂ ਨੇ ਚੇਲ੍ਹਿਆਂ ਨੂੰ ਚੇਤਾਵਨੀ ਦਿੱਤੀ, “ਪ੍ਰਾਥਨਾ ਕਰੋ ਤਾਂ ਕਿ ਤੁਸੀਂ ਪਰਤਾਵੇ ਵਿੱਚ ਨਾ ਪਵੋ” (ਲੂਕਾ 22:40)। ਆਉਣ ਵਾਲੇ ਪਰਤਾਵੇ ਦੇ ਲਈ ਪ੍ਰਾਥਨਾ ਦੇ ਦੁਆਰਾ ਸ਼ਕਤੀ ਮੰਗਣ ਦੀ ਬਜਾਏ ਪਤਰਸ ਸੌਂ ਗਿਆ।
ਪ੍ਰਾਥਨਾ ਦੀ ਕਮੀ ਆਤਮਿਕ ਅਸਫਲਤਾ ਦੇ ਵੱਲ ਅਗਵਾਈ ਕਰਦੀ ਹੈ। ਲਗਾਤਾਰ ਚੱਲਣ ਵਾਲੀ ਪ੍ਰਾਥਨਾ ਦੇ ਬਿਨਾਂ ਜੇਤੂ ਮਸੀਹੀ ਜੀਵਨ ਨੂੰ ਬਣਾਈ ਰੱਖਣਾ ਅਸੰਭਵ ਹੈ। ਸ਼ੈਤਾਨ ਅਜਿਹੇ ਮਸੀਹੀ ਸੇਵਕਾਂ ਦੀ ਭਾਲ ਕਰਦਾ ਹੈ ਜੋ ਬਹੁਤ ਸਾਰੇ ਕੰਮਾਂ ਵਿੱਚ ਰੁੱਝੇ ਰਹਿੰਦੇ ਹਨ ਅਤੇ ਪ੍ਰਾਥਨਾ ਦਾ ਸਮਾਂ ਨਹੀਂ ਹੁੰਦਾ। ਉਹ ਜਾਣਦਾ ਹੈ ਕਿ ਜੇਕਰ ਅਸੀਂ ਇੰਨੇ ਰੁੱਝੇ ਹੋਏ ਹਾਂ ਕਿ ਪ੍ਰਾਥਨਾ ਹੀ ਨਹੀਂ ਕਰਦੇ ਤਾਂ ਅਸੀਂ ਜਲਦੀ ਡਿੱਗ ਪਵਾਂਗੇ।
► ਆਪਣੇ ਪੁਰਾਣੇ ਮਸੀਹੀ ਜੀਵਨ ਅਤੇ ਸੇਵਕਾਈ ਵੱਲ ਵੇਖੋ। ਉਨ੍ਹਾਂ ਸਥਾਨਾਂ ਦੇ ਬਾਰੇ ਸੋਚੋ ਜਿੱਥੇ ਤੁਸੀਂ ਪ੍ਰੀਖਿਆ ਦੇ ਵਿੱਚ ਡਿੱਗ ਪਏ, ਜਾਂ ਤੁਸੀਂ ਡਿੱਗਣ ਦੇ ਬਹੁਤ ਕਰੀਬ ਆ ਗਏ। ਕਿਹੜੇ ਤੱਥਾਂ ਦੇ ਉਸ ਗਿਰਾਵਟ ਦੇ ਵਿੱਚ ਯੋਗਦਾਨ ਪਾਇਆ? ਕੀ ਤੁਸੀਂ ਸੇਵਕਾਈ ਦੀ ਸਫਲਤਾ ਦਾ ਅਨੁਭਵ ਕਰ ਰਹੇ ਸੀ ਜਿਸਦੇ ਕਾਰਨ ਤੁਸੀਂ ਆਤਮ-ਵਿਸ਼ਵਾਸ ਵਿੱਚ ਆ ਗਏ? ਕੀ ਤੁਸੀਂ ਬਹੁਤ ਜਿਆਦਾ ਰੁੱਝੇ ਹੋਏ ਸੀ ਅਤੇ ਪ੍ਰਾਥਨਾ ਕਰਨ ਵਿੱਚ ਅਸਫਲ ਰਹੇ? ਕੀ ਕੁਝ ਹੋਰ ਅਜਿਹੇ ਤੱਥ ਹਨ ਜੋ ਭਵਿੱਖ ਦੇ ਲਈ ਚੇਤਾਵਨੀ ਦੇ ਚਿੰਨ੍ਹ ਹੋ ਸਕਦੇ ਹਨ?
ਪੇਸ਼ੀ ਦੇ ਦੌਰਾਨ, ਯਹੂਦਾਹ ਆਤਮਹੱਤਿਆ ਕਰ ਲੈਂਦਾ ਹੈ।
ਪਤਰਸ ਦੇ ਇਨਕਾਰ ਦੇ ਇੱਕ ਦਮ ਬਾਅਦ ਦੇ ਵਿੱਚ ਮੱਤੀ ਸਾਨੂੰ ਯਹੂਦਾਹ ਦੇ ਆਤਮਹੱਤਿਆ ਦੀ ਕਹਾਣੀ ਦੱਸਦਾ ਹੈ। ਉਸਦੇ ਧੋਖੇ ਦੇਣ ਦੇ ਨਤੀਜੇ ਵੇਖ ਕੇ, ਯਹੂਦਾਹ ਨੇ ਆਪਣਾ ਮਨ ਬਦਲ ਲਿਆ ਅਤੇ ਚਾਂਦੀ ਦੇ 30 ਸਿੱਕੇ ਮਹਾਂ-ਜਾਜਕ ਅਤੇ ਬਜ਼ੁਰਗਾਂ ਦੇ ਕੋਲ ਵਾਪਿਸ ਲੈ ਆਇਆ, ਅਤੇ ਕਿਹਾ, “ਮੈਂ ਪਾਪ ਕੀਤਾ ਜੋ ਨਿਰਦੋਸ਼ ਜਿੰਦ ਨੂੰ ਫੜਵਾ ਦਿੱਤਾ” (ਮੱਤੀ 27:3-4)। ਯਹੂਦਾਹ ਨੇ ਉਸ ਚਾਂਦੀ ਨੂੰ ਸੁੱਟ ਦਿੱਤਾ ਜੋ ਉਸਦੇ ਧੋਖਾ ਦੇਣ ਦੇ ਲਈ ਉਸਨੂੰ ਦਿੱਤੀ ਗਈ ਸੀ ਅਤੇ ਜਾ ਕੇ ਫਾਹਾ ਲੈ ਲਿਆ (ਮੱਤੀ 27:5)। ਯਹੂਦਾਹ ਨੇ ਜੀਵਨ ਭਰ ਦੀ ਦੋਸ਼ ਭਾਵਨਾ ਦੇ ਨਾਲੋਂ ਆਤਮਹੱਤਿਆ ਦੀ ਚੋਣ ਕੀਤੀ।
ਮੱਤੀ ਪਤਰਸ ਦੀ ਤੌਬਾ ਅਤੇ ਯਹੂਦਾਹ ਦੇ ਪਛਤਾਵੇ ਨੂੰ ਨਾਲ-ਨਾਲ ਹੀ ਰੱਖਦਾ ਹੈ। ਪਤਰਸ ਅਤੇ ਯਹੂਦਾਹ ਦੋਵਾਂ ਨੇ ਹੀ ਆਪਣੇ ਕੰਮਾਂ ਦਾ ਪਛਤਾਵਾ ਕੀਤਾ। ਪਰ ਯਹੂਦਾਹ ਦੇ ਲਈ ਮੱਤੀ ਨੇ ਅਜਿਹੇ ਸ਼ਬਦ ਦਾ ਉਪਯੋਗ ਕੀਤਾ ਜੋ ਕਿਸੇ ਦੇ ਮਨ ਦੇ ਬਦਲਣ ਨੂੰ ਦਰਸਾਉਂਦਾ ਹੈ, ਇਹ ਸੱਚੀ ਤੌਬਾ ਦੇ ਲਈ ਵਰਤਿਆ ਜਾਣ ਵਾਲਾ ਆਮ ਸ਼ਬਦ ਨਹੀਂ ਸੀ। ਪਾਪ ਦੇ ਬੋਧ ਦੇ ਪ੍ਰਤੀ ਲੋਕਾਂ ਦੀ ਪ੍ਰਤੀਕਿਰਿਆ ਦਾ ਫ਼ਰਕ ਬਹੁਤ ਮਹੱਤਵਪੂਰਨ ਹੈ।
ਪੌਲੁਸ ਨੇ ਪਛਤਾਵੇ (ਪਾਪ ਦੇ ਨਤੀਜੇ ਦੇ ਦੁੱਖ) ਅਤੇ ਤੌਬਾ (ਪਾਪ ਦੇ ਪ੍ਰਤੀ ਦੁੱਖ ਅਤੇ ਦਿਸ਼ਾ ਦੇ ਵਿੱਚ ਬਦਲਾਅ) ਦੇ ਫ਼ਰਕ ਬਾਰੇ ਲਿਖਿਆ। ਰਸੂਲ ਦੇ ਲਿਖਿਆ: “ਕਿਉਂ ਜੋ ਪਰਮੇਸ਼ੁਰ ਜੋਗ ਉਦਾਸੀ ਮੁਕਤੀ ਲਈ ਅਜਿਹਾ ਤੋਬਾ ਪੈਦਾ ਕਰਦੀ ਹੈ ਜਿਸ ਤੋਂ ਕੋਈ ਨਹੀਂ ਪਛਤਾਉਂਦਾ ਪਰ ਸੰਸਾਰ ਦੀ ਉਦਾਸੀ ਮੌਤ ਨੂੰ ਪੈਦਾ ਕਰਦੀ ਹੈ” (2 ਕੁਰਿੰਥੀਆਂ 7:10)।
ਭਗਤੀ ਵਾਲਾ ਦੁੱਖ ਸੱਚੀ ਤੌਬਾ ਨੂੰ ਲਿਆਉਂਦਾ ਹੈ, ਜੋ ਮੁਕਤੀ ਅਤੇ ਜੀਵਨ ਦੇ ਵੱਲ ਅਗਵਾਈ ਕਰਦਾ ਹੈ। ਸੰਸਾਰਿਕ ਦੁੱਖ ਪਛਤਾਵੇ ਨੂੰ ਲਿਆਉਂਦਾ ਹੈ, ਜੋ ਦੋਸ਼ ਭਾਵਨਾ ਅਤੇ ਮੌਤ ਦੇ ਵੱਲ ਅਗਵਾਈ ਕਰਦਾ ਹੈ। ਪਤਰਸ ਅਤੇ ਯਹੂਦਾਹ ਦੋਵਾਂ ਨੂੰ ਹੀ ਪਛਤਾਵਾ ਹੋਇਆ ਪਰ ਤੌਬਾ ਸਿਰਫ਼ ਪਤਰਸ ਨੇ ਕੀਤੀ।
ਯਹੂਦਾਹ ਨੇ ਆਪਣੀ ਧੋਖੇਬਾਜ਼ੀ ਦਾ ਨਤੀਜਾ ਦੇਖਿਆ ਅਤੇ ਸ਼ਰਮ ਅਤੇ ਦੋਸ਼ ਭਾਵਨਾ ਦੇ ਉੱਤੇ ਮੌਤ ਨੂੰ ਚੁਣਿਆ; ਉਸ ਨੇ ਪਛਤਾਵਾ ਮਹਿਸੂਸ ਕੀਤਾ, ਪਰ ਤੋਬਾ ਨਹੀਂ ਕੀਤੀ। ਪਤਰਸ ਨੇ ਆਪਣੀ ਅਸਫਲਤਾ ਦਾ ਨਤੀਜਾ ਦੇਖਿਆ ਅਤੇ ਉਸਨੇ ਸੱਚੀ ਤੋਬਾ ਦੀ ਚੋਣ ਕੀਤੀ। ਯਹੂਦਾਹ ਦੇ ਪਛਤਾਵੇ ਦਾ ਨਤੀਜਾ ਮੌਤ ਸੀ; ਪਤਰਸ ਦੀ ਤੋਬਾ ਦਾ ਨਤੀਜਾ ਜੀਵਨ ਭਰ ਦੀ ਫਲਦਾਇਕ ਸੇਵਕਾਈ ਸੀ।
► ਕੀ ਤੁਸੀਂ ਅਜਿਹੇ ਲੋਕਾਂ ਨੂੰ ਵੇਖਿਆ ਹੈ ਜਿੰਨਾਂ ਦੇ ਪਾਪ ਦਾ ਪਛਤਾਵਾ ਕੀਤਾ, ਪਰ ਸੱਚੀ ਤੋਬਾ ਨਹੀਂ ਕੀਤੀ? ਇਸਦਾ ਨਤੀਜਾ ਕੀ ਨਿੱਕਲਿਆ? ਅਸੀਂ ਆਪਣੇ ਪ੍ਰਚਾਰ ਦੇ ਵਿੱਚ, ਲੋਕਾਂ ਨੂੰ ਸੱਚੀ ਤੋਬਾ ਦੇ ਸਥਾਨ ਤੱਕ ਕਿਵੇਂ ਲਿਆ ਸਕਦੇ ਹਾਂ?
ਸਲੀਬੀਕਰਨ
► ਪੜ੍ਹੋ ਮੱਤੀ 27:27-54.
ਯਹੂਦਿਆ ਕਿਸੇ ਰੋਮੀ ਸਿਪਾਹੀ ਦੇ ਲਈ ਇੱਕ ਭਿਆਨਕ ਸਥਾਨ ਸੀ। ਲੋਕ ਰੋਮੀ ਸਿਪਾਹੀਆਂ ਦੇ ਨਾਲ ਨਫ਼ਰਤ ਕਰਦੇ ਸਨ, ਕਨਾਨੀ ਲੋਕ ਉਨ੍ਹਾਂ ਨੂੰ ਮਾਰਨ ਦੀਆਂ ਵਿਉਂਤਾਂ ਬਣਾਉਂਦੇ ਸਨ। ਪਸਾਹ ਦੇ ਸਮੇਂ ਦੌਰਾਨ, ਸੈਨਾ ਨੂੰ ਦੰਗਿਆਂ ਦੇ ਪ੍ਰਤੀ ਉਚੇਚੇ ਤੌਰ ਤੇ ਸੁਚੇਤ ਰਹਿਣਾ ਪੈਂਦਾ ਸੀ। ਕਿਸੇ ਸੈਨਿਕ ਦੇ ਲਈ ਇਸ ਨਾਲੋਂ ਬੁਰਾ ਕੰਮ ਹੋਰ ਕੋਈ ਨਹੀਂ ਸੀ। ਜਦੋਂ ਕਿਸੇ ਯਹੂਦੀ ਕੈਦੀ ਨੂੰ ਮੌਤ ਦੀ ਸਜ਼ਾ ਸੁਣਾਈ ਜਾਂਦੀ ਸੀ, ਤਾਂ ਸਿਪਾਹੀ ਆਪਣੀ ਸਾਰੀ ਨਫ਼ਰਤ ਉਸ ਵਿਅਕਤੀ ਦੇ ਕੱਢਦੇ ਸਨ।
ਯਿਸੂ ਦੇ ਨਾਲ ਕੀਤਾ ਗਿਆ ਵਿਵਹਾਰ-ਮਾਰਨਾ, ਮਖੋਲ ਕਰਨਾ, ਕੰਡਿਆਂ ਦਾ ਤਾਜ ਪਾਉਣਾ- ਕਠੋਰ ਸਿਪਾਹੀਆਂ ਦੇ ਜੁਲਮ ਨੂੰ ਦਰਸਾਉਂਦਾ ਹੈ ਜੋ ਆਪਣੇ ਕੰਮ ਨਾਲ ਨਫ਼ਰਤ ਕਰਦੇ ਸਨ, ਜੋ ਆਸ-ਆਸ ਦੇ ਲੋਕਾਂ ਨਾਲ ਨਫ਼ਰਤ ਕਰਦੇ ਸਨ, ਅਤੇ ਜੋ ਅਜਿਹੇ ਲੋਕਾਂ ਨੂੰ ਸਜ਼ਾ ਦੇਣ ਵਿੱਚ ਪ੍ਰਸੰਨ ਹੁੰਦੇ ਸਨ ਜੋ ਮੁੜ ਕੇ ਮਾਰ ਨਹੀਂ ਸਕਦੇ ਸਨ। ਯਿਸੂ ਨੇ ਸਿਪਾਹੀ ਦੇ ਇਸ ਸਭ ਵਿਵਹਾਰ ਨੂੰ ਕ੍ਰੋਧ ਦੇ ਇੱਕ ਸ਼ਬਦ ਤੱਕ ਤੋਂ ਬਿਨਾਂ ਝੱਲਿਆ।
ਬਹੁਤ ਸਾਰੇ ਲੇਖ਼ਕਾਂ ਨੇ ਸਲੀਬੀਕਰਨ ਦਾ ਅਧਿਐਨ ਸਲੀਬ ਦੇ ਉੱਤੇ ਯਿਸੂ ਦੁਆਰਾ ਦਿੱਤੇ ਸੱਤ ਕਥਨਾਂ ਦੇ ਬਾਰੇ ਵੇਖਦੇ ਹੋਏ ਕੀਤਾ ਹੈ। ਕਿਸੇ ਵਿਅਕਤੀ ਦੇ ਆਖਰੀ ਸ਼ਬਦ ਦਰਸਾਉਂਦੇ ਹਨ ਕਿ ਉਸ ਵਿਅਕਤੀ ਦੇ ਲਈ ਕਿਹੜੀ ਗੱਲ ਜਰੂਰੀ ਹੈ। ਯਿਸੂ ਨੇ ਮੌਤ ਦਾ ਸਾਹਮਣਾ ਕਰਦੇ ਕੀ ਕਿਹਾ?
ਮਾਫੀ ਦੇ ਸ਼ਬਦ
ਜਿਵੇਂ ਹੀ ਉਨ੍ਹਾਂ ਨੇ ਕਿੱਲਾਂ ਦੇ ਨਾਲ ਉਸਨੂੰ ਸਲੀਬ ਤੇ ਚੜ੍ਹਾਇਆ, ਤਾਂ ਯਿਸੂ ਨੇ ਪ੍ਰਾਥਨਾ ਕੀਤੀ, “ਹੇ ਪਿਤਾ ਉਨ੍ਹਾਂ ਨੂੰ ਮਾਫ਼ ਕਰ ਕਿਉਂ ਜੋ ਓਹ ਨਹੀਂ ਜਾਣਦੇ ਭਈ ਕੀ ਕਰਦੇ ਹਨ” (ਲੂਕਾ 23:34)। ਉਹ ਅੰਤ ਤੱਕ, ਪਿਆਰ ਅਤੇ ਮਾਫੀ ਨੂੰ ਵਿਖਾਉਂਦਾ ਰਿਹਾ।
ਮੌਤ ਦੀ ਯੋਗਤਾ ਰੱਖਣ ਚੋਰ ਦੇ ਨਾਲ ਯਿਸੂ ਨੇ ਵਾਇਦਾ ਕੀਤਾ, “ਮੈਂ ਤੈਨੂੰ ਸੱਤ ਆਖਦਾ ਹਾਂ ਭਈ ਅੱਜ ਤੂੰ ਮੇਰੇ ਸੰਗ ਸੁਰਗ ਵਿੱਚ ਹੋਵੇਂਗਾ” (ਲੂਕਾ 23:43)।
ਦਯਾ ਦੇ ਸ਼ਬਦ
ਯਿਸੂ ਨੇ ਯੂਹੰਨਾ ਨੂੰ ਉਸਦੀ ਮਾਤਾ ਦੀ ਦੇਖਭਾਲ ਕਰਨ ਦਾ ਹੁਕਮ ਦਿੱਤਾ ਜਦੋਂ ਉਸਨੇ ਕਿਹਾ, “ਹੇ ਬੀਬੀ ਜੀ, ਔਹ ਵੇਖ ਤੇਰਾ ਪੁੱਤ੍ਰ!” ਅਤੇ ਯੂਹੰਨਾ ਨੂੰ ਕਿਹਾ, “ਔਹ ਵੇਖ ਤੇਰੀ ਮਾਤਾ!” (ਯੂਹੰਨਾ 19:26-27) ਪਹਿਲਾਂ ਯਿਸੂ ਨੇ ਸਿਖਾਇਆ ਸੀ ਕਿ ਡੂੰਘੇ ਪਰਿਵਾਰਿਕ ਸੰਬੰਧ ਆਤਮਿਕ ਹੁੰਦੇ ਹਨ। “ਵੇਖੋ ਮੇਰੀ ਮਾਤਾ ਅਤੇ ਮੇਰੇ ਭਰਾ! ਕਿਉਂਕਿ ਜੋ ਕੋਈ ਮੇਰੇ ਸੁਰਗੀ ਪਿਤਾ ਦੀ ਮਰਜੀ ਉੱਤੇ ਚੱਲਦਾ ਹੈ ਸੋਈ ਮੇਰਾ ਭਰਾ ਅਤੇ ਭੈਣ ਅਤੇ ਮਾਤਾ ਹੈ” (ਮੱਤੀ 12:49-50)।
ਯਿਸੂ ਦੀ ਮੌਤ ਦੇ ਸਮੇਂ ਉਸਦੇ ਚਚੇਰੇ ਭਾਈ ਅਵਿਸ਼ਵਾਸੀ ਸਨ; ਉਹ ਆਤਮਿਕ ਪਰਿਵਾਰ ਦਾ ਹਿੱਸਾ ਨਹੀਂ ਸਨ। ਇਸ ਕਾਰਨ ਯਿਸੂ ਨੇ ਆਪਣੀ ਮਾਂ ਦੀ ਦੇਖਭਾਲ ਦੀ ਜਿੰਮੇਵਾਰੀ ਆਪਣੇ ਆਤਮਿਕ ਭਰਾ ਨੂੰ ਦਿੱਤੀ, ਜੋ ਯੂਹੰਨਾ ਪਿਆਰਾ ਚੇਲ੍ਹਾ ਸੀ।
ਸਰੀਰਕ ਕਸ਼ਟ ਦੇ ਸ਼ਬਦ
ਪਰਮੇਸ਼ੁਰ ਦਾ ਪੁੱਤਰ ਹੋਣ ਦੇ ਕਾਰਨ ਯਿਸੂ ਸਲੀਬ ਦੇ ਉੱਤੇ ਆਪਣੇ ਸਰੀਰਕ ਦੁੱਖਾਂ ਤੋਂ ਵਾਂਝਾ ਨਹੀਂ ਰਿਹਾ। ਉਸਨੇ ਕਿਸੇ ਸਜ਼ਾ ਪਾਏ ਹੋਏ ਅਪਰਾਧੀ ਵਾਲੇ ਸਾਰੇ ਦੁੱਖਾਂ ਨੂੰ ਝੱਲਿਆ। ਸਖ਼ਤ ਗਰਮੀ ਦੇ ਵਿੱਚ ਕਈ ਘੰਟਿਆਂ ਦੇ ਬਾਅਦ, ਯਿਸੂ ਨੇ ਪੁਕਾਰਿਆ, “ਮੈਂ ਪਿਆਸਾ ਹਾਂ।” ਯੂਹੰਨਾ 19:28)
ਆਤਮਿਕ ਕਸ਼ਟ ਦੇ ਸ਼ਬਦ
ਮੱਤੀ ਅਤੇ ਮਰਕੁਸ ਨੇ ਸਲੀਬ ਦੇ ਉੱਤੇ ਯਿਸੂ ਦੁਆਰਾ ਬੋਲੇ ਸਭ ਤੋਂ ਜਿਆਦਾ ਦਿਲ ਤੋੜ ਦੇਣ ਵਾਲੇ ਸ਼ਬਦਾਂ ਨੂੰ ਦਰਜ ਕੀਤਾ ਹੈ: “ਹੇ ਮੇਰੇ ਪਰਮੇਸ਼ੁਰ, ਹੇ ਮੇਰੇ ਪਰਮੇਸ਼ੁਰ, ਤੈਂ ਮੈਨੂੰ ਕਿਉਂ ਛੱਡ ਦਿੱਤਾ?” (ਮੱਤੀ 27:46 ਅਤੇ ਮਰਕੁਸ 15:34, ਜ਼ਬੂਰ 22:1 ਦਾ ਹਵਾਲਾ)।
ਆਪਣੀ ਮਨੁੱਖਤਾ ਦੇ ਵਿੱਚ, ਯਿਸੂ ਨੇ ਉਸੇ ਤਿਆਗ ਨੂੰ ਮਹਿਸੂਸ ਕੀਤਾ ਜੋ ਦਾਊਦ ਨੇ ਮਹਿਸੂਸ ਕੀਤਾ ਸੀ। ਜਿਵੇਂ ਲੋਕਾਂ ਨੇ ਦਾਊਦ ਦਾ ਮਖ਼ੌਲ ਉਡਾਇਆ ਸੀ ਅਤੇ ਆਪਣੇ ਸਿਰ ਹਿਲਾਏ ਸਨ (ਜ਼ਬੂਰ 22:7), ਉਸੇ ਪ੍ਰਕਾਰ ਉਨ੍ਹਾਂ ਨੇ ਯਿਸੂ ਦਾ ਅਪਮਾਨ ਕੀਤਾ ਅਤੇ ਆਪਣੇ ਸਿਰ ਹਿਲਾਏ (ਮੱਤੀ 27:39)। ਅਤੇ ਜਿਵੇਂ ਉਸ ਸਮੇਂ ਦਾਊਦ ਨੇ ਭਾਵਨਾਤਮਕ ਰੂਪ ਵਿੱਚ ਮਹਿਸੂਸ ਕੀਤਾ ਕਿ ਪਰਮੇਸ਼ੁਰ ਨੇ ਉਸਨੂੰ ਤਿਆਗ ਦਿੱਤਾ ਹੈ, ਯਿਸੂ ਨੇ ਪੁਕਾਰ ਕੇ ਆਖਿਆ, “ਹੇ ਮੇਰੇ ਪਰਮੇਸ਼ੁਰ, ਹੇ ਮੇਰੇ ਪਰਮੇਸ਼ੁਰ, ਤੈਂ ਮੈਨੂੰ ਕਿਉਂ ਛੱਡ ਦਿੱਤਾ?” (ਮੱਤੀ 27:46)।
ਪਰ ਫਿਰ ਵੀ, ਦਾਊਦ ਨੇ ਵੇਖਿਆ ਕਿ ਅਸਲ ਦੇ ਵਿੱਚ ਪਰਮੇਸ਼ੁਰ ਨੇ ਉਸਨੂੰ ਤਿਆਗਿਆ ਨਹੀਂ ਸੀ। ਬਾਅਦ ਦੇ ਵਿੱਚ, ਦਾਊਦ ਨੇ ਗਵਾਹੀ ਦਿੱਤੀ,"ਕਿਉਂ ਜੋ ਉਹ ਨੇ ਦੁਖੀਏ ਦੇ ਦੁਖ ਨੂੰ ਤੁੱਛ ਨਾ ਜਾਣਿਆ ਨਾ ਉਸ ਤੋਂ ਘਿਣ ਕੀਤੀ, ਅਤੇ ਨਾ ਉਸ ਤੋਂ ਆਪਣਾ ਮੂੰਹ ਛਿਪਾਇਆ, ਸਗੋਂ ਜਦ ਉਸ ਨੇ ਉਹ ਦੀ ਦੁਹਾਈ ਦਿੱਤੀ ਤਾਂ ਉਹ ਨੇ ਸੁਣਿਆ।” (ਜ਼ਬੂਰ 22:24)।
ਇਸੇ ਪ੍ਰਕਾਰ ਯਿਸੂ ਨੇ ਵੇਖਿਆ ਕਿ ਪਰਮੇਸ਼ੁਰ ਨੇ ਉਸਨੂੰ ਤਿਆਗਿਆ ਨਹੀਂ ਸੀ। ਸਲੀਬ ਦੇ ਉੱਤੇ ਯਿਸੂ ਦੇ ਅੱਗਲੇ ਸ਼ਬਦ ਉਸਦੇ ਪਿਤਾ ਦੇ ਅੱਗੇ ਹੀ ਇੱਕ ਪੁਕਾਰ ਸੀ। ਯਿਸੂ ਨੇ ਇਹ ਜਾਣਦੇ ਹੋਏ ਪ੍ਰਾਥਨਾ ਕੀਤੀ ਕਿ ਉਸਦੇ ਪਿਤਾ ਨੇ ਉਸਨੂੰ ਤਿਆਗਿਆ ਨਹੀਂ ਸੀ, “ਹੇ ਪਿਤਾ ਮੈਂ ਆਪਣਾ ਆਤਮਾ ਤੇਰੇ ਹੱਥੀਂ ਸੌਂਪਦਾ ਹਾਂ” (ਲੂਕਾ 23:46)।
ਆਪਣੀ ਮਨੁੱਖਤਾ ਦੇ ਵਿੱਚ, ਯਿਸੂ ਨੇ ਉਸੇ ਪ੍ਰਕਾਰ ਦੇ ਇਕੱਲੇਪਨ ਦਾ ਅਨੁਭਵ ਕੀਤਾ ਜਿਵੇਂ ਅਸੀਂ ਉਸ ਸਮੇਂ ਕਰਦੇ ਹਾਂ ਜਦੋਂ ਸਾਨੂੰ ਜਾਪਦਾ ਹੈ ਕਿ ਪਰਮੇਸ਼ੁਰ ਸਾਡੀਆਂ ਪ੍ਰਾਥਨਾਵਾਂ ਨੂੰ ਨਹੀਂ ਸੁਣਦਾ। ਪਰ ਯਿਸੂ ਨੇ ਇਸ ਅਸਲੀਅਤ ਦਾ ਵੀ ਅਨੁਭਵ ਕੀਤਾ ਕਿ ਸਾਡਾ ਸਵਰਗੀ ਪਿਤਾ ਕਦੇ ਆਪਣੇ ਬੱਚਿਆਂ ਨੂੰ ਤਿਆਗਦਾ ਨਹੀਂ ਹੈ। ਜਦੋਂ ਅਸੀਂ ਉਸਦੀ ਹਜ਼ੂਰੀ ਨੂੰ ਮਹਿਸੂਸ ਨਹੀਂ ਕਰਦੇ, ਉਸ ਸਮੇਂ ਵੀ ਅਸੀਂ ਇਹ ਜਾਣਦੇ ਹੋਏ ਉਸਦੇ ਅੱਗੇ ਪੁਕਾਰ ਸਕਦੇ ਹਾਂ, ਕਿ ਉਹ ਸਾਡੀ ਸੁਣਦਾ ਹੈ।
ਤਿਆਗ ਦੇ ਸ਼ਬਦ
“ਹੇ ਪਿਤਾ ਮੈਂ ਆਪਣਾ ਆਤਮਾ ਤੇਰੇ ਹੱਥੀਂ ਸੌਂਪਦਾ ਹਾਂ” (ਲੂਕਾ 23:46)। ਆਪਣੇ ਸਾਰੇ ਜੀਵਨ ਦੇ ਦੌਰਾਨ, ਯਿਸੂ ਪਿਤਾ ਦੀ ਅਧੀਨਗੀ ਦੇ ਵਿੱਚ ਬਣਿਆ ਰਿਹਾ। ਸਲੀਬ ਦਾ ਸਾਹਮਣਾ ਕਰਦੇ ਹੋਏ, ਉਸਨੇ ਪ੍ਰਾਥਨਾ ਕੀਤੀ, “ਪਰ ਉਹ ਨਾ ਹੋਵੇ ਜੋ ਮੈਂ ਚਾਹੁੰਦਾ ਹਾਂ ਪਰ ਉਹੋ ਜੋ ਤੂੰ ਚਾਹੁੰਦਾ ਹੈਂ” (ਮੱਤੀ 26:39)। ਹੁਣ ਉਸਨੇ ਪਿਤਾ ਦੀ ਮਰਜ਼ੀ ਦੇ ਅੱਗੇ ਅਧੀਨਤਾ ਦਾ ਇਹ ਅੰਤਿਮ ਕਥਨ ਕਿਹਾ।
ਜਿੱਤ ਦੇ ਸ਼ਬਦ
“ਪੂਰਾ ਹੋਇਆ” (ਯੂਹੰਨਾ 19:30)। ਜਿੱਤ ਦੀ ਇਸ ਪੁਕਾਰ ਦੇ ਨਾਲ, ਯਿਸੂ ਨੇ ਘੋਸ਼ਨਾ ਕੀਤੀ ਕਿ ਉਸਨੇ ਉਹ ਕੰਮ ਪੂਰਾ ਕਰ ਦਿੱਤਾ ਜੋ ਪਿਤਾ ਨੇ ਉਸਨੂੰ ਕਰਨ ਦੇ ਲਈ ਘੱਲਿਆ ਸੀ। ਪਾਪ ਦੀ ਕੀਮਤ ਅਦਾ ਕਰ ਦਿੱਤੀ ਗਈ ਸੀ; ਸ਼ੈਤਾਨ ਹਾਰ ਚੁੱਕਾ ਸੀ। ਉਹ ਪ੍ਰਾਸਚਿੱਤ ਜਿਸਦੀ ਝਲਕ ਪੁਰਾਣੇ ਨੇਮ ਦੇ ਲੇਲਿਆਂ ਵਿੱਚ ਵਿਖਦੀ ਸੀ ਅਤੇ ਜਿਸਦਾ ਵਾਇਦਾ ਯਸਾਯਾਹ 53 ਵਿੱਚ ਕੀਤਾ ਗਿਆ ਸੀ ਹੁਣ ਪੂਰਾ ਹੋ ਚੁੱਕਾ ਸੀ।
ਸਲੀਬ ਤੇ ਉੱਤੇ, ਉਹ ਨੇ ਉਸ ਨੂੰ ਜਿਹੜਾ ਪਾਪ ਦਾ ਜਾਣੂ ਨਹੀਂ ਸੀ ਸਾਡੀ ਖ਼ਾਤਰ ਪਾਪ ਠਹਿਰਾਇਆ ਤਾਂ ਜੋ ਅਸੀਂ ਉਸ ਵਿੱਚ ਹੋ ਕੇ ਪਰਮੇਸ਼ੁਰ ਦਾ ਧਰਮ ਬਣੀਏ। (੨ ਕੁਰਿੰਥੀਆਂ ਨੂੰ 5:21)। ਯਸਾਯਾਹ 53 ਦੇ ਵਿੱਚ, ਨਬੀ ਨੇ ਉਸ ਦੁਖਿਆਰੇ ਦਾਸ ਦੀ ਗੱਲ ਕੀਤੀ ਜਿਸਨੇ ਸਾਡੇ ਪਾਪ ਉਠਾ ਲਏ (ਯਸਾਯਾਹ 53:4-12)। ਪੌਲੁਸ ਵਿਖਾਉਂਦਾ ਹੈ ਕਿ ਕਿਸੇ ਹੋਰ ਦੇ ਸਥਾਨ ਤੇ ਕੀਤੇ ਜਾਣ ਵਾਲਾ ਪ੍ਰਾਸਚਿਤ ਸਲੀਬ ਤੇ ਪੂਰਾ ਹੋਇਆ।
ਯਿਸੂ ਸਾਡੀ ਖ਼ਾਤਰ ਪਾਪ ਠਹਿਰਾਇਆ ਤਾਂ ਜੋ ਅਸੀਂ ਉਸ ਵਿੱਚ ਹੋ ਕੇ ਪਰਮੇਸ਼ੁਰ ਦਾ ਧਰਮ ਬਣੀਏ (੨ ਕੁਰਿੰਥੀਆਂ ਨੂੰ 5:21)। ਅਸੀਂ ਅੱਗੇ ਤੋਂ ਪਾਪ ਦੇ ਬੰਧਨ ਵਿੱਚ ਨਹੀਂ ਰਹਿੰਦੇ; ਮਸੀਹ ਦੀ ਮੌਤ ਦੇ ਦੁਆਰਾ, ਅਸੀਂ ਧਰਮੀ ਬਣਾ ਦਿੱਤੇ ਗਏ ਹਾਂ। ਪੌਲੁਸ ਸਾਧਾਰਨ ਤੌਰ ਤੇ ਇਹ ਨਹੀਂ ਕਹਿੰਦਾ ਕਿ ਉਸਦੇ ਵਿੱਚ ਸਾਨੂੰ ਧਰਮੀ ਕਿਹਾ ਜਾਂਦਾ ਹੈ। ਸਗੋਂ, ਉਸਦੇ ਵਿੱਚ ਅਸੀਂ ਪਰਮੇਸ਼ੁਰ ਦਾ ਧਰਮ ਬਣ ਗਏ ਹਾਂ। ਮਸੀਹ ਦੇ ਸਲੀਬ ਤੇ ਕੀਤੇ ਕੰਮ ਦੇ ਦੁਆਰਾ, ਇੱਕ ਅਸਲ ਪਰਿਵਰਤਨ ਆਉਂਦਾ ਹੈ। ਮਸੀਹ ਪਾਪ ਬਣ ਗਿਆ ਤਾਂ ਕਿ ਅਸੀਂ ਧਰਮੀ ਬਣ ਜਾਈਏ।
[1] ਯਿਸੂ ਨੇ ਆਪਣੀ ਈਸ਼ਵਰਤਾਈ ਦੇ ਵਿੱਚ ਮਨੁੱਖੀ ਦੁੱਖਾਂ ਤੋਂ ਛੁਟਕਾਰੇ ਦੀ ਭਾਲ ਨਹੀਂ ਕੀਤੀ; ਉਸਨੇ ਪ੍ਰਾਥਨਾ ਦਾ ਆਸਰਾ ਲਿਆ।”
- ਟੀ.ਬੀ ਕਿਲਪੈਟਰਿਕ ਦਾ ਹਵਾਲਾ
[2] ਯੂਹੰਨਾ 18:3 ਇਸ ਸਮੂਹ ਨੂੰ ਇੱਕ “ਜਥੇ” ਜਾਂ ਸੈਨਿਕਾਂ ਦੀ ਟੁਕੜੀ ਵੱਜੋਂ ਦੱਸਦਾ ਹੈ। ਇੱਕ ਰੋਮੀ ਸੈਨਿਕ ਟੁਕੜੀ ਵਿੱਚ ਅਕਸਰ 600 ਪੁਰਸ਼ ਹੁੰਦੇ ਸਨ।
[3] ਇਸਦਾ ਹਵਾਲਾ John Stott,
The Message of Romans (Westmont, Illinois: InterVarsity Press, 1994), 255 ਤੋਂ ਲਿਆ ਗਿਆ ਹੈ।
[4] ਪਸਾਹ ਦੇ ਹਫ਼ਤੇ ਦੌਰਾਨ, ਪੈਲੇਸਟਾਈਨ ਦੇ ਵਿੱਚ ਮੌਜੂਦ ਹਰੇਕ ਰੋਮੀ ਅਧਿਕਾਰੀ ਯਰੂਸ਼ਲਮ ਆ ਜਾਂਦਾ ਸੀ ਤਾਂ ਕਿ ਉਹ ਬਗਾਵਤ ਵਰਗੀ ਸਥਿਤੀ ਦੇ ਵਿੱਚ ਸਹਾਇਤਾ ਕਰ ਸਕਣ।
Previous
Next